ਸਿਆਸਤਖਬਰਾਂਚਲੰਤ ਮਾਮਲੇ

ਪਿੰਡ ਵਾਸੀਆਂ ਨੇ ਕਿਸੇ ਵੀ ਰਾਜਨੀਤਕ ਪਾਰਟੀ ਦਾ ਨਹੀਂ ਲਾਇਆ ਬੂਥ

ਜਗਰਾਉਂ : ਬੀਤੇ ਐਤਵਾਰ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇਪਰੇ ਚੜ੍ਹ ਗਈਆਂ ਹਨ। ਜਿਸ ਦੌਰਾਨ ਕਈ ਥਾਵਾਂ ਤੇ ਵੋਟਾਂ ਨੂੰ ਲੈ ਕੇ ਮਾਰ -ਧਾੜ , ਲੜਾਈ- ਝਗੜੇ ਦੀ ਘਟਨਾਵਾਂ ਸਾਹਮਣੇ ਆਈਆਂ ਹਨ। ਇਸਦੇ ਉਲਟ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਜਗਰਾਉਂ ਦੇ ਪੜ੍ਹੇ ਲਿਖੇ ਪਿੰਡ ਸਿੱਧਵਾਂ ਖੁਰਦ ਦੇ ਤੇਰਾਂ ਸੌ ਵੋਟਰਾਂ ਨੇ ਰਾਜਨੀਤੀ ਨੂੰ ਦਰ- ਕਿਨਾਰ ਕਰਦਿਆਂ ਭਾਈਚਾਰਕ ਸਾਂਝ ਦੀ ਇੱਕ ਅਨੋਖੀ ਮਿਸਾਲ ਕਾਇਮ ਕੀਤੀ। ਚੋਣਾਂ ਤੋਂ ਪਹਿਲਾਂ ਹੀ ਇਸ ਪਿੰਡ ਦੇ ਸਮੂਹ ਵੋਟਰਾਂ ਨੇ ਇਕ ਛੱਤ ਹੇਠ ਇਕੱਠੇ ਹੁੰਦਿਆਂ ਫ਼ੈਸਲਾ ਕੀਤਾ ਕਿ ਵੋਟਾਂ ਵਾਲੇ ਦਿਨ ਭਾਵ ਅੱਜ 20 ਫਰਵਰੀ ਦਿਨ ਐਤਵਾਰ ਨੂੰ ਜਿੱਥੇ ਕੋਈ ਵੀ ਵਿਅਕਤੀ ਕਿਸੇ ਵੀ ਪਾਰਟੀ ਦਾ ਬੂਥ ਨਹੀਂ ਲਗਾਏਗਾ, ਉਥੇ ਪੂਰੇ ਚੋਣ ਪ੍ਰਚਾਰ ਦੌਰਾਨ ਪਿੰਡ ਵਿੱਚ ਨਾ ਹੀ ਕੋਈ ਰਾਜਨੀਤਕ ਪਾਰਟੀ ਦਾ ਝੰਡਾ ਅਤੇ ਨਾ ਹੀ ਚੋਣ ਸਮੱਗਰੀ ਲਗਾਈ ਜਾਵੇਗੀ। ਪਿੰਡ ਵਿੱਚ ਦਾਖ਼ਲ ਹੁੰਦਿਆਂ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਇਸ ਪਿੰਡ ਵਿੱਚ ਵੋਟਾਂ  ਨਹੀਂ ਪੈ ਰਹੀਆਂ। ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਇਸ ਪਿੰਡ ਦੀ ਆਬਾਦੀ ਦਾ ਵੱਡਾ ਹਿੱਸਾ ਪੜ੍ਹਿਆ ਲਿਖਿਆ ਹੈ, ਅਤੇ ਇਸ ਪਿੰਡ ਵਿੱਚ ਹੀ ਸੌ ਸਾਲ ਪਹਿਲਾਂ ਕਾਲਜ ਸਥਾਪਤ ਹੋਇਆ ਸੀ । ਜਦੋਂ ਇਸ ਪਿੰਡ ਪਹੁੰਚ ਕੇ ਇਥੋਂ ਦਾ ਮਾਹੌਲ ਦੇਖਿਆ ਤਾਂ ਕਿਸੇ ਪਾਸਿਓਂ ਵੀ ਇੰਝ ਨਜ਼ਰ ਨਹੀਂ ਆ ਰਿਹਾ ਸੀ ਕਿ ਵੋਟਾਂ ਪੈ ਰਹੀਆਂ ਸਨ । ਪਿੰਡ ਦੇ ਸਰਕਾਰੀ ਸਕੂਲ ਜਿੱਥੇ ਪੋਲਿੰਗ ਸਟੇਸ਼ਨ ਬਣਿਆ ਹੋਇਆ ਸੀ, ਚ ਜਾ ਕੇ ਪਤਾ ਲੱਗਦਾ ਸੀ ਕਿ ਵੋਟਾਂ ਪੈ ਰਹੀਆਂ ਸੀ। ਪਿੰਡ ਵਿੱਚ ਪਿਆਰ ਨਾਲ ਰਹਿੰਦੇ ਪਿੰਡ ਵਾਸੀ ਆਪਸੀ ਪਿਆਰ ਨੂੰ ਭੁੱਲ ਕੇ ਕੁੜੱਤਣ ਅਤੇ ਦੁਸ਼ਮਣੀ ਪਾਉਣ ਵਿਚ ਵਿਸ਼ਵਾਸ ਨਹੀਂ ਰੱਖਦੇ । ਇਸੇ ਕਰਕੇ ਸਾਰਿਆਂ ਨੇ ਫ਼ੈਸਲਾ ਕੀਤਾ ਕਿ ਜਿਹੜਾ ਵੀ ਜਿਹੜੀ ਵੀ ਰਾਜਨੀਤਕ ਪਾਰਟੀ ਨਾਲ ਜੁਡ਼ਿਆ ਹੈ। ਉਸ ਨਾਲ ਰਹੇ ਪਰ ਪਿੰਡ ਵਿਚ ਉਸ ਰਾਜਨੀਤਕ ਦੋਸਤੀ ਦਾ ਪਰਛਾਵਾਂ ਵੀ ਨਹੀਂ ਪੈਣ ਦਿੱਤਾ ਜਾਵੇਗਾ । ਇਨ੍ਹਾਂ ਪਿੰਡ ਵਾਸੀਆਂ ਨੇ ਭਵਿੱਖ ਵਿਚ ਵੀ ਇਹ ਸਾਂਝ ਇਸੇ ਤਰ੍ਹਾਂ ਬਰਕਰਾਰ ਰੱਖਣ ਦੀ ਆਸ ਪ੍ਰਗਟਾਈ । ਸਿੱਧਵਾਂ ਖੁਰਦ ਦੇ ਲੋਕਾਂ ਵੱਲੋਂ ਲਿਆ ਗਿਆ ਇਹ ਨਿਵੇਕਲਾ ਫ਼ੈਸਲਾ ਇਲਾਕੇ ਭਰ ਵਿੱਚ ਚਰਚਾ ਬਣਿਆ ਹੋਇਆ ਹੈ ।

Comment here