ਸਿਆਸਤਖਬਰਾਂਚਲੰਤ ਮਾਮਲੇ

ਪਾਕਿ ਸਰਕਾਰ ਚੋਣ ਤਰੀਕਾਂ ਮਿੱਥੇ, ਨਹੀਂ ਤਾਂ ਵਿਧਾਨ ਸਭਾਵਾਂ ਹੋਣਗੀਆਂ ਭੰਗ : ਇਮਰਾਨ ਖਾਨ

ਇਸਲਾਮਾਬਾਦ-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਮੁਖੀ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਆਗੂ ਸੂਬਾਈ ਵਿਧਾਨ ਸਭਾਵਾਂ ਤੋਂ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਨੇ ਰਾਜਧਾਨੀ ਇਸਲਾਮਾਬਾਦ ਵੱਲ ਮਾਰਚ ਕਰਨ ਦਾ ਸੱਦਾ ਇਹ ਕਹਿੰਦੇ ਹੋਏ ਵਾਪਸ ਲੈ ਲਿਆ ਕਿ ਇਸ ਦੇ ਗੰਭੀਰ ਨਤੀਜੇ ਹੋਣਗੇ। ਖ਼ਾਨ ਨੇ ਸ਼ੁੱਕਰਵਾਰ ਨੂੰ ਚੇਤਾਵਨੀ ਦਿੱਤੀ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਫੈਡਰਲ ਸਰਕਾਰ ਗੱਲਾਬਤ ਜ਼ਰੀਏ ਮਸਲਿਆਂ ਦਾ ਹੱਲ ਕਰਕੇ ਆਮ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਨਹੀਂ ਕਰਦੀ ਹੈ ਤਾ ਉਹ ਪੰਜਾਬ ਅਤੇ ਖ਼ੈਬਰ ਪਖਤੂਨਖਵਾ ਸੂਬੇ ਦੀਆਂ ਵਿਧਾਨ ਸਭਾਵਾਂ ਨੂੰ ਭੰਗ ਕਰ ਦੇਣਗੇ।
ਖਾਨ ਨੇ ਕਿਹਾ, ‘‘ਇਸ ਸਭ ਨੂੰ ਦੇਖਦੇ ਹੋਏ, ਮੈਂ ਫੈਸਲਾ ਕੀਤਾ ਹੈ ਕਿ ਜਾਂ ਤਾਂ ਸਾਡੇ ਨਾਲ ਗੱਲਬਾਤ ਕਰਕੇ ਚੋਣਾਂ ਦੀ ਤਾਰੀਖ਼ ਤੈਅ ਕਰੋ ਜਾਂ ਮੰਨ ਲਏ ਕਿ ਪਾਕਿਸਤਾਨ ਦੇ ਲਗਭਗ 66 ਫ਼ੀਸਦੀ ਖੇਤਰ – ਖੈਬਰ ਪਖਤੂਨਖਵਾ ਅਤੇ ਪੰਜਾਬ ਵਿਚ – ਜੇਕਰ ਅਸੀਂ ਵਿਧਾਨ ਸਭਾਵਾਂ ਨੂੰ ਭੰਗ ਕਰ ਦਿੰਦੇ ਹਾਂ ਤਾਂ ਚੋਣਾਂ ਹੋਣਗੀਆਂ।” ਖਾਨ ਦੀ ਪਾਰਟੀ ‘ਪੀਟੀਆਈ’ ਪੰਜਾਬ, ਖੈਬਰ ਪਖਤੂਨਖਵਾ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਅਤੇ ਗਿਲਗਿਤ-ਬਾਲਤਿਸਤਾਨ ਸੂਬੇ ਵਿੱਚ ਸੱਤਾ ਵਿੱਚ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਅਗਵਾਈ ਵਾਲੀ ਸੰਘੀ ਸਰਕਾਰ ਨੇ ਪੰਜਾਬ ਅਤੇ ਖੈਬਰ ਪਖਤੂਨਖਵਾ ਸੂਬਿਆਂ ’ਚ ‘ਗਵਰਨਰ’ ਸ਼ਾਸਨ ਲਾਗੂ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਗੱਲਬਾਤ ਲਈ ਖਾਨ ਦੀ ਪੇਸ਼ਕਸ਼ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਕਿਹਾ, ‘‘ਜਦੋਂ ਸਿਆਸਤਦਾਨ ਕੁਝ ਕਰਨ ਦਾ ਫੈਸਲਾ ਕਰਦੇ ਹਨ ਤਾਂ ਮਸਲੇ ਹੱਲ ਹੋ ਜਾਂਦੇ ਹਨ।’’ ਖਾਨ ਨੂੰ ਇਸ ਸਾਲ ਅਪ੍ਰੈਲ ’ਚ ਨੈਸ਼ਨਲ ਅਸੈਂਬਲੀ ’ਚ ਬੇਭਰੋਸਗੀ ਮਤਾ ਪਾਸ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਖਾਨ ਪਾਕਿਸਤਾਨ ਵਿੱਚ ਨਵੇਂ ਸਿਰੇ ਤੋਂ ਆਮ ਚੋਣਾਂ ਦੀ ਮੰਗ ਕਰ ਰਹੇ ਹਨ। ਹਾਲਾਂਕਿ ਪ੍ਰਧਾਨ ਮੰਤਰੀ ਸ਼ਰੀਫ ਦੀ ਅਗਵਾਈ ਵਾਲੀ ਸੰਘੀ ਸਰਕਾਰ ਹੁਣ ਚੋਣਾਂ ਕਰਵਾਉਣ ਦਾ ਵਿਰੋਧ ਕਰ ਰਹੀ ਹੈ। ਮੌਜੂਦਾ ਨੈਸ਼ਨਲ ਅਸੈਂਬਲੀ ਦਾ ਕਾਰਜਕਾਲ ਅਗਸਤ 2023 ਵਿੱਚ ਖ਼ਤਮ ਹੋਵੇਗਾ।

Comment here