ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਲੰਧਰ ਵਿਖੇ ਜ਼ੋਰਦਾਰ ਰੈਲੀ ਕੀਤੀ ਗਈ। ਜਲੰਧਰ ਰੈਲੀ ਦੇ ਐਲਾਨ ਹੁੰਦੇ ਹੀ ਫਿਰੋਜ਼ਪੁਰ ਰੈਲੀ ਦੇ ਤਰ੍ਹਾਂ ਹੀ ਕੁਝ ਕਿਸਾਨ ਜੱਥੇਬੰਦੀਆਂ ਵੱਲੋਂ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਤੋਂ ਬਾਅਦ ਪੁਲਿਸ ਨੇ ਪਿਛਲੀ ਗਲਤੀ ਨਾ ਦੁਹਰਾਉਂਦੇ ਹੋਏ ਉਕਤ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਤੇ ਕਾਰਕੁੰਨਾਂ ਨੂੰ ਅੱਜ ਸਵੇਰੇ ਤੜਕੇ ਹੀ ਘਰੋਂ ਵਿਚੋਂ ਬਾਹਰ ਨਿਕਲਣ ਤੋਂ ਰੋਕ ਦਿੱਤਾ। ਪੁਲਿਸ ਨੇ ਵੱਖ-ਵੱਖ ਪਿੰਡਾਂ ‘ਚ ਪਹਿਲਾਂ ਹੀ ਨਾਕਾਬੰਦੀ ਕਰ ਦਿੱਤੀ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਮਰਜੋਤ ਸਿੰਘ ਜੋਤੀ ਵਾਸੀ ਜੰਡਿਆਲਾ ਮੰਜਕੀ ਨੇ ਪੁਲਿਸ ਵੱਲੋਂ ਸਵੇਰੇ ਤੜਕਸਾਰ ਹੀ ਪਿੰਡ ਵਿਚ ਕੀਤੀ ਗਈ ਨਾਕੇਬੰਦੀ ਦੀ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਪੁਲਿਸ ਦੇ ਕਰੀਬ 1000 ਮੁਲਾਜ਼ਮਾਂ ਤੇ ਅਫਸਰਾਂ ਨੇ ਸਵੇਰੇ ਤੜਕੇ ਤੋਂ ਪੂਰੇ ਕਸਬੇ ਦੀ ਘੇਰਾਬੰਦੀ ਕਰ ਦਿੱਤੀ ਹੋਈ ਹੈ ਅਤੇ ਕਿਸੇ ਨੂੰ ਘਰੋਂ ਨਹੀਂ ਨਿਕਲਣ ਦਿੱਤਾ ਜਾ ਰਿਹਾ ਹੈ। ਕਿਸਾਨ ਆਗੂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਦੀ ਅਗਵਾਈ ਹੇਠ ਕਿਸਾਨਾਂ ਦੇ ਜੱਥੇ ਲੈ ਕੇ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਰੋਸ ਪ੍ਰਦਰਸ਼ਨ ਕਰਨਾ ਸੀ ਪਰ ਪ੍ਰਸ਼ਾਸਨ ਨੇ ਜਬਰੀ ਉਨ੍ਹਾਂ ਨੂੰ ਘਰ ਅੰਦਰ ਡੱਕੇ ਰੱਖਿਆ। ਦਰਅਸਲ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਰੈਲੀ ਵਿੱਚ ਅੰਦੋਲਨਕਾਰੀ ਕਿਸਾਨਾਂ ਵੱਲੋਂ ਸੜਕ ਜਾਮ ਕਰਨ ਤੋਂ ਬਾਅਦ ਫਲਾਈਓਵਰ ‘ਤੇ ਫਸੇ ਰਹੇ ਸਨ ਅਤੇ ਸੁਰੱਖਿਆ ਉਲੰਘਣਾ ਦੇ ਚੱਲਦੇ ਪ੍ਰਸ਼ਾਸ਼ਨ ਨੂੰ ਕਾਫੀ ਨਿੰਦਾ ਦਾ ਸਾਹਮਣਾ ਕਰਨਾ ਪਿਆ ਸੀ।
Comment here