ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਖ਼ਿਲਾਫ਼ ਅੱਤਵਾਦੀ ਗਤੀਵਿਧੀਆਂ ਦੀ ਤਾਲਿਬਾਨ ਨਹੀਂ ਦੇਵੇਗਾ ਇਜਾਜ਼ਤ

ਇਸਲਾਮਾਬਾਦ-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਾਬੁਲ ’ਚ ਆਪਣੇ ਇਕ ਦਿਨਾ ਦੌਰੇ ਤੋਂ ਬਾਅਦ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਤਾਲਿਬਾਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਨਾ ਤਾਂ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਨਾ ਹੀ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਅਫ਼ਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਉਦੇਸ਼ ਅਫ਼ਗਾਨਿਸਤਾਨ ਲਈ ਇਕ ਤਾਲਮੇਲ ਵਾਲੀ ਖੇਤਰੀ ਪਹੁੰਚ ਪੈਦਾ ਕਰਨਾ ਸੀ।
ਕੁਰੈਸ਼ੀ ਨੇ ਕਿਹਾ ਕਿ ਤਾਲਿਬਾਨ ਨੂੰ ਦੱਸਿਆ ਗਿਆ ਕਿ ਕਿਵੇਂ ਪਾਕਿਸਤਾਨ ਪੂਰੀ ਦੁਨੀਆ ਨੂੰ ਅਫ਼ਗਾਨਿਸਤਾਨ ’ਚ ਸਹਾਇਤਾ ਪ੍ਰੋਗਰਾਮਾਂ ਲਈ ਬੇਨਤੀ ਕਰ ਰਿਹਾ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਦੇਸ਼ ਦੀ ਅਰਥਵਿਵਸਥਾ ਨੂੰ ਢਹਿ-ਢੇਰੀ ਹੋਣ ਤੋਂ ਬਚਾਉਣ। ਪ੍ਰੈੱਸ ਕਾਨਫਰੰਸ ’ਚ ਵਿਦੇਸ਼ ਮੰਤਰੀ ਨੇ ਅਫ਼ਗਾਨਿਸਤਾਨ ਨੂੰ 5 ਬਿਲੀਅਨ ਪਾਕਿਸਤਾਨੀ ਰੁਪਏ (28 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ) ਰਕਮ ਦੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਬਾਰੇ ਵੀ ਗੱਲ ਕੀਤੀ। ਵੱਖ-ਵੱਖ ਮੰਤਰਾਲਿਆਂ ਤੇ ਸੰਸਥਾਵਾਂ ਦੇ ਪ੍ਰਤੀਨਿਧੀਆਂ ਵਾਲਾ ਇਕ ਪੱਧਰੀ ਵਫ਼ਦ ਵਿਦੇਸ਼ ਮੰਤਰੀ ਦੇ ਨਾਲ ਉਨ੍ਹਾਂ ਦੇ ਅਫ਼ਗਾਨ ਦੌਰੇ ’ਤੇ ਸੀ, ਜਿਸ ਨੇ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਯਾਤਰਾ ਦੇ ਮੁੱਦਿਆਂ ਨੂੰ ਸੰਬੋਧਿਤ ਕਰਨ ਲਈ ਵੱਖ-ਵੱਖ ਯੋਜਨਾਵਾਂ ਅਤੇ ਪਹਿਲਕਦਮੀਆਂ ’ਤੇ ਚਰਚਾ ਕੀਤੀ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ਹੁਣ ਵਪਾਰਕ ਗਤੀਵਿਧੀਆਂ ਲਈ ਦਿਨ-ਰਾਤ ਹਮੇਸ਼ਾ ਖੁੱਲ੍ਹੀ ਰਹੇਗੀ ਅਤੇ ਅਫ਼ਗਾਨ ਕਾਰੋਬਾਰੀਆਂ ਨੂੰ ਵੀਜ਼ਾ ਆਨ ਅਰਾਈਵਲ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਯਾਤਰੀਆਂ ਨੂੰ ਸਿਹਤ ਸੰਭਾਲ ਦੇ ਮੁੱਦਿਆਂ ਜਾਂ ਕਿਸੇ ਐਮਰਜੈਂਸੀ ਲਈ ਵੀਜ਼ਾ ਆਨ ਅਰਾਈਵਲ ਵੀ ਦਿੱਤਾ ਜਾਵੇਗਾ।

Comment here