ਈਟਾਨਗਰ-ਅੱਜ ਇੱਥੇ ਨਵੇਂ ਡੋਨੀ ਪੋਲੋ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ। ਇਹ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਤੋਂ ਕਰੀਬ 15 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਇਹ ਹਵਾਈ ਅੱਡਾ ਇਸ ਸਰਹੱਦੀ ਰਾਜ ਨੂੰ ਵਪਾਰਕ ਉਡਾਣਾਂ ਰਾਹੀਂ ਦੇਸ਼ ਦੇ ਹੋਰ ਸ਼ਹਿਰਾਂ ਨਾਲ ਅਤੇ ਅਰੁਣਾਚਲ ਪ੍ਰਦੇਸ਼ ਦੇ ਹੋਰ ਹਿੱਸਿਆਂ ਨੂੰ ਹੈਲੀਕਾਪਟਰ ਸੇਵਾਵਾਂ ਦੇ ਮਾਧਿਅਮ ਨਾਲ ਜੋੜੇਗਾ। ਹਵਾਈ ਅੱਡੇ ਦਾ ਨੀਂਹ ਪੱਥਰ ਪੀ.ਐੱਮ. ਮੋਦੀ ਨੇ ਫਰਵਰੀ 2019 ’ਚ ਰੱਖਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਅਰੁਣਾਚਲ ਪ੍ਰਦੇਸ਼ ਸੂਬੇ ਦੇ ਪੱਛਮੀ ਕਾਮੇਂਗ ਜ਼ਿਲ੍ਹੇ ’ਚ 600 ਮੈਗਾਵਾਟ ਦੀ ਕਾਮੇਂਗ ਹਾਈਡਰੋਇਲੈਕਟ੍ਰਿਕ ਪ੍ਰਾਜੈਕਟ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਕਾਮੇਂਗ ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ ਨੂੰ 80 ਵਰਗ ਕਿਲੋਮੀਟਰ ਤੋਂ ਵੱਧ ਖੇਤਰ ’ਚ 8,450 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਨਾਲ ਅਰੁਣਾਚਲ ਪ੍ਰਦੇਸ਼ ਦੇ ਬਿਜਲੀ ਸਰਪਲੱਸ ਵਾਲਾ ਰਾਜ ਬਣਨ ਅਤੇ ਸਥਿਰਤਾ ਤੇ ਏਕੀਕਰਣ ਦੇ ਮਾਮਲੇ ’ਚ ਰਾਸ਼ਟਰੀ ਗਰਿੱਡ ਦਾ ਲਾਭ ਹੋਣ ਦੀ ਉਮੀਦ ਹੈ।
ਪੀ.ਐੱਮ. ਮੋਦੀ ਨੇ ਹਵਾਈ ਅੱਡੇ ’ਤੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਸੰਪਰਕ ਅਤੇ ਊਰਜਾ ਬੁਨਿਆਦੀ ਢਾਂਚਾ ਪੂਰਬ-ਉੱਤਰ ਖੇਤਰ ਲਈ ਵਿਕਾਸ ਦੀ ਇਕ ਨਵੀਂ ਸਵੇਰ ਲਿਆਏਗਾ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੇ ਵਿਕਾਸ ਲਈ 365 ਦਿਨ, 7 ਦਿਨ ਅਤੇ 24 ਘੰਟੇ ਕੰਮ ਕਰਦੀ ਹੈ। ਉਨ੍ਹਾਂ ਕਿਹਾ, ‘‘ਰਾਜਨੀਤਕ ਟਿੱਪਣੀ ਕਰਨ ਵਾਲਿਆਂ ਨੇ (2019 ’ਚ) ਦਾਅਵਾ ਕੀਤਾ ਸੀ ਕਿ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਣਾ ਇਕ ਚੋਣ ਹੱਥਕੰਡਾ ਹੈ। ਹਾਲਾਂਕਿ ਅੱਜ ਜਦੋਂ ਕੋਈ ਚੋਣ ਨਹੀਂ ਹੋਣੀ ਹੈ ਤਾਂ ਅਸੀਂ ਇਸ ਹਵਾਈ ਅੱਡੇ ਦੀ ਸ਼ੁਰੂਆਤ ਕਰ ਰਹੇ ਹਾਂ।’’ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਇਹ ਖੇਤਰ ਦੇ ਕਰੀਬ 20 ਲੱਖ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਅਤੇ ਸੰਪਰਕ, ਵਪਾਰ ਤੇ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ’ਚ ਮਦਦ ਕਰੇਗਾ। ਮੋਦੀ ਨੇ ਕਿਹਾ, ‘‘ਮੈਂ ਸਾਰਾ ਦਿਨ ਕੰਮ ਕਰਦਾ ਹਾਂ ਤਾਂ ਕਿ ਦੇਸ਼ ਅੱਗੇ ਵਧੇ। ਅਸੀਂ ਚੋਣ ’ਚ ਫ਼ਾਇਦਾ ਉਠਾਉਣ ਲਈ ਕੰਮ ਨਹੀਂ ਕਰਦੇ। ਅੱਜ ਸਵੇਰੇ ਮੈਂ ਅਰੁਣਾਚਲ ਪ੍ਰਦੇਸ਼ ’ਚ ਹਾਂ ਅਤੇ ਸ਼ਾਮ ਨੂੰ ਦੇਸ਼ ਦੇ ਦੂਜੇ ਕੋਨੇ ’ਚ ਸਥਿਤ ਗੁਜਰਾਤ ’ਚ ਰਹਾਂਗਾ। ਇਸ ਵਿਚ, ਮੈਂ ਵਾਰਾਣਸੀ ’ਚ ਵੀ ਰਹਾਂਗਾ।’’ ਉਨ੍ਹਾਂ ਨੇ ਕੇਂਦਰ ਸਰਕਾਰ ਦੀ ਖੇਤਰੀ ਸੰਪਰਕ ਯੋਜਨਾ ‘ਉਡਾਣ’ ’ਤੇ ਇਕ ਕੌਫੀ-ਟੇਬਲ ਬੁੱਕ ਵੀ ਜਾਰੀ ਕੀਤੀ।
Comment here