ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਸਰਕਾਰ ਦਾ ਪਰਦਾਫਾਸ਼ ਕਰਨ ਵਾਲੇ ਪੱਤਰਕਾਰ ਦੀ ਪਤਨੀ ’ਤੇ ਹਮਲਾ

ਇਸਲਾਮਾਬਾਦ-ਲਾਹੌਰ ਸ਼ਹਿਰ ਦੇ ਤਾਜਪੁਰਾ ਇਲਾਕੇ ਵਿਚ ਆਪਣੀ ਭੈਣ ਤੇ ਧੀ ਨਾਲ ਖਰੀਦਦਾਰੀ ਕਰ ਰਹੀ ਸੀਨੀਅਰ ਪੱਤਰਕਾਰ ਅਹਿਮਦ ਨੂਰਾਨੀ ਦੀ ਪਤਨੀ ’ਤੇ ਅਣਪਛਾਤੇ ਵਿਅਕਤੀ ਨੇ ਹਮਲਾ ਕਰ ਦਿੱਤਾ। ਨੂਰਾਨੀ ਕਈ ਵਾਰ ਇਮਰਾਨ ਸਰਕਾਰ ਦਾ ਪਰਦਾਫਾਸ਼ ਕਰਦੇ ਰਹੇ ਹਨ। ਪੀੜਤਾ ਅੰਬਰੀਨ ਫਾਤਿਮਾ ਵੀ ਪੇਸ਼ੇ ਤੋਂ ਪੱਤਰਕਾਰ ਹਨ। ਪੁਲਸ ਰਿਪੋਰਟ ਦੇ ਅਨੁਸਾਰ ਹਮਲਾਵਰ ਨੇ ਲੋਹੇ ਦੀ ਛੜ ਨਾਲ ਫਾਤਿਮਾ ਦੀ ਕਾਰ ਦੀ ਵਿੰਡਸਕ੍ਰੀਨ ਤੋੜ ਦਿੱਤੀ ਤੇ ਉਸ ਨੇ ਉਥੋਂ ਭੱਜਣ ਤੋਂ ਪਹਿਲਾਂ ਉਨ੍ਹਾਂ ਨੂੰ ਧਮਕੀ ਵੀ ਦਿੱਤੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਓ ਨਿਊਜ਼ ਨੇ ਪੰਜਾਬ ਪੁਲਸ ਦੇ ਹਵਾਲੇ ਤੋਂ ਕਿਹਾ ਕਿ ਪੁਲਸ ਮੁਖੀ ਦੀ ਅਗਵਾਈ ’ਚ ਇਕ ਟੀਮ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਹਮਲਾਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫਾਤਿਮਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਤੇ ਲਾਹੌਰ ਸ਼ਹਿਰ ਦੇ ਤਾਜਪੁਰਾ ਇਲਾਕੇ ਵਿਚ ਆਪਣੀ ਭੈਣ ਤੇ ਧੀ ਨਾਲ ਖਰੀਦਦਾਰੀ ਕਰ ਰਹੀ ਸੀ, ਉਦੋਂ ਹੀ ਉਨ੍ਹਾਂ ’ਤੇ ਅਣਪਛਾਤੇ ਵਿਅਕਤੀ ਨੇ ਹਮਲਾ ਕੀਤਾ।
ਉਨ੍ਹਾਂ ਸਰਕਾਰ ਤੋਂ ਸੁਰੱਖਿਆਂ ਦੀ ਮੰਗ ਕੀਤੀ ਤੇ ਇਹ ਯਕੀਨੀ ਕਰਨ ਲਈ ਕਿਹਾ ਕਿ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਪੀ. ਐੱਮ. ਐੱਲ.-ਐੱਨ ਦੀ ਉਪ ਮੁਖੀ ਮਰੀਅਮ ਨਵਾਜ਼ ਨੇ ਹਮਲੇ ਦੀ ਨਿੰਦਾ ਕਰਦਿਆਂ ਟਵੀਟ ਕੀਤਾ, ‘‘ਹਮਲਾਵਰਾਂ ਨੇ ਇਕ ਨਿਹੱਥੀ ਔਰਤ ’ਤੇ ਹਮਲਾ ਕੀਤਾ ਹੈ ਕਿਉਂਕਿ ਉਹ ਕਿਸੇ ਅਜਿਹੇ ਵਿਅਕਤੀ ਨਾਲ ਸਬੰਧਿਤ ਹੈ, ਜੋ ਉਨ੍ਹਾਂ ਦਾ ਪਰਦਾਫ਼ਾਸ਼ ਕਰ ਰਿਹਾ ਹੈ। ਮੈਂ ਇਸ ਤੋਂ ਬਿਲਕੁਲ ਵੀ ਹੈਰਾਨ ਨਹੀਂ ਹਾਂ। ਈਸ਼ਵਰ ਤੁਹਾਡੇ ਨਾਲ ਰਹੇ ਅੰਬਰੀਨ’’ ਜਿਓ ਨਿਊਜ਼ ਦੇ ਮੁਤਾਬਕ ਨੈਸ਼ਨਲ ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਵੀ ਹਮਲੇ ਦੀ ਆਲੋਚਨਾ ਕੀਤੀ ਤੇ ਘਟਨਾ ਦੀ ਉੱਚ ਪੱਧਰ ’ਤੇ ਜਾਂਚ ਦੀ ਮੰਗ ਕੀਤੀ।

Comment here