ਸਿਆਸਤਵਿਸ਼ੇਸ਼ ਲੇਖ

ਪੀਐੱਮ ਮੋਦੀ ਨੂੰ “ਕੌਮੀ ਸੇਵਾ ਐਵਾਰਡ’’ ਨਾਲ ਸਨਮਾਨਿਤ ਕਰਨਾ ਮਾਣ ਵਾਲੀ ਗੱਲ

ਪ੍ਧਾਨ ਮੰਤਰੀ ਨਰਿੰਦਰ ਮੋਦੀ ਜੀ ਇਕ ਅਜਿਹੀ ਸ਼ਖ਼ਸੀਅਤ ਹਨ ਜੋ ਸਿਰ ’ਤੇ ਦਸਤਾਰ ਸਜਾਉਣ, ਸਿੱਖ ਕੌਮ ਦੀ ਮਦਦ ਕਰਨ, ਪੰਜਾਬ ਦੇ ਮਸਲੇ ਹੱਲ ਕਰਨ ਅਤੇ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ’ਚ ਮਾਣ ਮਹਿਸੂਸ ਕਰਦੇ ਹਨ। ਉਹ ਆਪ ਵੀ ਸਿੱਖੀ ਨਾਲ ਡੂੰਘੇ ਪ੍ਰੇਮ ਅਤੇ ਗੁਰੂ ਚਰਨਾਂ ਪ੍ਰਤੀ ਅਥਾਹ ਸ਼ਰਧਾ ਵਿਚ ਓਤ-ਪੋਤ ਹਨ। ਇਹ ਸ਼ਾਇਦ ਪਹਿਲੀ ਵਾਰ ਹੋਵੇ ਕਿ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਨੂੰ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਕੌਮੀ ਸੇਵਾ ਐਵਾਰਡ’ ਸਨਮਾਨ ਨਾਲ ਨਿਵਾਜਿਆ ਗਿਆ ਹੋਵੇ। ਇਸ ਕੌਮੀ ਸੇਵਾ ਐਵਾਰਡ 9 ਨਵੰਬਰ 2019 ਦੀ ਲਿਖਤ ਹੀ ਇਹ ਗਵਾਹੀ ਭਰਦੀ ਹੈ ਕਿ ਮੋਦੀ ਸਾਹਿਬ ਨੇ ਕੀ ਸੇਵਾ ਸਿੱਖ ਕੌਮ ਦੀ ਕੀਤੀ। ‘ਸੱਚੇ ਪਾਤਿਸ਼ਾਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ’ਤੇ ਸਿੱਖ ਕੌਮ ਉੱਤੇ ਅਕਾਲ ਪੁਰਖ ਅਤੇ ਮਹਾਨ ਗੁਰੂ ਸਾਹਿਬਾਨ ਦੀ ਮਹਾਨ ਬਖਸ਼ਿਸ਼ ਹੋਈ ਹੈ ਕਿ ਇਸ ਇਤਿਹਾਸਿਕ ਅਵਸਰ ਉੱਤੇ ਸਿੱਖ ਕੌਮ ਤੋਂ ਵਿਛੋੜੇ ਗਏ ਪਾਵਨ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਲਈ ਦੁਨੀਆ ਦੇ ਕੋਨੇ-ਕੋਨੇ ਵਿਚ ਸਮੂਹ ਸੰਗਤਾਂ ਵੱਲੋਂ ਦਹਾਕਿਆਂ ਤੋਂ ਨਿੱਤਨੇਮ ਕੀਤੀ ਜਾਂਦੀ ਅਰਦਾਸ ਅਕਾਲ ਪੁਰਖ ਦੀ ਦਰਗਾਹ ’ਚ ਕਬੂਲ ਹੋ ਰਹੀ ਹੈ। ਇਸ ਦੇ ਸਿੱਟੇ ਵਜੋਂ ਪਹਿਲੇ ਕਦਮ ਦੇ ਰੂਪ ਵਿਚ, ਡੇਰਾ ਬਾਬਾ ਨਾਨਕ ਸਾਹਿਬ ਤੇ ਗੁ. ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ’ਚ ਸਥਿਤ ਗੁਰੂ ਨਾਨਕ ਪਾਤਿਸ਼ਾਹ ਦੇ ਜੀਵਨ ਨਾਲ ਸਬੰਧਤ ਗੁਰਧਾਮਾਂ ਨੂੰ ਆਪਸ ’ਚ ਜੋੜਨ ਵਾਲਾ ਲਾਂਘਾ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ।
