ਸਾਹਿਤਕ ਸੱਥ

ਪਾਪਾ ਮੈਂ ਪੜ੍ਹਨਾ ਚਾਹੁੰਦੀ ਹਾਂ

ਇਕ ਕੁੜੀ ਬਹੁਤ ਕਾਹਲ ਵਿਚ ਆ ਕੇ ਪੁੱਛਣ ਲੱਗੀ ,”ਸਰ ਦਾਖ਼ਲਾ ਮਿਲ ਸਕਦਾ ਬੀ ਏ ਵਿਚ, ਮੇਰੇ ਨੰਬਰ ਨੱਬੇ ਪ੍ਰਤੀਸ਼ਤ ਨੇ ਬਾਰਵੀਂ ਵਿਚੋਂ”।
ਮਹੀਨਾ ਹੋ ਗਿਆ ਸੀ, ਕਲਾਸਾਂ ਲਗਦੀਆਂ ਨੂੰ। ਪੰਜਾਬ ਸਰਕਾਰ ਨੇ ਦਾਖ਼ਲਾ ਦੇਣ ਦੀ ਮਿਤੀ ਫਿਰ ਵਧਾ ਦਿੱਤੀ ਸੀ । ਇਸ ਲਈ ਸਹਿਜ ਸੁਭਾਅ ਹੀ ਮੈਂ ਕਿਹਾ,”ਦਾਖ਼ਲਾ ਤਾਂ ਧੀ ਰਾਣੀਏ ਮਿਲ ਜਾਵੇਗਾ। ਤੂੰ ਲਗਦੀ ਵੀ ਪੜ੍ਹਨ ਵਾਲੀ ਕੁੜੀ ਐ,ਹੁਣ ਤੱਕ ਕਿਥੇ ਰਹੀ ਪਹਿਲਾਂ ਕਿਉਂ ਨਹੀ ਲਿਆ ਦਾਖ਼ਲਾ। ਹੁਣ ਵੀਹ ਨਵੰਬਰ ਆਖ਼ਰੀ ਮਿਤੀ ਹੈ ਦਾਖ਼ਲੇ ਦੀ”।
ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਕੁੜੀ ਨੇ ਮੇਰੀ ਇਕ ਗੱਲ ਹੀ ਸੁਣੀ ,ਉਹ ਸੀ ਵੀਹ ਨਵੰਬਰ ਆਖ਼ਰੀ ਮਿਤੀ, ਬਾਕੀ ਗੱਲਾਂ ਨੂੰ ਅਣ ਸੁਣਿਆ ਕਰਕੇ ਉਹ ਦੌੜ ਗਈ। ਉਸ ਦਿਨ ਤੋਂ ਬਾਅਦ ਦੋ ਛੁੱਟੀਆਂ ਸਨ ਤੇ ਤੀਸਰਾ ਦਿਨ ਸਨਿੱਚਰਵਾਰ ਸੀ।
ਪਹਿਲੀ ਕਲਾਸ ਤੋਂ ਬਾਅਦ ਮੇਰੇ ਕੋਲ ਚਾਲੀ ਮਿੰਟ ਦੀ ਵਿਹਲ ਸੀ।ਠੰਡ ਦਾ ਮੌਸਮ ਹੋਣ ਕਾਰਨ ਮੈਂ ਆਪਣੇ ਕਮਰੇ ਵਿਚ ਬੈਠਣ ਦੀ ਬਜਾਏ, ਸਟਾਫ਼ ਕਮਰੇ ਦੇ ਬਾਹਰ ਲੱਗੇ ਘਾਹ ਉੱਪਰ ਮਿੱਠੀ ਮਿੱਠੀ ਧੁੱਪ ਦਾ ਆਨੰਦ ਲੈਣ ਲੱਗਾ। ਬੀ ਏ ਭਾਗ ਪਹਿਲਾ ਦੀ ਦਾਖ਼ਲਾ ਕਮੇਟੀ ਦੀ ਕਨਵੀਨਰ ਮੈਡਮ ਵੀ ਮੇਰੇ ਕੋਲ ਆ ਕੇ ਬੈਠ ਗਈ। ਮੈਨੂੰ ਇਕ ਅਵਾਜ਼ ਸੁਣਾਈ ਦਿੱਤੀ,”ਮੈਡਮ ਮੈਂ ਬੀ ਏ ਵਿਚ ਦਾਖ਼ਲਾ ਲੈਣਾ ਹੈ, ਪਰ ਮੇਰੇ ਕੋਲ ਆਮਦਨ ਪ੍ਰਮਾਣ ਪੱਤਰ ਨਹੀ ਹੈ”।
