ਅਪਰਾਧਸਿਆਸਤਖਬਰਾਂ

ਪਾਕਿ ਸਰਕਾਰ ਇਮਰਾਨ ਦੀ ਪਾਰਟੀ ’ਤੇ ਪਾਬੰਦੀ ਲਗਾਉਣ ਦੀ ਤਿਆਰੀ ’ਚ

ਇਸਲਾਮਾਬਾਦ-ਪਾਕਿਸਤਾਨ ਦੀ ਸੱਤਾਧਾਰੀ ਸ਼ਾਹਬਾਜ਼ ਸ਼ਰੀਫ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ’ਤੇ ਪਾਬੰਦੀ ਲਗਾਉਣ ਦੀ ਤਿਆਰੀ ਦੇ ਨਾਲ ਪਾਰਟੀ ਦੇ ਨੇਤਾਵਾਂ ਨੂੰ ਡਰਾ-ਧਮਕਾ ਕੇ ਜਾਂ ਤਾਂ ਪੀ. ਟੀ. ਆਈ. ਛੱਡਣ ਜਾਂ ਨਤੀਜੇ ਭੁਗਤਣ ਨੂੰ ਤਿਆਰ ਰਹਿਣ ਨੂੰ ਕਹਿ ਰਹੀ ਹੈ। ਇਨ੍ਹਾਂ ਧਮਕੀਆਂ ਕਾਰਨ ਪਿਛਲੇ 3-4 ਦਿਨਾਂ ਵਿਚ ਪਾਰਟੀ ਦੇ ਕਈ ਨੇਤਾ ਕੋਈ ਨਾ ਕੋਈ ਬਹਾਨਾ ਬਣਾ ਕੇ ਇਮਰਾਨ ਖਾਨ ਦਾ ਸਾਥ ਛੱਡ ਰਹੇ ਹਨ। ਇਸ ਦਰਮਿਆਨ, ਇਮਰਾਨ ਦੇ ਕਰੀਬੀ ਅਤੇ ਉਨ੍ਹਾਂ ਦੀ ਸਰਕਾਰ ਵਿਚ ਮੰਤਰੀ ਰਹੇ ਫਵਾਦ ਚੌਧਰੀ ਨੇ ਵੀ ਬੁੱਧਵਾਰ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ। 9 ਮਈ ਨੂੰ ਹੋਈ ਹਿੰਸਾ ਤੋਂ ਬਾਅਦ ਸਰਕਾਰ ਲਗਾਤਾਰ ਪੀ. ਟੀ. ਆਈ. ਦੇ ਨੇਤਾਵਾਂ ’ਤੇ ਸ਼ਿਕੰਜਾ ਕੱਸ ਰਹੀ ਹੈ। ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਕਿ ਸਰਕਾਰ ਪੀ. ਟੀ. ਆਈ. ’ਤੇ ਪਾਬੰਦੀ ਲਗਾਉਣ ’ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੀ. ਟੀ. ਆਈ. ਨੇ ਦੇਸ਼ ਦੇ ਆਧਾਰ ’ਤੇ ਹਮਲਾ ਕੀਤਾ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
9 ਮਈ, 2023 ਨੂੰ ਭ੍ਰਿਸ਼ਟਾਚਾਰ ਇਕ ਮਾਮਲੇ ਵਿਚ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਦੇਸ਼ਭਰ ਵਿਚ ਵੱਡੇ ਪੈਮਾਨੇ ’ਤੇ ਵਿਰੋਧ ਪ੍ਰਦਰਸ਼ਨ ਹੋਏ ਸਨ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਲਾਹੌਰ, ਕਰਾਚੀ ਅਤੇ ਇਸਲਾਮਾਬਾਦ ਸਮੇਤ ਕਈ ਸ਼ਹਿਰਾਂ ਵਿਚ ਵੱਡੇ ਪੈਮਾਨੇ ’ਤੇ ਅਤੇ ਹਿੰਸਕ ਵਿਰੋਧ ਪ੍ਰਦਰਸ਼ਨ ਹੋਏ। ਵੱਡੀ ਗਿਣਤੀ ‘ਚ ਪੀ. ਟੀ. ਆਈ. ਕਾਰਕੁੰਨ ਕੋਰ ਕਮਾਂਡਰ ਲਾਹੌਰ ਰਿਹਾਇਸ਼ ਵਿਚ ਦਾਖਲ ਹੋ ਗਏ। ਇਸ ਦਰਮਿਆਨ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁੱਖ ਨੇਤਾਵਾਂ ਸ਼ਾਹ ਮਹਿਮੂਦ ਕੁਰੈਸ਼ੀ, ਜਮਸ਼ੇਦ ਚੀਮਾ ਅਤੇ ਉਨ੍ਹਾਂ ਦੀ ਪਤਨੀ ਮੁਸ਼ਰੱਤ ਚੀਮਾ ਨੂੰ ਬੁੱਧਵਾਰ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਲਾਹੌਰ ਪੁਲਸ ਨੇ ਪੀ. ਟੀ. ਆਈ. ਦੇ 746 ਨੇਤਾਵਾਂ ਦੀ ਵਿਦੇਸ਼ ਯਾਤਰਾ ’ਤੇ ਲਗਾਈ ਪਾਬੰਦੀ
ਲਾਹੌਰ ਪੁਲਸ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ 746 ਨੇਤਾਵਾਂ ਦੇ ਨਾਂ ਇਕ ਮਹੀਨੇ ਲਈ ਵਿਦੇਸ਼ ਯਾਤਰਾ ’ਤੇ ਪਾਬੰਦੀ ਲਗਾਉਣ ਲਈ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਨੂੰ ਭੇਜੇ ਹਨ। ਡਾਨ ਦੀ ਰਿਪੋਰਟ ਮੁਤਾਬਕ ਪੰਜਾਬ ਸਰਕਾਰ ਨੇ ਦੰਗਿਆਂ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਸ਼ਾਮਲ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਤੇਜ਼ ਕਰਨ ਦਾ ਵੀ ਫੈਸਲਾ ਕੀਤਾ ਹੈ। ਪਾਰਟੀ ਪ੍ਰਧਾਨ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ 9 ਮਈ ਨੂੰ ਭੜਕੀ ਹਿੰਸਾ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਲਈ ਪੀ. ਟੀ. ਆਈ. ਦੇ 746 ਨੇਤਾ ਅਤੇ ਵਰਕਰ ਅਧਿਕਾਰੀਆਂ ਦੇ ਰਾਡਾਰ ’ਤੇ ਹਨ।
ਐੱਫ. ਆਈ. ਏ. ਨੂੰ ਭੇਜੀ ਗਈ ਸੂਚੀ ਵਿਚ ਫੈਸ਼ਨ ਡਿਜ਼ਾਈਨਰ ਖਾਦੀਜਾ ਸ਼ਾਹ, ਪੀ. ਟੀ. ਆਈ. ਦੇ ਸੀਨੀਅਰ ਆਗੂ ਸ਼ਫਕਤ ਮਹਿਮੂਦ, ਖਾਨ ਦੇ ਭਤੀਜੇ ਹਸਨ ਨਿਆਜ਼ੀ, ਪਾਰਟੀ ਸਮਰਥਕ ਸਨਮ ਜਾਵੇਦ ਖਾਨ ਅਤੇ ਹੋਰਾਂ ਦੇ ਨਾਂ ਸ਼ਾਮਲ ਹਨ।

Comment here