ਸਤਿਗੁਰ ਸੱਚੇ ਪਾਤਿਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਸਿੱਖ ਸੰਗਤਾਂ ਨੂੰ ਇਸ ਤੋਂ ਵੱਡੀ ਰੱਬੀ ਦਾਤ ਹੋਰ ਕੀ ਮਿਲ ਸਕਦੀ ਸੀ ਕਿ ਦੇਸ਼ ਦਾ ਕੋਈ ਮੁਖੀਆ ਮਸੀਹਾ ਬਣ ਕੇ ਸਿੱਖ ਜਗਤ ਦੀ ਇਸ ਸੱਧਰ ਦੀ ਪੂਰਤੀ ਲਈ ਸਿਆਸੀ, ਪ੍ਰਸ਼ਾਸਨਿਕ ਅਤੇ ਕੂਟਨੀਤਕ ਦਲੇਰੀ ਦਾ ਮੁਜ਼ਾਹਰਾ ਕਰੇ। ਇਹ ਗੁਰੂ ਦੀ ਮਿਹਰ ਸਦਕਾ ਹੀ ਹੋ ਸਕਦਾ ਹੈ ਕਿ ਆਸਥਾ, ਵਿਸ਼ਵਾਸ ਤੇ ਮਾਨਵਤਾ ਲਈ ਪ੍ਰੇਮ ਵਾਲੇ ਇਸ ਲਾਂਘੇ ਨੂੰ ਖੁੱਲ੍ਹਵਾਉਣ ਦੀ ਖੁਸ਼ੀ ਦੀ ਬਖ਼ਸ਼ਿਸ਼ ਕਿਸੇ ਅਜਿਹੇ ਪ੍ਰਾਣੀ ਨੂੰ ਹੀ ਨਸੀਬ ਹੋਵੇ ਜੋ ਆਪ ਵੀ ਸਿੱਖੀ ਨਾਲ ਡੂੰਘੇ ਪ੍ਰੇਮ ਅਤੇ ਗੁਰੂ ਚਰਨਾਂ ਪ੍ਰਤੀ ਅਥਾਹ ਸ਼ਰਧਾ ’ਚ ਓਤ-ਪੋਤ ਹੋਵੇ। ਇਸ ਦੀ ਸ਼ਰਧਾ ਦੀ ਮਿਸਾਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਗੁਰੂ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ’ਚ ਪਾਏ ਜਾ ਰਹੇ ਬੇਮਿਸਾਲ ਯੋਗਦਾਨ, ਗੁ. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਸ਼ੁਰੂ ਕਰਨ ਅਤੇ ਗੁਰੂ ਸਾਹਿਬ ਦੀ ਮੁੱਢਲੀ ਕਰਮ ਭੂਮੀ ਸੁਲਤਾਨਪੁਰ ਲੋਧੀ ਨੂੰ ਅਤਿ-ਆਧੁਨਿਕ ਸਮਾਰਟ ਸਿਟੀ ਬਣਾਉਣ ਸਮੇਤ ਸਿੱਖ ਕੌਮ ਨਾਲ ਸਬੰਧਤ ਚਿਰਾਂ ਤੋਂ ਲਟਕਦੇ ਦੁਖਦਾਈ ਮਸਲਿਆਂ ਨੂੰ ਹੱਲ ਕਰਨ ਲਈ ਚੁੱਕੇ ਕਈ ਕਦਮਾਂ ਤੋਂ ਮਿਲਦੀ ਹੈ। ਸਮੂਹ ਸਿੱਖ ਜਗਤ ਦੀ ਇਹ ਤੀਬਰ ਇੱਛਾ ਅਤੇ ਅਰਦਾਸ ਰਹੇਗੀ ਕਿ ਸ਼੍ਰੀ ਨਰਿੰਦਰ ਮੋਦੀ ਜੀ ਹਮੇਸ਼ਾ ਸਿੱਖ ਕੌਮ ਦੇ ਪਿਆਰ, ਸਤਿਕਾਰ ਅਤੇ ਵਿਸ਼ਵਾਸ ਦਾ ਪਾਤਰ ਬਣੇ ਰਹਿਣ।