ਮੈਂ ਮੁੜ ਕੇ ਦੇਖਿਆ ਇਹ ਉਸ ਦਿਨ ਵਾਲੀ ਹੀ ਕੁੜੀ ਸੀ। ਭੋਲੀ ਜਿਹੀ ਡਰੀ ਹੋਈ , ਕੁੜੀ ਦੀ ਮਾਂ ਵੀ ਨਾਲ ਸੀ। ਮੈਨੂੰ ਕੁਝ ਅਜੀਬ ਜਿਹਾ ਜਾਪਿਆ। ਮਾਂ ਧੀ ਦੇ ਅੰਦਰ ਇਕ ਡਰ ਤੇ ਸਹਿਮ ਸੀ ।
ਮੈਂ ਪੁੱਛ ਹੀ ਲਿਆ,”ਧੀ ਰਾਣੀਏ ਕੀ ਨਾਮ ਹੈ ਤੇਰਾ”।
” ਅਮ੍ਰਿਤ ਸਰ ਜੀ, ਮੈਂ ਸ਼ਹਿਰ ਦੀ ਹੀ ਰਹਿਣ ਵਾਲੀ ਹਾਂ”।
“ਤੇਰੇ ਪਿਤਾ ਜੀ ਕੀ ਕਰਦੇ ਨੇ”।
“ਸਰ ਜੀ ਸ਼ਹਿਰ ਵਿਚ ਹੀ ਕੰਮ ਕਰਦੇ ਹਨ”।
“ਪਿਤਾ ਦੇ ਆਮਦਨ ਪ੍ਰਮਾਣ ਪੱਤਰ ਨਾਲ ਹੀ ਫ਼ੀਸ ਮੁਆਫ਼ ਹੋ ਸਕਦੀ ਹੈ,ਉਸ ਤੋਂ ਬਗ਼ੈਰ ਪੂਰੀ ਫ਼ੀਸ ਭਰਨੀ ਪਵੇਗੀ, ਮਨ ਵਿਚ ਕੋਈ ਗੱਲ ਹੈ ਤਾਂ ਤੂੰ ਦੱਸ ਸਕਦੀ ਹੈ”।
ਲੜਕੀ ਦੇ ਕੰਠ ਵਿਚੋਂ ਸੁਣਨ ਨੂੰ ਕੁਝ ਨਾ ਮਿਲਿਆ, ਭੈ ਦਾ ਝੰਜੋੜਿਆ ਚਿਹਰਾ ਬਿਲਕੁਲ ਚੁੱਪ ਸੀ।ਆਖਰ ਮਾਂ ਬੋਲ ਪਈ।
ਕੀ ਦੱਸਾਂ ਵੀਰ ਜੀ ,” ਇਸ ਨੇ ਚੰਗੇ ਸਕੂਲ ਵਿਚ ਦਾਖ਼ਲਾ ਲਿਆ ਤੇ ਮਾਣ ਹੋਇਆ , ਮੇਰੀ ਧੀ ਮੁੰਡਿਆਂ ਨਾਲੋਂ ਘੱਟ ਨਹੀ , ਇਹ ਪੜ੍ਹ ਲਿਖ ਕੇ ਕੁਝ ਬਣੇਗੀ, ਇਸ ‘ਤੇ ਵੀ ਪੁੱਤਾਂ ਵਾਂਗ ਮਾਣ ਹੋਵੇਗਾ । ਪੜ੍ਹਦਿਆਂ ਪੜ੍ਹਦਿਆਂ ਚੰਗੇ ਨੰਬਰਾਂ ਨਾਲ ਬਾਰਵੀਂ ਪਾਸ ਕਰ ਲਈ,ਪਰ ਬਾਪ ਨੇ ਅੱਗੇ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ, ਕਿਵੇਂ ਨਾ ਕਿਵੇਂ ਜੇ ਈ ਈ ਦਾ ਟੈਸਟ ਭਰ ਦਿੱਤਾ, ਵਧੀਆ ਕਾਲਜ ਵਿਚ ਸੀਟ ਵੀ ਮਿਲ ਗਈ ਸੀ, ਪਰ ਫ਼ੀਸ ਤਾਂ ਬਾਪ ਤੋਂ ਹੀ ਲੈਣੀ ਸੀ , ਬਾਪ ਨੇ ਕੱਟ ਦਿੱਤਾ ਚੈੱਕ ਗਾਲ੍ਹਾ ਤੇ ਛਿੱਤਰਾਂ ਦਾ”।
