ਅਪਰਾਧਸਿਆਸਤਦੁਨੀਆਵਿਸ਼ੇਸ਼ ਲੇਖ

ਪਾਕਿ ਵਲੋਂ ਭਾਰਤ ਖਿਲਾਫ ਸਾਈਬਰ ਹਮਲੇ ਅੱਤਵਾਦ ਨਾਲੋਂ ਵੀ ਖਤਰਨਾਕ

ਪਾਕਿਸਤਾਨ ਆਪਣੀ ਸਥਾਪਨਾ ਦੇ ਦਿਨ ਤੋਂ ਹੀ ਭਾਰਤ ਲਈ ਕੋਈ ਨਾ ਕੋਈ ਮੁਸੀਬਤ ਖੜੀ ਰੱਖਦਾ ਹੈ। ਉਹ ਕਾਰਗਿਲ ਸਮੇਤ ਭਾਰਤ ਨਾਲ ਚਾਰ ਲੜਾਈਆਂ ਲੜ ਚੁੱਕਾ ਹੈ ਪਰ ਹਰ ਵਾਰ ਮੂੰਹ ਦੀ ਖਾਧੀ ਹੈ। ਉਸ ਨੂੰ ਇਹ ਸਮਝ ਆ ਗਈ ਹੈ ਕਿ ਭਾਰਤ ਦੇ ਖਿਲਾਫ ਸਿੱਧੀ ਜੰਗ ਵਿੱਚ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਇਸ ਕਾਰਨ ਉਹ ਪਾਕਿ ਅਧਾਰਿਤ ਅੱਤਵਾਦੀ ਜਥੇਬੰਦੀਆਂ ਹਿਜ਼ਬੁਲ ਮੁਜ਼ਾਹਦੀਨ, ਜੈਸ਼ੇ ਮੁਹੰਮਦ, ਲਸ਼ਕਰੇ ਤੋਇਬਾ ਅਤੇ ਹਰਕਤ ਅਲ ਅਨਸਾਰ ਆਦਿ ਰਾਹੀਂ ਕਈ ਸਾਲਾਂ ਤੋਂ ਭਾਰਤ ਵਿੱਚ ਕਤਲੋਗਾਰਤ ਅਤੇ ਭੰਨਤੋੜ ਦੀਆਂ ਘਟੀਆ ਗਤੀਵਿਧੀਆਂ ਚਲਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਹੁਣ ਉਸ ਨੇ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਸਾਈਬਰ ਹਮਲੇ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ। ਸਾਈਬਰ ਹਮਲੇ ਇੱਕ ਅਜਿਹਾ ਆਧੁਨਿਕ, ਸੁਰੱਖਿਅਤਅ ਤੇ ਖਤਰਨਾਕ ਹਥਿਆਰ ਹੈ, ਜਿਸ ਰਾਹੀਂ ਬਗੈਰ ਖੂਨ ਖਰਾਬੇ ਤੋਂ ਦੂਸਰੇ ਦੇਸ਼ ਦੀ ਸੁਰੱਖਿਆ ਵਿੱਚ ਸੰਨ੍ਹ ਲਗਾਈ ਜਾ ਸਕਦੀ ਹੈ। ਮਿਸਾਲ ਦੇ ਤੌਰ ‘ਤੇ ਉਸ ਦੇ ਏਅਰਪੋਰਟ ਜਾਮ ਕੀਤੇ ਜਾ ਸਕਦੇ ਹਨ, ਬਿਜਲੀ ਗਰਿੱਡ ਬੰਦ ਕਰ ਕੇ ਬਲੈਕਆਊਟ ਕੀਤਾ ਜਾ ਸਕਦਾ ਹੈ ਤੇ ਸ਼ੇਅਰ ਮਾਰਕੀਟ ਨੂੰ ਮੂਧੇ ਮੂੰਹ ਸੁੱਟਿਆ ਜਾ ਸਕਦਾ ਹੈ। ਵੈਸੇ ਤਾਂ ਪਾਕਿਸਤਾਨ ਇਸ ਵੇਲੇ ਆਰਥਿਕ ਤੌਰ ‘ਤੇ ਦੀਵਾਲੀਆ ਦੇਸ਼ ਹੈ, ਪਰ ਇਹ ਸੱਚਾਈ ਹੈ ਕਿ ਚੀਨ ਤੋਂ ਬਾਅਦ ਪਾਕਿਸਤਾਨ ਦੇ ਹੈਕਰ ਸੰਸਾਰ ਵਿੱਚ ਸਭ ਤੋਂ ਵੱਧ ਬਦਨਾਮ ਅਤੇ ਖਤਰਨਾਕ ਹਨ।
ਹੁਣ ਤੱਕ ਪਾਕਿਸਤਾਨ ਦੇ ਹੈਕਰ ਗਰੁੱਪ ਭਾਰਤ ਦੇ ਅਨੇਕਾਂ ਸੰਵੇਦਨਸ਼ੀਲ ਵਿਭਾਗਾਂ ਅਤੇ ਸਰਕਾਰੀ ਤੇ ਪ੍ਰਾਈਵੇਟ ਸਰਵਰਾਂ ਵਿੱਚ ਸੇਂਧਮਾਰੀ ਦੀ ਕੋਸ਼ਿਸ਼ ਕਰ ਚੁੱਕੇ ਹਨ। ਪਹਿਲਾਂ ਇਹ ਹਮਲੇ ਸਿਰਫ ਤੰਗ ਪਰੇਸ਼ਾਨ ਕਰਨ ਅਤੇ ਭਾਰਤੀ ਵੈੱਬਸਾਈਟਾਂ ਨੂੰ ਬਰਬਾਦ ਕਰਨ ਤੱਕ ਹੀ ਸੀਮਤ ਸਨ, ਪਰ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨੀ ਹੈਕਰਾਂ ਦੀ ਸਮਰੱਥਾ ਬਹੁਤ ਜਿਆਦਾ ਵਧ ਗਈ ਹੈ ਤੇ ਉਹ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਨੂੰ ਕਸ਼ਮੀਰ ਮਾਮਲੇ ‘ਤੇ ਬਦਨਾਮ ਕਰਨ ਅਤੇ ਅਫਵਾਹਾਂ ਫੈਲਾ ਕੇ ਭਾਰਤ ਦੀ ਪੱਛਮੀ ਅਤੇ ਇਸਲਾਮੀ ਦੇਸ਼ਾਂ ਵਿੱਚ ਦਿੱਖ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।  ਅਗਸਤ 2021 ਵਿੱਚ ਅਮਰੀਕਾ ਦੀ ਸਾਈਬਰ ਸਕਿਉਰਟੀ ਫਰਮ, ਬਲੈਕ ਲੋਟਸ ਲੈਬਸ ਨੇ ਇੱਕ ਰਿਪੋਰਟ ਰਾਹੀਂ ਦੱਸਿਆ ਸੀ ਕਿ ਪਾਕਿਸਤਾਨ ਦੇ ਇੱਕ ਹੈਕਰ ਗਰੁੱਪ ਰਿਵਰਸਰੈਟ 2.0 ਨੇ ਭਾਰਤ ਦੇ ਕੁਝ ਉੱਚ ਅਫਸਰਾਂ ਦੇ ਕੰਪਿਊਟਰਾਂ ਨੂੰ ਯੂ.ਐਨ.