ਬੀਤੇ ਸਮੇਂ ’ਚ ਗੁ. ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦੇ ਰਾਹ ’ਚ ਉਨ੍ਹਾਂ ਸ਼ਕਤੀਆਂ ਵੱਲੋਂ ਹੀ ਅਦਿੱਖ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਸਨ, ਜੋ ਕਿ ਉਪਰੀ ਲੋਕ-ਦਿਖਾਵੇ ਵਾਸਤੇ ਇਸ ਲਾਂਘੇ ਦੇ ਹੱਕ ਦੀ ਗੱਲ ਕਰਦੀਆਂ ਆਈਆਂ ਹਨ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੋਵੇਂ ਦੇਸ਼ਾਂ ਦਰਮਿਆਨ ਚੱਲ ਰਹੇ ਤਣਾਅ ਅਤੇ ਕਈ ਹੋਰ ਅਣਸੁਖਾਵੇਂ ਪਹਿਲੂਆਂ ਨੂੰ ਦਲੇਰੀ ਨਾਲ ਦਰ-ਕਿਨਾਰ ਕਰ ਕੇ ਸਿੱਖ ਕੌਮ ਦੇ ਮਨਾਂ ਅੰਦਰ ਆਪਣੇ ਪਾਵਨ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਦੀ ਸੱਧਰ ਨੂੰ ਪੂਰਾ ਕਰਨ ਨੂੰ ਤਰਜੀਹ ਦਿੱਤੀ। ਇਸ ਲਾਂਘੇ ਨੂੰ ਸ਼ੁਰੂ ਕਰਕੇ ਉਨ੍ਹਾਂ ਨੇ ਇਸ ਮਹਾਨ ਪ੍ਰਕਾਸ਼ ਪੁਰਬ ਉੱਤੇ ਸਿੱਖ ਕੌਮ ਨੂੰ ਜੋ ਦਿਲ ਟੁੰਬਵਾਂ ਤੋਹਫ਼ਾ ਦਿੱਤਾ ਹੈ, ਉਸ ਲਈ ਸਮੁੱਚਾ ਖ਼ਾਲਸਾ ਪੰਥ ਉਨ੍ਹਾਂ ਦਾ ਕੋਟਿਨ-ਕੋਟਿ ਧੰਨਵਾਦ ਕਰਦਾ ਹੈ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸਿੱਖ ਕੌਮ ਪ੍ਰਤੀ ਸਨੇਹ ਤੇ ਸਤਿਕਾਰ ਅਤੇ ਮਹਾਨ ਗੁਰੂ ਸਾਹਿਬਾਨ ਪ੍ਰਤੀ ਅਥਾਹ ਸ਼ਰਧਾ ਪ੍ਰਗਟ ਕਰਨ ਲਈ ਸਾਡੇ ਵਿਚ ਬਿਰਾਜਮਾਨ ਹਨ। ਉਨ੍ਹਾਂ ਨੇ 2014 ’ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਿਆਂ ਸਾਰ ਹੀ ਤੁਰੰਤ ਠੋਸ ਫ਼ੈਸਲੇ ਲੈ ਕੇ 1984 ਵਿਚ ਸਿੱਖ ਕੌਮ ਉਤੇ ਵਾਪਰੇ ਮਹਾਂ-ਦੁਖਾਂਤ ਅਤੇ ਸ਼ਰਮਨਾਕ ਪਾਪ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਸ਼ਿਕੰਜੇ ’ਚ ਲਿਆ ਕੇ ਸਜ਼ਾਵਾਂ ਦੁਆਉਣ ਦਾ ਅਮਲ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਸਿੱਟੇ ਵਜੋਂ ਸਿਆਸੀ ਸਰਪ੍ਰਸਤੀ ਵਾਲੇ ਵੱਡੇ ਹੱਤਿਆਰਿਆ ਸਮੇਤ ਕਈ ਕਾਤਲ ਜੇਲ ਦੀਆਂ ਸੀਖਾਂ ਪਿੱਛੇ ਸੁੱਟੇ ਗਏ ਤੇ ਕਈ ਹੋਰ ਕਾਨੂੰਨ ਦੀ ਗ੍ਰਿਫ਼ਤ ਹੇਠ ਆ ਰਹੇ ਹਨ। ਇਸ ਤੋਂ ਇਲਾਵਾ, ਮੋਦੀ ਸਰਕਾਰ ਵੱਲੋਂ ਹਰ ਪੀੜਤ ਪਰਿਵਾਰ, ਜਿਨ੍ਹਾਂ ਦੀ ਗਿਣਤੀ ਕੋਈ ਸਾਢੇ ਤਿੰਨ ਹਜ਼ਾਰ ਹੈ, ਨੂੰ 5-5 ਲੱਖ ਰੁਪਏ ਦੀ ਰਾਹਤ ਦਿੱਤੀ ਗਈ ਹੈ।