ਕਹਿੰਦਾ,” ਕਾਲਜਾਂ ਵਿਚ ਮੁੰਡੇ ਕੁੜੀਆਂ ਗੰਦ ਪਾਉਂਦੇ ਨੇ, ਮੈਂ ਨਿੱਤ ਦੇਖਦਾ, ਇਨ੍ਹਾਂ ਸ਼ਰਮ ਲਾਹ ਕੇ ਕਿੱਲੀ ‘ਤੇ ਟੰਗੀ ਹੋਈ ਐ, ਮੈਂ ਨਹੀ ਪੜ੍ਹਾਉਣਾ ਇਸ ਨੂੰ ਕਾਲਜ ਵਿਚ”।
ਫ਼ੋਨ ਦੀ ਘੰਟੀ ਵੱਜੀ , ਆਵਾਜ਼ ਸੁਣ ਮਾਂ ਤ੍ਰਭਕ ਗੲੀ, ਫ਼ੋਨ ਦੇਖਦਿਆਂ ਹੀ, ਚਿਹਰੇ ਦਾ ਰੰਗ ਪੀਲਾ ਪੈ ਗਿਆ,ਬਾਪ ਦਾ ਫ਼ੋਨ ਸੀ। ਮਾਂ ਨੇ ਬਗ਼ੈਰ ਅਵਾਜ਼ ਕੀਤੇ ਬਾਪ ਦਾ ਫ਼ੋਨ ਸੁਣਨ ਦੀ ਬੇਨਤੀ ਕੀਤੀ।
“ਕਿਥੇ ਤੁਰੀਆਂ ਫਿਰਦੀਆਂ, ਮੈਂ ਰੋਕਿਆ ਸੀ ਨਾ ਤੈਨੂੰ, ਨਹੀ ਲੈਣਾ ਦਾਖ਼ਲਾ, ਹੁਣੇ ਮੁੜ ਪਵੋ ਘਰ ਨੂੰ, ਕਰਦਾ ਕਮਾਈ ਘਰੇ ਪਹੁੰਚ ਕੇ, ਹਿੰਮਤ ਕਿਵੇਂ ਹੋਈ ਕਾਲਜ ਜਾਣ ਦੀ ………….”।
“ਅਸੀਂ ਕਾਲਜ ਦੇ ਅਧਿਆਪਕਾਂ ਕੋਲ ਹਾਂ,ਸਰ ਨਾਲ ਗੱਲ ਕਰ ਲਵੋ”।
“ਮੈ ਕਾਲਜ ਵਿਚ ਹੀ ਹਾਂ, ਤੁਹਾਡੇ ਸਾਹਮਣੇ”।
ਮੈਂ ਦੇਖਿਆ ਅਮ੍ਰਿਤ ਦਾ ਬਾਪ ਸਾਹਮਣੇ ਖੜ੍ਹਾ ਸੀ। ਮੈਂ ਬਹੁਤ ਸਤਿਕਾਰ ਨਾਲ ਕਿਹਾ,” ਵੀਰ ਜੀ ਤੁਹਾਡੀ ਬੇਟੀ ਬਹੁਤ ਹੁਸ਼ਿਆਰ ਹੈ, ਉਸਦੇ ਨੰਬਰ ਵੀ ਬਹੁਤ ਜ਼ਿਆਦਾ ਹਨ, ਤੁਹਾਨੂੰ ਇਸ ਨੂੰ ਅੱਗੇ ਪੜ੍ਹਾਉਣਾ ਚਾਹੀਦਾ ਹੈ, ਮੈਂ ਅਧਿਆਪਕ ਹੋਣ ਦੇ ਨਾਤੇ ਤੁਹਾਨੂੰ ਸਮਝਾਉਂਦਾ ਹਾਂ, ਜੇ ਤੁਸੀਂ ਇਸ ਕਾਲਜ ਵਿਚ ਨਹੀ ਦਾਖ਼ਲਾ ਦਵਾਉਣਾ ਤਾਂ ਜਿਥੇ ਇਸਨੂੰ ਇੰਜੀਨੀਅਰਿੰਗ ਦੀ ਸੀਟ ਮਿਲੀ ਹੈ, ਉਥੇ ਹੀ ਦਾਖ਼ਲਾ ਦਵਾ ਦੇਵੋ, ਧੀਆ ਦਾ ਪੜ੍ਹੇ ਲਿਖੇ ਤੇ ਆਤਮ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ”। ਮੇਰੀ ਗੱਲ ਦੀ ਹਾਮੀ ਮੈਡਮ ਜੋਤ ਨੇ ਵੀ ਭਰੀ।