ਉ. ਵੱਲੋਂ ਆਯੋਜਿਤ ਸੰਗਠਿਤ ਅਪਰਾਧ ਸਬੰਧੀ ਇੱਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਈ ਮੇਲ ਰਾਹੀਂ ਜਾਅਲੀ ਸੱਦਾ ਪੱਤਰ ਭੇਜ ਕੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਰਿਵਰਸਰੈਟ 2.0 ਆਪਣੇ ਵੱਲੋਂ ਭੇਜੇ ਗਏ ਈਮੇਲ ਲਿੰਕ ਨੂੰ ਖੋਲ੍ਹਣ ਵਾਲੇ ਸ਼ਿਕਾਰ ਦੇ ਕੰਪਿਊਟਰ ਜਾਂ ਮੋਬਾਇਲ ਫੋਨ ਵਿੱਚ ਵਾਇਰਸ ਭੇਜ ਕੇ ਉਸ ਦੇ ਵੈੱਬਕੈਮ ਰਾਹੀਂ ਤਸਵੀਰਾਂ ਖਿੱਚ ਸਕਦਾ ਹੈ ਤੇ ਹਾਰਡ ਡਰਾਇਵ ਤੋਂ ਡਾਟਾ ਚੋਰੀ ਕਰ ਸਕਦਾ ਹੈ। ਬਲੈਕ ਲੋਟਸ ਦੇ ਮੁਤਾਬਕ ਰਿਵਰਸਰੈਟ 2.0, ਰਿਵਰਸਰੈਟ 1.0 ਗਰੁੱਪ ਦਾ ਹੀ ਨਵਾਂ ਖਤਰਨਾਕ ਰੂਪ ਹੈ ਜਿਸ ਨੇਮਾਰਚ 2020 ਵਿੱਚ ਭਾਰਤ ਦੇ ਬਿਜਲੀ ਸੈਕਟਰ ਅਤੇ ਕੁਝ ਹੋਰ ਸਰਕਾਰੀ ਦਫਤਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਭਾਰਤ ਕਈ ਸਾਲਾਂ ਤੋਂ ਪਾਕਿਸਤਾਨੀ ਹੈਕਰਾਂ ਦੇ ਅੱਵਲ ਨਿਸ਼ਾਨੇ ‘ਤੇ ਹੈ। ਅਗਸਤ 2020 ਵਿੱਚ ਅਇਰਲੈਂਡ ਦੀ ਐਂਟੀ ਹੈਕਿੰਗ ਸੰਸਥਾ ਮਾਲਵੇਅਰ ਲੈਬ ਨੇ ਪਾਕਿਸਤਾਨ ਦੇ ਸਰਕਾਰ ਪ੍ਰਯੋਜਿਤ ਹੈਕਰ ਗਰੁੱਪ ਏ.ਪੀ.ਟੀ. 36 ਵੱਲੋਂ ਭਾਰਤ ਸਰਕਾਰ ਦੇ ਅਹਿਮ ਕੂਟਨੀਤਕ ਅਤੇ ਸੁਰੱਖਿਆ ਦਫਤਰਾਂ ਵਿੱਚ ਘੁਸਪੈਠ ਦੀ ਕੋਸ਼ਿਸ਼ ਦੀ ਸੂਚਨਾ ਨਸ਼ਰ ਕੀਤੀ ਸੀ। ਇਹ ਉਹ ਹੀ ਬਦਨਾਮ ਗਰੁੱਪ ਹੈ ਜੋ ਭਾਰਤ ਦੇ ਸੁਰੱਖਿਆ ਅਤੇ ਕੂਟਨੀਤਕ ਵਿਭਾਗ ਦੇ ਅਫਸਰਾਂ ਨੂੰ ਖੂਬਸੂਰਤ ਔਰਤਾਂ ਦੇ ਜਾਲ (ਹਨੀ ਟਰੈਪ) ਵਿੱਚ ਫਸਾ ਕੇ ਪਾਕਿਸਤਾਨੀ ਫੌਜ ਲਈ ਜਰੂਰੀ ਸੂਚਨਾਵਾਂ ਇਕੱਤਰ ਕਰਦਾ ਹੈ।