ਸਿਆਸਤਖਬਰਾਂਦੁਨੀਆ

ਪਾਣੀ … ਪਾਣੀ… ਹਾਏ ਪਾਣੀ.. ਪਾਕਿਸਤਾਨ ਚ ਹਾਹਾਕਾਰ

ਇਸਲਾਮਾਬਾਦ – ਪਾਕਿਸਤਾਨ ਸਰਕਾਰ ਲਈ ਆਏ ਦਿਨ ਨਵੀਂ ਸਿਰਦਰਦੀ ਖੜੀ ਹੋ ਜਾਂਦੀ ਹੈ। ਕਦੇ ਤਾਲਿਬਾਨਾਂ ਦਾ ਸਮਰਥਨ ਕਰਨ ਦੇ ਦੋਸ਼ ਨਾਲ ਵਿਸ਼ਵ ਪਧਰ ਦੀ ਅਲੋਚਨਾ, ਕਦੇ ਦੇਸ਼ ਦੇ ਅੰਦਰ ਘਟਗਿਣਤੀਆਂ ਤੇ ਹਮਲਿਆਂ ਦੇ ਦੋਸ਼, ਆਮ ਲੋੜਾਂ ਲਈ ਜੂਝਦੀ ਅਵਾਮ ਦਾ ਗੁੱਸਾ, ਪਾਣੀ ਦਾ ਸੰਕਟ ਤੇ ਹੁਣ  ਸਿੰਧੂ ਦਰਿਆ ਪ੍ਰਣਾਲੀ ਅਥਾਰਟੀ  ਵਲੋਂ ਸਿੰਧ ਸੂਬੇ ’ਚ ਪਾਣੀ ਦੀ ਮੰਗ ’ਚ ਕਟੌਤੀ ਦੇ ਫ਼ੈਸਲੇ ਨੇ ਦੋਵਾਂ ਪੱਖਾਂ ਵਿਚਾਲੇ ਵਿਵਾਦ ਤੇਜ਼ ਕਰ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਨਵਾਂ ਵਿਵਾਦ ਉਦੋਂ ਸਾਹਮਣੇ ਆਇਆ, ਜਦੋਂ ਆਈ. ਆਰ. ਐੱਸ. ਏ., ਜੋ ਸਿੰਧੂ ਦਰਿਆ ਦੇ ਜਲ ਸਰੋਤਾਂ ਨੂੰ ਕੰਟਰੋਲ ਕਰਦਾ ਹੈ, ਨੇ ਸਿੰਧ ਸਿੰਚਾਈ ਵਿਭਾਗ ਨੂੰ ਆਗਾਮੀ ਸੋਕੇ ਤੇ ਪਾਣੀ ਦੇ ਹਿੱਸੇ ’ਚ ਕਟੌਤੀ ਬਾਰੇ ਸੂਚਿਤ ਕੀਤਾ। ਸਿੰਧ ਦੇ ਮੰਤਰੀ ਜਾਮ ਖ਼ਾਨ ਸ਼ੋਰੋ ਨੇ ਕਿਹਾ, ‘ਸਿੰਧੂ ਦਰਿਆ ਦੇ ਕੰਢੇ ਹੋਣ ਕਾਰਨ ਦੂਜਿਆਂ ਦੀ ਤੁਲਨਾ ’ਚ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਸਾਰੀਆਂ ਬੈਰਾਜ ਨਹਿਰਾਂ ਲਈ ਬਰਾਬਰ ਕਟੌਤੀ ਲਾਗੂ ਕਰਨਾ ਠੀਕ ਨਹੀਂ ਹੈ।’ ਉਨ੍ਹਾਂ ਕਿਹਾ ਕਿ ਸਿੰਧ ਸਰਕਾਰ ਹਰ ਮੰਚ ’ਤੇ ਫ਼ੈਸਲੇ ਦਾ ਵਿਰੋਧ ਕਰੇਗੀ। ਸ਼ੋਰੋ ਨੇ ਇਹ ਵੀ ਕਿਹਾ ਕਿ ਆਈ. ਆਰ. ਐੱਸ. ਏ. ਤੇ ਹੋਰ ਸਬੰਧਤ ਅਧਿਕਾਰੀਆਂ ਵਲੋਂ ਤਾਉਨਸਾ-ਪੰਜਨਾਡ ਲਿੰਕ ਨਹਿਰ ਦੇ 1991 ਦੇ ਜਲ ਸਮਝੌਤੇ ਨੂੰ ਨਜ਼ਰਅੰਦਾਜ਼ ਕਰਨ ਦੇ ਚਲਦਿਆਂ ਸਿੰਧ ਪਹਿਲਾਂ ਹੀ ਗੰਭੀਰ ਪਾਣੀ ਦੀ ਘਾਟ ਨਾਲ ਜੂਝ ਰਿਹਾ ਹੈ। ਇਸ ਤੋਂ ਪਹਿਲਾਂ ਸਿੰਧ ਦੇ ਗੁੱਡੂ ਬੈਰਾਜ ਦੇ ਮੁੱਖ ਇੰਜੀਨੀਅਰ ਨੇ ਵੀ ਉਤਪਾਦਕਾਂ ਨੂੰ ਮਈ ਤੇ ਜੂਨ ’ਚ ਝੋਨੇ ਦੀ ਬਿਜਾਈ ਨਾ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਬੈਰਾਜ ਦੇ ਨਾਲ-ਨਾਲ ਸੂਬਾ 60 ਸਾਲਾਂ ’ਚ ਸਭ ਤੋਂ ਖਰਾਬ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਰਾਵਲ ਡੈਮ ਤੇ ਖਾਨਪੁਰ ਡੈਮ ’ਚ ਪਾਣੀ ਦੀ ਘਾਟ ਨਾਲ ਵੀ ਸੰਕਟ ਪੈਦਾ ਹੋ ਗਿਆ ਹੈ ਕਿਉਂਕਿ ਦੋਵੇਂ ਡੈਮ ਲਗਭਗ ਹੇਠਲੇ ਪੱਧਰ ਨੂੰ ਛੂਹ ਚੁੱਕੇ ਹਨ। ਡਿੱਗਦੇ ਪਾਣੀ ਦੇ ਪੱਧਰ ਤੇ ਅੱਤ ਦੀ ਗਰਮੀ ਕਾਰਨ ਪਾਕਿਸਤਾਨ ਦੇ ਗੈਰੀਸਨ ਸ਼ਹਿਰ ’ਚ ਵੀ ਪਾਣੀ ਦੀ ਕਿੱਲਤ ਦੀ ਸਥਿਤੀ ਖਰਾਬ ਹੋ ਗਈ ਹੈ।

Comment here