ਫਤਿਹਗੜ੍ਹ ਸਾਹਿਬ- ਪੰਜਾਬ ਸਰਕਾਰ ਦੀ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜੇ਼ ਛੁਡਵਾਏ ਜਾਣ ਵਾਲੀ ਮੁਹਿੰਮ ਨੂੰ ਆਮ ਲੋਕਾਂ ਵੱਲੋਂ ਵੀ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜਿ਼ਲੇ ਦੇ ਪਿੰਡ ਛਲੇੜੀ ਕਲਾਂ ਵਾਸੀਆਂ ਨੇ 417 ਏਕੜ ਪੰਚਾਇਤੀ ਜ਼ਮੀਨ ਖ਼ੁਦ ਸਰਕਾਰ ਦੇ ਸਪੁਰਦ ਕਰ ਦਿੱਤੀ ਹੈ। ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਪਿੰਡ ਦੇ ਲੋਕਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਤੇ ਨਾਲ ਹੀ ਉਨ੍ਹਾਂ ਨੂੰ ਸਰੋਪਾ ਦੇ ਨਾਲ ਸਨਮਾਨਿਤ ਕੀਤਾ ਗਿਆ। ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੀ ਸੀ। ਉਸੇ ਤਹਿਤ ਸਰਕਾਰੀ ਜਾਇਦਾਦਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਰਕਾਰ ਦੀ ਆਮਦਨ ਨੂੰ ਵਧਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪਿੰਡ ਛਲੇੜੀ ਵਾਸੀਆਂ ਵੱਲੋਂ ਚਾਰ ਸੌ ਸਤਾਰਾਂ ਏਕੜ ਜ਼ਮੀਨ ਸਰਕਾਰ ਨੂੰ ਦਿੱਤੀ ਗਈ ਹੈ, ਜਿਥੇ ਉਹ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਹਨਾਂ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਇਹ ਜ਼ਮੀਨ ਦੀ ਵਰਤੋਂ ਉਨ੍ਹਾਂ ਦੇ ਭਲੇ ਲਈ ਹੀ ਕੀਤੀ ਜਾਵੇਗੀ। ਪਿੰਡ ਵਾਸੀ ਹੀ ਬੋਲੀ ਦੇ ਕੇ ਇਸ ਜ਼ਮੀਨ ਨੂੰ ਠੇਕੇ ‘ਤੇ ਲੈ ਲੈ ਕੇ ਖੇਤੀ ਕਰ ਸਕਣਗੇ। ਜਲਦ ਹੀ ਸਰਕਾਰ ਦੀ ਨਵੀਂ ਪਾਲਿਸੀ ਆਵੇਗੀ, ਜਿਸ ਤਹਿਤ ਉਹ ਇਸ ਜ਼ਮੀਨ ਨੂੰ ਖਰੀਦ ਵੀ ਸਕਣਗੇ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਉਕਤ ਕਾਰਜ ਦੇ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਕੁਲਦੀਪ ਸਿੰਘ ਧਾਲੀਵਾਲ ਦਾ ਵੀ ਧੰਨਵਾਦ ਕੀਤਾ।
Comment here