ਪਾਕਿਸਤਾਨੀ ਹਨੀ ਟਰੈਪਿੰਗ ਐਨੀ ਕਾਮਯਾਬ ਹੈ ਕਿ ਇਸ ਵਿੱਚ ਸਾਲ ਛੇ ਮਹੀਨੇ ਬਾਅਦ ਕੋਈ ਨਾ ਕੋਈ ਭਾਰਤੀ ਸੁਰੱਖਿਆ ਮੁਲਾਜ਼ਮ ਫਸ ਹੀ ਜਾਂਦਾ ਹੈ। ਮਰਦਾਂ ਦੀ ਗੱਲ ਇੱਕ ਪਾਸੇ, 2010 ਵਿੱਚ ਭਾਰਤ ਦੇ ਪਹਿਲੇ ਕੇਸ ਵਿੱਚ ਇਸਲਾਮਾਬਾਦ ਹਾਈ ਕਮਿਸ਼ਨ ਵਿੱਚ ਕੰਮ ਕਰਨ ਵਾਲੀ ਮਾਧੁਰੀ ਗੁਪਤਾ ਨਾਮਕ ਔਰਤ ਨੂੰ ਵੀ ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈ.ਐਸ.ਆਈ ਨੇ ਹਨੀ ਟਰੈਪ ਵਿੱਚ ਫਸਾ ਕੇ ਅਹਿਮ ਗੁਪਤ ਸੂਚਨਾਵਾਂ ਹਾਸਲ ਕੀਤੀਆਂ ਸਨ। ਮਾਧੁਰੀ ਗੁਪਤਾ ਨੂੰ 2019 ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਏ.ਪੀ.ਟੀ. 36 ਦਾ ਇੱਕ ਹੋਰ ਤਰੀਕਾ ਸ਼ਿਕਾਰ ਨੂੰ ਭਾਰਤ ਸਰਕਾਰ ਦੀਆਂ ਜਾਅਲੀ ਈਮੇਲ ਆਈਡੀਆਂ ਤੋਂ ਮੇਲਾਂ ਭੇਜ ਕੇ ਫਸਾਉਣ ਦਾ ਹੈ। ਇਹ ਗਰੁੱਪ 2016 ਤੋਂਆਪਣੀਆਂ ਕਾਰਵਾਈਆਂ ਚਲਾ ਰਿਹਾ ਹੈ। ਪਾਕਿਸਤਾਨ ਨੇ ਸੰਸਾਰ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਤੇ ਕਥਿੱਤ ਤੌਰ ‘ਤੇ ਹੈਕਿੰਗ ਰੋਕਣ ਲਈ ਇੱਕ ਕਾਨੂੰਨ, ਸਾਈਬਰ ਸਕਿਉਰਟੀ ਐਕਟ 2020 ਬਣਾਇਆ ਹੋਇਆ ਹੈ। ਇਸ ਕਾਨੂੰਨ ਅਧੀਨ ਪਾਕਿਸਤਾਨੀ ਹਿੱਤਾਂ ਦੇ ਖਿਲਾਫ ਜਾਂ ਪਾਕਿਸਤਾਨੀ ਜ਼ਮੀਨ ਤੋਂ ਕਿਸੇ ਵੀ ਦੇਸ਼ ਦੇ ਖਿਲਾਫ ਸਾਈਬਰ ਗਤੀਵਿਧੀ ਚਲਾਉਣ ਵਾਲੇ ਵਿਅਕਤੀ ਨੂੰ ਸਖਤ ਸਜ਼ਾ ਦਾ ਪ੍ਰਾਵਧਾਨ ਹੈ। ਪਰ ਅਜੇ ਤੱਕ ਭਾਰਤ ਜਾਂ ਕਿਸੇ ਹੋਰ ਦੇਸ਼ ਦੇ ਖਿਲਾਫ ਸਾਈਬਰ ਹਮਲਾ ਕਰਨ ਵਾਲੇ ਕਿਸੇ ਵੀ ਹੈਕਰ ਦੇ ਖਿਲਾਫ ਇਸ ਐਕਟ ਅਧੀਨ ਕੋਈ ਕਾਰਵਾਈ ਨਹੀਂ ਕੀਤੀ ਗਈ ਭਾਵੇਂ ਕਿ ਭਾਰਤ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਪਾਕਿਸਤਾਨ ਨੂੰ ਉਸ ਦੇ ਹੈਕਰਾਂ ਖਿਲਾਫ ਕਾਰਵਾਈ ਕਰਨ ਲਈ ਸਬੂਤਾਂ ਸਮੇਤ ਸ਼ਿਕਾਇਤਾਂ ਭੇਜੀਆਂ ਹਨ।