ਪਰ ਉਹ ਗੁੱਸੇ ਵਿਚ ਲਾਲ ਹੋਇਆ ਬੋਲਿਆ “ਚਲੋ ਘਰੇ , ਸੁਣਿਆ ਕਿ ਨਹੀ, ਬੰਨ੍ਹ ਲਵੋ ਲੋਗੜ ਘਰ ਪਹੁੰਚ ਕੇ। ਤੁਹਾਨੂੰ ਲੋੜ ਨਹੀ ਸਾਡੇ ਮਾਮਲੇ ਵਿਚ ਪੈਣ ਦੀ, ਘਰਾਂ ਦੀਆਂ ਸੌ ਗੱਲਾਂ ਹੁੰਦੀਆਂ ਨੇ,ਮੈਂ ਲੋਕਾਂ ਨੂੰ ਸਮਝਾਉਣਾ , ਇਹ ਆ ਗੲੇ ਮੈਨੂੰ ਸਮਝਾਉਣ ਵਾਲੇ”।
ਮੈਨੂੰ ਅਮ੍ਰਿਤਾ ਪ੍ਰੀਤਮ ਦੀਆਂ ਸਤਰਾਂ ਯਾਦ ਆਈਆਂ।

ਕਿੱਕਰਾ ਵੇ ਕੰਡਿਆਲਿਆ ! ਉਤੋਂ ਚੜ੍ਹਿਆ ਪੋਹ,
ਹੱਕ ਜਿਨ੍ਹਾਂ ਦੇ ਆਪਣੇ, ਆਪ ਲੈਣਗੇ ਖੋਹ ।

ਅਮ੍ਰਿਤਾ ਨਾ ਹੀ ਕਿੱਕਰਾ ਰਹੀਆਂ,ਨਾ ਹੀ ਆਪਣੇ ਹੱਕ ਖੋਹੇ ਗਏ। ਕੲੀ ਪੋਹ ਆਏ ਤੇ ਬਗ਼ੈਰ ਕਿਸੇ ਤਬਦੀਲੀ ਦੇ ਲੰਘ ਗਏ। ਮਰਦ ਤੇ ਸਮਾਜ ਕਿਥੇ ਖੋਹਣ ਦਿੰਦਾ ਹੱਕ। ਨਿੱਕੇ ਹੁੰਦਿਆਂ ਸੁਣਿਆ ਸੀ ਕਿ ਸਰਾਲ਼ ਸਾਹ ਪੀ ਲੈਂਦੀ ਹੈ। ਔਰਤ ਦੇ ਸਾਹ ਤਾਂ ਚੱਲਦੇ ਹੀ ਪਿਉ,ਭਰਾ,ਪਤੀ ਤੇ ਪੁੱਤ ਦੇ ਆਸਰੇ ਨੇ, ਸਾਹ ਪੀਣ ਵਿਚ ਸਰਾਲ਼ ਦੇ ਵੀ ਬਾਪ ਨੇ ਚਾਰੇ।
ਮਾਂ ਧੀ ਦਾ ਨਿਰਾਸ਼ ਚਿਹਰਾ ਮੈਥੋਂ ਝੱਲਿਆ ਨਹੀਂ ਸੀ ਜਾ ਰਿਹਾ , ਚੁੱਪ ਦੇ ਸਨਾਟੇ ਵਿਚ ਵੀ ਧੀ ਦੀ ਅਵਾਜ਼ ਮੈਨੂੰ ਉੱਚੀ ਉੱਚੀ ਸੁਣਾਈ ਦੇ ਰਹੀ ਸੀ,”ਪਾਪਾ ਮੈਂ ਪੜ੍ਹਨਾ ਚਾਹੁਣੀ ਹਾਂ, ਪਾਪਾ ਮੈਂ ਪੜ੍ਹਨਾ ਚਾਹੁਣੀ ਹਾਂ”।ਪਰ ਬਾਪ ਦੇ ਗੁੱਸੇ ਮੂਹਰੇ ਮੇਰੀ ਇਕ ਨਹੀ ਸੀ ਚੱਲ ਰਹੀ। ਮੈਂ ਚਾਹੁੰਦੇ ਹੋਇਆ ਵੀ ਕੋਈ ਮਦਦ ਨਹੀ ਕਰ ਸਕਦਾ ਸੀ, ਭਾਵੇਂ ਅਧਿਆਪਕ ਵੀ ਬਾਪ ਹੀ ਹੁੰਦੇ ਹਨ ,ਪਰ ਉਹ ਕਿਸੇ ਹੋਰ ਦੀ ਧੀ ਸੀ। ਹੁਣ ਵੀ ਜਦੋਂ ਮੈਂ ਸੌਣ ਲਗਦਾ ਹਾਂ ਤਾਂ ਮੈਨੂੰ ਅਵਾਜ਼ ਸੁਣਾਈ ਦਿੰਦੀ ਹੈ,”ਪਾਪਾ ਮੈਂ ਪੜ੍ਹਨਾ ਚਾਹੁੰਦੀ ਹਾਂ”।

ਨਰਿੰਦਰਜੀਤ ਸਿੰਘ ਬਰਾੜ

Comment here