ਇਸਲਾਮਾਬਾਦ-ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ 34 ਸਾਲਾਂ ਪੁੱਤਰ ਬਿਲਾਵਲ ਨੇ ਅਮਰੀਕੀ ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈੱਸ ਨੂੰ ਦਿੱਤੇ ਇਕ ਇੰਟਰਵਿਊ ‘ਚ ਕਿਹਾ ਕਿ ਉਨ੍ਹਾਂ ਦਾ ਦੇਸ਼ ਵੱਖ-ਵੱਖ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਜਿਨ੍ਹਾਂ ‘ਚ ਆਰਥਿਕ ਸੰਕਟ ਤੋਂ ਲੈ ਕੇ ਭਿਆਨਕ ਹੜ੍ਹਾਂ ਨਾਲ ਪੈਦਾ ਹੋਈਆਂ ਸਥਿਤੀਆਂ ਅਤੇ ਅਫਗਾਨਿਸਤਾਨ ‘ਚ ਤਾਲਿਬਾਨ ਦੇ ਸੱਤਾ ‘ਤੇ ਕਬਜ਼ਾ ਹੋਣ ਤੋਂ ਬਾਅਦ ਅੱਤਵਾਦ ਦਾ ਇਕ ਤੋਂ ਵੱਧ ਵਾਰ ਸਿਰ ਚੁੱਕਣਾ ਸ਼ਾਮਲ ਹੈ। ਬਿਲਾਵਲ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਵੀ ਹੋਰਾਂ ਦੇਸ਼ਾਂ ਵਾਂਗ ‘ਹਾਈਪਰ-ਪਾਰਟੀਸਨ” ਅਤੇ “ਹਾਈਪਰ-ਪੋਲਰਾਈਜ਼ਡ ਰਾਜਨੀਤੀ’ ਦਾ ਸ਼ਿਕਾਰ ਰਿਹਾ ਹੈ। ਨਕਦੀ ਦੀ ਤੰਗੀ ਨਾਲ ਜੂਝ ਰਹੇ ਆਪਣੇ ਦੇਸ਼ ਦੀ ਆਰਥਿਕ ਮਦਦ ਦੀ ਲੋੜ ‘ਤੇ ਚਰਚਾ ਕਰਦੇ ਹੋਏ ਉਨ੍ਹਾਂ ਨੇ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ) ਦੀ ਆਲੋਚਨਾ ਕੀਤੀ ਜਿਸ ਨੇ 6 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਪਿਛਲੇ ਮਹੀਨੇ ਮੁਲਤਵੀ ਕਰ ਦਿੱਤਾ ਸੀ ਕਿਉਂਕਿ ਪਾਕਿਸਤਾਨ 2019 ਦੇ ਇਕ ਸਮਝੌਤੇ ਤਹਿਤ ਸ਼ਰਤਾਂ ਨੂੰ ਪੂਰਾ ਕਰਨ ‘ਚ ਅਸਫ਼ਲ ਰਿਹਾ ਸੀ। ਉਨ੍ਹਾਂ ਨੇ ਭਾਰਤ ਦੇ ਨਾਲ ਕਈ ਦੁਵੱਲੇ ਮੁੱਦਿਆਂ, ਅਫਗਾਨਿਸਤਾਨ ‘ਚ ਦਹਾਕਿਆਂ ਦੇ ਸੰਘਰਸ਼ ਦੇ ਨਾਲ-ਨਾਲ ਈਰਾਨ ‘ਤੇ ਪਾਬੰਦੀਆਂ ਨੂੰ ਰੇਖਾਂਕਿਤ ਕੀਤਾ ਜਿਸ ਨਾਲ ਉਨ੍ਹਾਂ ਦੇ ਦੇਸ਼ ਦਾ ਵਪਾਰ ਬੰਦ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣੇ ਗੁਆਂਢੀਆਂ ਨਾਲ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
Comment here