ਵੈਸੇ ਪਾਕਿਸਤਾਨੀ ਹੈਕਰਾਂ ਦੀ ਸਮਰੱਥਾ ਚੀਨੀ ਹੈਕਰਾਂ ਦੇ ਬਰਾਬਰ ਨਹੀਂ ਹੈ, ਪਰ ਉਹ ਆਈ.ਐਸ.ਆਈ.ਦੀ ਕਮਾਂਡ ਅਧੀਨ ਕੰਮ ਕਰਦੇ ਹੋਣ ਕਾਰਨ ਕਿਸੇ ਕਾਨੂੰਨੀ ਕਾਰਵਾਈ ਤੋਂ ਸੁਰੱਖਿਅਤ ਹਨ। ਆਈ.ਐਸ.ਆਈ. ਨੇ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਗੁਪਤ ਸੂਚਨਾਵਾਂ ਚੋਰੀ ਕਰਨ ਲਈ ਸੈਂਕੜੇ ਹੈਕਰ ਮੋਟੀ ਤਨਖਾਹ ‘ਤੇ ਭਰਤੀ ਕੀਤੇ ਹੋਏ ਹਨ। ਭਾਰਤ ਵੱਲੋਂ ਅਗਸਤ 2019 ਵਿੱਚ ਆਰਟੀਕਲ 370 ਖਤਮ ਕਰਨ ਅਤੇ ਜੰਮੂ ਕਸ਼ਮੀਰ ਦੀ ਵੰਡ ਤੋਂ ਬਾਅਦ ਪਾਕਿਸਤਾਨੀ ਸਰਕਾਰੀ ਹੈਕਰ ਬੇਹੱਦ ਸਰਗਰਮ ਹੋ ਗਏ ਸਨ। ਉਨ੍ਹਾਂ ਨੇ ਪੱਛਮੀ ਦੇਸ਼ਾਂ ਦੇ ਚੋਟੀ ਦੇ ਪੱਤਰਕਾਰਾਂ ਦੀਆਂ ਜਾਅਲੀ ਪ੍ਰੋਫਾਈਲਾਂ ਬਣਾ ਕੇ ਭਾਰਤੀ ਫੌਜ ਵੱਲੋਂ ਕਸ਼ਮੀਰੀ ਜਨਤਾ ‘ਤੇ ਕਥਿੱਤ ਤੌਰ ‘ਤੇ ਕੀਤੇ ਜਾ ਰਹੇ ਅਣਮਨੁੱਖੀ ਜ਼ੁਲਮਾਂ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਸਬੰਧੀ ਜਾਅਲੀ ਖਬਰਾਂ, ਵੀਡੀਉ, ਟਵਿੱਟਰ ਹੈਸ਼ਟੈਗ ਅਤੇ ਬਲਾਗ ਬਣਾ ਕੇ ਸੰਸਾਰ ਭਰ ਵਿੱਚ ਫੈਲਾ ਦਿੱਤੇ ਸਨ। ਪੱਛਮੀ ਦੇਸ਼ਾਂ ਨੂੰ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਨ ‘ਤੇ ਮਜ਼ਬੂਰ ਕਰਨ ਲਈ ਅਫਵਾਹਾਂ ਉਡਾਈਆਂ ਗਈਆਂ ਸਨ ਕਿ ਕਸ਼ਮੀਰ ਮਸਲੇ ‘ਤੇ ਭਾਰਤ ਅਤੇ ਪਾਕਿਸਤਾਨ ਵਿੱਚ ਪ੍ਰਮਾਣੂ ਜੰਗ ਹੋਣ ਵਾਲੀ ਹੈ। ਪਰ ਭਾਰਤ ਦੀ ਕਿਸਮਤ ਚੰਗੀ ਹੈ ਕਿ ਪਾਕਿਸਤਾਨ ਦੇ ਕਸ਼ਮੀਰ ਸਬੰਧੀਪ੍ਰਾਪੇਗੰਡੇ ‘ਤੇ ਕੋਈ ਦੇਸ਼ ਬਹੁਤਾ ਧਿਆਨ ਨਹੀਂ ਦਿੰਦਾ। ਇਸ ਕਾਰਨ ਆਈ.