ਪਿਛਲੀਆਂ ਕੁਝ ਸਰਕਾਰਾਂ ਦੌਰਾਨ, ਪੰਜਾਬ ਦੇ ਕਾਲੇ ਦਿਨਾਂ ਦੀ ਆੜ ਹੇਠ ਵਿਦੇਸ਼ਾਂ ਵਿਚ ਹਜ਼ਾਰਾਂ ਪ੍ਰਵਾਸੀ ਸਿੱਖ ਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਲੀਆਂ ਸੂਚੀਆਂ ’ਚ ਸ਼ਾਮਲ ਕਰਕੇ ਉਨ੍ਹਾਂ ਨੂੰ ਖੱਜਲ ਕੀਤਾ ਜਾਂਦਾ ਸੀ। ਮੋਦੀ ਸਾਹਿਬ ਨੇ ਉਹ ਕਾਲੀਆਂ ਸੂਚੀਆਂ ਖ਼ਤਮ ਕਰਨ ਦੇ ਹੁਕਮ ਜਾਰੀ ਕੀਤੇ ਤੇ ਇਹ ਵੀ ਫ਼ੈਸਲਾ ਕੀਤਾ ਕਿ ਜਿਹੜੇ ਸਿੱਖ ਵੀਰ ਪੰਜਾਬ ’ਚ ਕਾਲੇ ਦਿਨਾਂ ਦੌਰਾਨ ਸਰਕਾਰੀ ਤਸ਼ੱਦਦ ਕਾਰਨ ਬਾਹਰਲੇ ਮੁਲਕਾਂ ’ਚ ਬਤੌਰ ਸ਼ਰਨਾਰਥੀ ਰਹਿ ਰਹੇ ਹਨ, ਉਨ੍ਹਾਂ ਦੇ ਬੱਚਿਆਂ ਸਮੇਤ ਪਰਿਵਾਰਾਂ ਨੂੰ ਭਾਰਤ ਦਾ ਵੀਜ਼ਾ ਜਾਰੀ ਕੀਤਾ ਜਾਵੇ। ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸ਼ੁਰੂ ਕਰਨ ਦੇ ਇਤਿਹਾਸਿਕ ਕਾਰਜ ਸਮੇਤ 2014 ਤੋਂ ਅੱਜ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਪੰਥ ਮਹਾਰਾਜ ਦੇ ਪਾਵਨ ਨਿਸ਼ਾਨ ਜੁਗੋ-ਜੁਗ ਝੂਲਦੇ ਰੱਖਣ ਹਿੱਤ ਕੀਤੀਆਂ ਗਈਆਂ ਇਤਿਹਾਸਿਕ ਅਤੇ ਜ਼ਰੂਰਤਮੰਦਾਨਾ ਪਹਿਲਕਦਮੀਆਂ ਅਤੇ ਕੌਮ ਪ੍ਰਤੀ ਉਨ੍ਹਾਂ ਦੀ ਉਸਾਰੂ ਅਤੇ ਨਿੱਘੀ ਦੋਸਤਾਨਾ ਸੋਚ ਤੇ ਭਾਵਨਾ ਅਤੇ ਸਿੱਖ ਕੌਮ ਦੀ ਆਨ-ਸ਼ਾਨ ਅਤੇ ਸਨਮਾਨ ਲਈ ਉਨ੍ਹਾਂ ਵੱਲੋਂ ਮਾਰੇ ਗਏ ਹੋਰ ਬੇਹੱਦ ਅਹਿਮ ਹੰਭਲਿਆਂ ਨੂੰ ਮੁੱਖ ਰੱਖਦਿਆਂ ਖਾਲਸਾ ਪੰਥ ਦੀ ਸਿਰਮੌਰ ਨੁਮਾਇੰਦਾ ਧਾਰਮਿਕ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੱਕਾਰੀ “ਕੌਮੀ ਸੇਵਾ ਐਵਾਰਡ’’ ਨਾਲ ਸਨਮਾਨਿਤ ਕਰਨ ’ਚ ਮਾਣ ਅਤੇ ਖੁਸ਼ੀ ਮਹਿਸੂਸ ਕਰਦੀ ਹੈ।’’
