ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਪਿੰਡ ਵਾਸੀਆਂ ਨੇ ਨਸ਼ਾ ਤਸਕਰ ਕੀਤੇ ਪੁਲੀਸ ਹਵਾਲੇ

ਚਾਰ ਪਿੰਡਾਂ ਦੇ ਲੋਕਾਂ ਨੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਬਣਾਈ
ਅਜੀਤਵਾਲ-ਡੇਰਾ ਸਮਾਧਾਂ ਅਜੀਤਵਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਅੱਜ ਨਸ਼ਾ ਤਸਕਰਾਂ ਖ਼ਿਲਾਫ਼ ਕੋਕਰੀ ਕਲਾਂ ਸਮੇਤ ਚਾਰ ਪਿੰਡਾਂ ਦੇ ਕਿਸਾਨ, ਮਜ਼ਦੂਰ ਤੇ ਨੌਜਵਾਨ ਇਕੱਠੇ ਹੋਏ।
ਯੂਨੀਅਨ ਦੇ ਖ਼ਜ਼ਾਨਚੀ ਇਕਬਾਲ ਸਿੰਘ ਅਤੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਹੰਸਾ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਹਰਜੀਤ ਸਿੰਘ ਕੋਕਰੀ ਕਲਾਂ ਜੋ ਪਿਛਲੇ ਦੋ ਸਾਲ ਤੋਂ ਚਿੱਟਾ ਪੀਣ ਦਾ ਆਦੀ ਹੈ, ਨੂੰ ਚਿੱਟਾ ਦੇਣ ਲਈ ਹਰਮਿੰਦਰ ਸਿੰਘ ਕੋਕਰੀ ਹੇਰਾਂ ਸਕੂਟਰੀ ’ਤੇ ਉਸ ਦੇ ਘਰ ਆਇਆ ਸੀ। ਇਸ ਦੌਰਾਨ ਹਰਜੀਤ ਸਿੰਘ ਦੇ ਵੱਡੇ ਭਰਾ ਸਰਬਜੀਤ ਸਿੰਘ ਨੇ ਹਰਮਿੰਦਰ ਨੂੰ ਫੜ ਕੇ ਉਸ ਕੋਲੋਂ ਚਿੱਟਾ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਕਥਿਤ ਤਸਕਰ ਨੂੰ ਫੜੇ ਜਾਣ ਦੀ ਸੂਚਨਾ ਮਿਲਣ ’ਤੇ ਮੁਹੱਲਾ ਇਕੱਠਾ ਹੋ ਗਿਆ। ਇਸ ਮੌਕੇ ਕਿਸਾਨ-ਮਜ਼ਦੂਰ ਆਗੂ, ਔਰਤਾਂ ਤੇ ਵਾਰਡ ਦੇ ਪੰਚ ਨੇ ਸਾਰਿਆਂ ਦੀ ਹਾਜ਼ਰੀ ਵਿੱਚ ਦੋਹਾਂ ਜਣਿਆਂ ਨੂੰ ਪੁਲੀਸ ਹਵਾਲੇ ਕਰ ਦਿੱਤਾ ਹੈ ਅਤੇ ਪਿੰਡ ਵਾਸੀਆਂ ਨੇ ਤਸਕਰਾਂ ਦੇ ਇਸ ਗਰੋਹ ਵਿੱਚ ਸ਼ਾਮਲ ਪੰਜ ਹੋਰ ਵਿਅਕਤੀਆਂ ਦੇ ਨਾਮ ਪੁਲੀਸ ਨੂੰ ਦਿੱਤੇ ਹਨ। ਇਸ ਮੌਕੇ ਪਿੰਡ ਪੱਧਰੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ ਵੀ ਕੀਤਾ  ਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਕਿ ਮੁਲਜ਼ਮਾਂ ਕੋਲੋਂ ਪੁੱਛ ਪੜਤਾਲ ਕਰ ਕੇ ਸਾਰੇ ਗਰੋਹ ਸਮੇਤ ਨਸ਼ੇ ਦੇ ਵੱਡੇ ਸੌਦਾਗਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

Comment here