ਇਸਲਾਮਾਬਾਦ-ਇਮਰਾਨ ਸਰਕਾਰ ਅਤੇ ਪਾਬੰਦੀਸ਼ੁਦਾ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐੱਲਪੀ) ਲੰਬੀ ਗੱਲਬਾਤ ਤੋਂ ਬਾਅਦ ਇਕ ਸਮਝੌਤੇ ’ਤੇ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਗੱਲਬਾਤ ਲਈ ਨਿਯੁਕਤ ਕੀਤੀ ਗਈ ਟੀਮ ਨੇ ਇਸ ਸਮਝੌਤੇ ਦਾ ਐਲਾਨ ਕੀਤਾ। ਯਾਦ ਰਹੇ ਕਿ ਟੀਐੱਲਪੀ ਅਤੇ ਇਮਰਾਨ ਸਰਕਾਰ ਵਿਚਕਾਰ ਕਿਹੜੇ ਬਿੰਦੂਆਂ ’ਤੇ ਸਮਝੌਤਾ ਹੋਇਆ ਹੈ, ਇਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ।
ਯਾਦ ਰਹੇ ਕਿ ਇਮਰਾਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਫਰਾਂਸੀਸੀ ਦੂਤ ਨੂੰ ਕੱਢਣ ਦੀ ਟੀਐੱਲਪੀ ਵਰਕਰਾਂ ਦੀ ਮੰਗ ਨੂੰ ਪੂਰਾ ਨਹੀਂ ਕਰ ਸਕਦੀ। ਇਸ ਤੋਂ ਬਾਅਦ ਟੀਐੱਲਪੀ ਨੇ ਆਪਣੇ ਹਮਾਇਤੀਆਂ ਨੂੰ ਇਸਲਾਮਾਬਾਦ ਵੱਲ ਕੂਚ ਕਰਨ ਦਾ ਫਰਮਾਣ ਸੁਣਾਇਆ ਸੀ। ਇਸ ਤੋਂ ਬਾਅਦ ਹਜ਼ਾਰਾਂ ਮੈਂਬਰਾਂ ਨੇ 15 ਅਕਤੂਬਰ ਨੂੰ ਲਾਹੌਰ ਤੋਂ ਇਸਲਾਮਾਬਾਦ ਵੱਲ ਉਦੋਂ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਸੀ। ਪਾਕਿਸਤਾਨ ਸਰਕਾਰ ਨੇ ਟੀਐੱਲਪੀ ਹਮਾਇਤੀਆਂ ਨੂੰ ਰੋਕਣ ਲਈ ਸੜਕਾਂ ’ਤੇ ਵੱਡੇ-ਵੱਡੇਕੰਟੇਨਰ ਲਾਏ ਸਨ। ਨਾਲ ਹੀ ਵੱਡੀ ਗਿਣਤੀ ’ਚ ਸੁਰੱਖਿਆ ਬਲਾਂ ਦੀ ਤਾਇਨਾਤੀ ਕਰ ਦਿੱਤੀ ਸੀ। ਮਾਰਚ ਦੌਰਾਨ ਹੋਈਆਂ ਹਿੰਸਕ ਝੜਪਾਂ ’ਚ ਕਈ ਪੁਲਿਸਕਰਮੀ ਮਾਰੇ ਗਏ ਸਨ।
ਰੌਲ਼ਾ ਵਧਦਾ ਵੇਖ ਕੇ ਅਤੇ ਪਾਕਿਸਤਾਨ ’ਚ ਲਗਾਤਾਰ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪ੍ਰਭਾਵਸ਼ਾਲੀ ਮੌਲਵੀਆਂ ਦੇ ਇਕ ਗਰੁੱਪ ਨੂੰ ਤਹਿਰੀਕ-ਏ-ਲਬੈਕ ਨਾਲ ਗੱਲਬਾਤ ਕਰਨ ਦਾ ਕੰਮ ਸੌਂਪਿਆ ਸੀ। ਰਿਪੋਰਟ ਅਨੁਸਾਰ, ਸਮਝੌਤੇ ਦਾ ਐਲਾਨ ਪ੍ਰੈੱਸ ਕਾਨਫਰੰਸ ’ਚ ਕੀਤਾ ਗਿਆ, ਜਿਸ ’ਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਧਾਰਮਿਕ ਵਿਦਵਾਨ ਮੁਫ਼ਤੀ ਮੁਨੀਬੁਰ ਰਹਿਮਾਨ, ਨੈਸ਼ਨਲ ਅਸੈਂਬਲੀ ਦੇ ਸਪੀਕਰਰ ਅਸਦ ਕੇਸਰ, ਸੰਸਦੀ ਕਾਰਜ ਕੰਮਰੀ ਅਲੀ ਮੁਹੰਮਦ ਖਾਨ, ਟੀਐੱਲਪੀ ਮੈਂਬਰ ਮੁਫ਼ਤੀ ਗੁਲਾਮ ਅੱਬਾਸ ਅਤੇ ਮੁਫ਼ਤੀ ਮੁਹੰਮਦ ਅਮੀਰ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਸਮਝੌਤੇ ਦਾ ਕੋਈ ਵੇਰਵਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਮਝੌਤੇ ਬਾਰੇ ਵਿਸਥਾਰਿਤ ਜਾਣਕਾਰੀ ਉੱਚਿਤ ਸਮੇਂ ’ਤੇ ਸਾਂਝੀ ਕੀਤੀ ਜਾਵੇਗੀ। ਮੁਨੀਬ ਨੇ ਕਿਹਾ ਕਿ ਇਹ ਸਮਝੌਤਾ ਕਿਸੇ ਦੀ ਜਿੱਤ ਨਹੀਂ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸਮਝੌਤੇ ਦਾ ਟੀਐੱਲਪੀ ਮੁਖੀ ਸਾਦ ਰਿਜ਼ਵੀ ਨੇ ਸਮਰਥਨ ਕੀਤਾ ਹੈ।
Comment here