ਪਾਕਿ ਪੱਤਰਕਾਰ ਸੰਗਠਨਾਂ ਨੇ ਕਾਨੂੰਨ ਨੂੰ ਕੀਤਾ ਖਾਰਿਜ
ਇਸਲਾਮਾਬਾਦ-ਪਾਕਿਸਤਾਨ ਵਿੱਚ ਪਾਕਿ ਪੱਤਰਕਾਰ ਸੰਗਠਨਾਂ ਨੇ ਪ੍ਰਸਤਾਵਿਤ ਪਾਕਿਸਤਾਨ ਮੀਡੀਆ ਵਿਕਾਸ ਅਥਾਰਟੀ (ਪੀਐਮਡੀਏ) ਨੂੰ “ਗੈਰ ਸੰਵਿਧਾਨਕ” ਕਰਾਰ ਦਿੱਤਾ ਹੈ ਅਤੇ ਇਮਰਾਨ ਖਾਨ ਸਰਕਾਰ ਵੱਲੋਂ ਮੀਡੀਆ ਅਥਾਰਟੀ ਸਥਾਪਿਤ ਕਰਨ ਦੇ ਕਦਮ ਵਿਰੁੱਧ ਆਪਣਾ ਵਿਰੋਧ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ। ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਬੀਤੇ ਦਿਨੀਂ ਹੋਈ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ।
ਮੀਡੀਆ ਸੰਗਠਨਾਂ ਨੇ ਪੀਐਮਡੀਏ ਨੂੰ ਰੱਦ ਕਰਨ ਦੇ ਆਪਣੇ ਰੁਖ਼ ਨੂੰ ਦੁਹਰਾਇਆ ਅਤੇ ਇਸ ਨੂੰ ਸਾਰੇ ਮੀਡੀਆ ਪਲੇਟਫਾਰਮਾਂ ਨੂੰ ਨਿਯਮਿਤ ਕਰਨ ਲਈ ‘‘ਰਾਜ ਕੰਟਰੋਲ ਲਾਗੂ ਕਰ ਕੇ ਪ੍ਰੈਸ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ” ਦਾ ਕਦਮ ਦੱਸਿਆ। ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਮੀਡੀਆ ਸੰਗਠਨਾਂ ਦੇ ਨੁਮਾਇੰਦਿਆਂ ਵਿੱਚ ਪਾਕਿਸਤਾਨ ਬ੍ਰੌਡਕਾਸਟਰਸ ਐਸੋਸੀਏਸ਼ਨ, ਆਲ ਪਾਕਿਸਤਾਨ ਨਿਊਜ਼ਪੇਪਰਸ ਸੋਸਾਇਟੀ, ਪਾਕਿਸਤਾਨ ਨਿਊਜ਼ਪੇਪਰ ਐਡੀਟਰਸ ਕੌਂਸਲ, ਪਾਕਿਸਤਾਨ ਫੈਡਰਲ ਯੂਨੀਅਨ ਆਫ਼ ਜਰਨਲਿਸਟਸ ਅਤੇ ਐਸੋਸੀਏਸ਼ਨ ਆਫ਼ ਇਲੈਕਟ੍ਰੌਨਿਕ ਮੀਡੀਆ ਐਡੀਟਰਸ ਤੇ ਨਿਊਜ਼ ਡਾਇਰੈਕਟਰਜ਼ ਸ਼ਾਮਲ ਹਨ।
ਲੇਖਕ ਮੇਹਮਿਲ ਖਾਲਿਦ ਨੇ ਮੀਡੀਆ ਮੈਟਰਸ ਫਾਰ ਡੈਮੋਕਰੇਸੀ ਦੁਆਰਾ ਇੱਕ ਮੁਲਾਂਕਣ ਰਿਪੋਰਟ ‘ਪਾਕਿਸਤਾਨ ਫ੍ਰੀਡਮ ਆਫ ਐਕਸਪ੍ਰੈਸ ਰਿਪੋਰਟ 2020’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੇਸ਼ ਨੇ ਉਨ੍ਹਾਂ ਸਾਰੇ ਸੰਕੇਤਾਂ ਵਿੱਚ ਖਰਾਬ ਪ੍ਰਦਰਸ਼ਨ ਕੀਤਾ ਜੋ ਬੋਲਣ ਦੀ ਆਜ਼ਾਦੀ ਨਿਰਧਾਰਤ ਕਰਦੇ ਹਨ। ਪਾਕਿਸਤਾਨ ਵਿੱਚ ਕੋਵਿਡ-19 ਮਹਾਮਾਰੀ ਨੇ ਡਿਜੀਟਲ ਸੈਂਸਰਸ਼ਿਪ ਨੂੰ ਹੋਰ ਵਧਾ ਦਿੱਤਾ ਹੈ।
Comment here