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜੀ ਕੋਈ ਵੀ ਉਹ ਸਮਾਂ ਨਹੀਂ ਗੁਆਉਂਦੇ ਜਦੋਂ ਉਹ ਸਿੱਖ ਸਮਾਜ ਨਾਲ ਖੜ੍ਹੇ ਨਜ਼ਰ ਨਾ ਆਉਣ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਲਈ ਐੱਫ਼. ਸੀ. ਆਰ. ਏ. ਰਜਿਸਟ੍ਰੇਸ਼ਨ, ਟੈਕਸ ਫ੍ਰੀ ਲੰਗਰ, ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ, ਸਿੱਖ ਵਿਰਾਸਤ ਦਾ ਮਾਣ, ਜੰਮੂ-ਕਸ਼ਮੀਰ ਵਿਚ ਸਿੱਖਾਂ ਦੇ ਅਧਿਕਾਰ ਯਕੀਨੀ ਬਣਾਉਣ ਆਦਿ ਸ਼ਲਾਘਾਯੋਗ ਫੈਸਲੇ ਲੈ ਰਹੇ ਹਨ। ਖੇਤੀ ਕਾਨੂੰਨ ਭਾਵੇਂ ਕਿਸਾਨ ਦੀ ਭਲਾਈ ਲਈ ਬਣਾਏ ਗਏ ਸਨ ਪਰ ਉਸ ਦੀ ਭਾਵਨਾ ਹਰ ਵਿਅਕਤੀ ਦੇ ਦਿਲ ’ਚ ਨਾ ਵਸਾ ਸਕਣ ਦੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਨੇ 19 ਨਵੰਬਰ, 2021 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਐਲਾਨ ਕੀਤਾ ਅਤੇ ਵਾਪਿਸ ਵੀ ਲਏ। 25 ਦਸੰਬਰ, 2021 ਨੂੰ ਉਹ ਗੁਰਦੁਆਰਾ ਸ੍ਰੀ ਲਖਪਤ ਸਾਹਿਬ, ਗੁਜਰਾਤ ’ਚ ਇਕੱਤਰ ਸੰਗਤ ਨੂੰ ਵੀਡੀਓ ਕਾਨਫਰੰਸ ਰਾਹੀਂ ਜੁੜਦਿਆਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਦੀ ਚਰਚਾ ਕਰ ਰਹੇ ਸਨ। 5 ਜਨਵਰੀ, 2022 ਨੂੰ ਵੀ ਫਿਰੋਜ਼ਪੁਰ ਵਿਖੇ ਉਹ ਪੰਜਾਬ, ਪੰਜਾਬੀਅਤ ਦੇ ਵਿਕਾਸ ਲਈ ਇਕ ਬਹੁਤ ਵੱਡਾ ਐਲਾਨ ਕਰਨ ਲਈ ਆਏ ਸਨ ਪਰ ਬਦਕਿਸਮਤੀ ਨਾਲ ਪੰਜਾਬ ਰਾਜ ਦੀ ਸੁਰੱਖਿਆ ਪ੍ਰਣਾਲੀ ਨੇ ਇਸ ਫੇਰੀ ਨੂੰ ਨਾਕਾਮਯਾਬ ਕੀਤਾ ਉਸ ਵੱਲੋਂ ਹੀ ਦੱਸਣਾ ਬਣਦਾ ਹੈ ਕਿ ਸ਼੍ਰੀ ਨਰਿੰਦਰ ਮੋਦੀ ਜੀ ਦੇ ਪੰਜਾਬ, ਪੰਜਾਬੀਅਤ ਨਾਲ ਪਿਆਰ ਦੇ ਵਿਚਕਾਰ ਰੋੜਾ ਬਣਨ ਪਿੱਛੇ ਉਨ੍ਹਾਂ ਦਾ ਕੀ ਉਦੇਸ਼ ਹੈ।
-ਇਕਬਾਲ ਸਿੰਘ ਲਾਲਪੁਰਾ
ਚੇਅਰਮੈਨ, ਰਾਸ਼ਟਰੀ ਘੱਟਗਿਣਤੀ ਕਮਿਸ਼ਨ

Comment here