ਅਪਰਾਧਸਿਆਸਤਖਬਰਾਂ

ਪਾਣੀ ਲਈ ਈਰਾਨ-ਅਫਗਾਨਿਸਤਾਨ ਫ਼ੌਜਾਂ ਵਿਚਾਲੇ ਝੜਪ; 4 ਦੀ ਮੌਤ

ਕਾਬੁਲ-ਪਾਣੀ ਨੂੰ ਲੈ ਕੇ ਈਰਾਨ ਅਤੇ ਅਫਗਾਨਿਸਤਾਨ ਵਿਚ ਐਤਵਾਰ ਨੂੰ ਸਰਹੱਦ ’ਤੇ ਦੋਵੇਂ ਫ਼ੌਜਾਂ ਵਿਚਾਲੇ ਝੜਪ ਹੋਈ। ਮੁਕਾਬਲੇ ’ਚ 4 ਫ਼ੌਜੀ ਸ਼ਹੀਦ ਹੋ ਗਏ। ਮਰਨ ਵਾਲਿਆਂ ਵਿਚ ਈਰਾਨੀ ਫ਼ੌਜ ਦੇ ਤਿੰਨ ਅਤੇ ਤਾਲਿਬਾਨ ਦਾ ਇਕ ਸੈਨਿਕ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਗੋਲ਼ੀਬਾਰੀ ਈਰਾਨ ਦੇ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਅਤੇ ਅਫਗਾਨਿਸਤਾਨ ਦੇ ਨਿਮਰੋਜ਼ ਸੂਬੇ ਦੀ ਸਰਹੱਦ ’ਤੇ ਹੋਈ। ਹੇਲਮੰਡ ਨਦੀ ’ਤੇ ਪਾਣੀ ਦੇ ਅਧਿਕਾਰ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ। ਈਰਾਨ ਦਾ ਕਹਿਣਾ ਹੈ ਕਿ ਪਾਣੀ ’ਤੇ ਉਸਦਾ ਹੱਕ ਹੈ, ਜਦ ਕਿ ਅਫਗਾਨੀ ਕਹਿੰਦੇ ਹਨ ਕਿ ਇਥੇ ਉਨ੍ਹਾਂ ਦਾ ਹੱਕ ਹੈ।
ਤਾਲਿਬਾਨ ਨੇ ਕਿਹਾ ਕਿ ਗੋਲ਼ੀਬਾਰੀ ਈਰਾਨ ਨੇ ਸ਼ੁਰੂ ਕੀਤੀ ਸੀ। ਤਾਲਿਬਾਨ ਕਮਾਂਡਰ ਅਤੇ ਪਕਤੀਆ ਸੂਬੇ ਦੇ ਅਹਿਮਦਾਬਾਦ ਜ਼ਿਲ੍ਹੇ ਦੇ ਸਾਬਕਾ ਗਵਰਨਰ ਅਬਦੁਲ ਹਾਮਿਦ ਖੁਰਾਸਾਨੀ ਨੇ ਟਵਿੱਟਰ ’ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਇਲਜ਼ਾਮ ਲਾਇਆ ਕਿ ਈਰਾਨ ਨੇ ਭੜਕਾਹਟ ਨੂੰ ਅੰਜਾਮ ਦਿੱਤਾ ਸੀ। ਇਸ ਦੇ ਨਾਲ ਹੀ ਈਰਾਨ ਨੇ ਕਿਹਾ ਕਿ ਤਾਲਿਬਾਨ ਸਰਕਾਰ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦਾ ਖਮਿਆਜ਼ਾ ਭੁਗਤਣਾ ਪਵੇਗਾ। ਅਫਗਾਨਿਸਤਾਨ ’ਚ ਸੱਤਾ ’ਤੇ ਕਾਬਜ਼ ਤਾਲਿਬਾਨ ਨੇ ਈਰਾਨ ਨੂੰ ਹੱਦ ’ਚ ਰਹਿਣ ਦੀ ਚਿਤਾਵਨੀ ਦਿੱਤੀ ਹੈ। ਤਾਲਿਬਾਨ ਕਮਾਂਡਰ ਹਾਮਿਦ ਖੁਰਾਸਾਨੀ ਨੇ ਕਿਹਾ- ਅਸੀਂ 24 ਘੰਟਿਆਂ ’ਚ ਈਰਾਨ ’ਤੇ ਜਿੱਤ ਹਾਸਲ ਕਰ ਸਕਦੇ ਹਾਂ।

Comment here