ਐਸ.ਆਈ. ਭਾਰਤ ਦੀ ਅੰਤਰਰਾਸ਼ਟਰੀ ਸਾਖ ਨੂੰ ਕੋਈ ਨੁਕਸਾਨ ਪਹੁੰਚਾਉਣ ਵਿੱਚ ਸਫਲ ਨਹੀਂ ਹੋਈ।
ਪਾਕਿਸਤਾਨ ਚੀਨ ਦਾ ਗੁਲਾਮ ਦੇਸ਼ ਹੈ ਤੇ ਉਸ ਦੀ ਆਰਥਿਕਤਾ ਚੀਨ ਦੇ ਆਸਰੇ ‘ਤੇ ਹੀ ਚੱਲ ਰਹੀ ਹੈ। ਭਾਰਤ-ਚੀਨ ਸਰਹੱਦੀ ਵਿਵਾਦ ਵੇਲੇ ਪਾਕਿਸਤਾਨੀ ਮੀਡੀਆ ਅਤੇ ਹੈਕਰਾਂ ਨੇ ਚੀਨ ਦੀ ਖੁਸ਼ਨੂਦੀ ਹਾਸਲ ਕਰਨ ਲਈ ਰੱਜ ਕੇ ਭਾਰਤ ਦੇ ਖਿਲਾਫ ਜ਼ਹਿਰੀਲਾ ਪ੍ਰਚਾਰ ਕੀਤਾ ਸੀ। ਪਾਕਿਸਤਾਨੀ ਮੀਡੀਆ ਨੇ ਤਾਂ ਪਾਕਿਸਤਾਨੀ ਜਨਤਾ ਨੂੰ ਇਹ ਜਤਾ ਦਿੱਤਾ ਸੀ ਕਿ ਕੁਝ ਹੀ ਦਿਨਾਂ ਵਿੱਚ ਚੀਨ ਤੇ ਭਾਰਤ ਦਰਮਿਆਨ ਜੰਗ ਹੋਣ ਵਾਲੀ ਹੈਜਿਸ ਦੇ ਫਲਸਵਰੂਪ ਕਸ਼ਮੀਰ ਪਾਕਿਸਤਾਨ ਨੂੰ ਮਿਲ ਜਾਵੇਗਾ।ਚੀਨ ਦੇ ਆਰਥਿਕ ਹਿੱਤ ਪਾਕਿਸਤਾਨ ਨਾਲ ਜੁੜੇ ਹੋਏ ਹਨ, ਕਿਉਂਕਿ ਉਸ ਨੂੰ ਗਵਾਦਰ ਬੰਦਰਗਾਹ ਅਤੇ ਆਰਥਿਕ ਗਲਿਆਰੇ ਦੀ ਸਫਲਤਾ ਲਈ ਪਾਕਿਸਤਾਨ ਦੀ ਸਖਤ ਜਰੂਰਤ ਹੈ। ਭਾਵੇਂ ਅਜੇ ਤੱਕ ਭਾਰਤ ਦੇ ਖਿਲਾਫ ਚੀਨੀ ਅਤੇ ਪਾਕਿਸਤਾਨੀ ਹੈਕਰਾਂ ਦੀ ਕੋਈ ਸਾਂਝੀ ਕਾਰਵਾਈ ਸਾਹਮਣੇ ਨਹੀਂ ਆਈ, ਪਰ ਇਹ ਸੱਚ ਹੈ ਕਿ ਚੀਨ ਪਾਕਿਸਤਾਨੀ ਹੈਕਰਾਂ ਨੂੰ ਟਰੇਨਿੰਗ ਦਿੰਦਾ ਹੈ ਤੇ ਭਾਰਤ ਖਿਲਾਫ ਸਾਈਬਰ ਹਮਲੇ ਕਰਨ ਲਈਤਕਨੀਕੀ ਮਦਦ ਵੀ ਪ੍ਰਦਾਨ ਕਰਦਾ ਹੈ।
ਪਾਕਿਸਤਾਨ ਦੇ ਸਾਈਬਰ ਹਮਲਿਆਂ ਨੇ ਭਾਰਤ ਦੀ ਚਿੰਤਾ ਵਧਾ ਦਿੱਤੀ ਹੀ। ਚਾਹੇ ਭਾਰਤ ਪਾਕਿਸਤਾਨ ਤੋਂ ਤਕਨੀਕ ਪੱਖੋਂ ਕਿਤੇ ਬੇਹਤਰ ਹੈ ਤੇ ਪਾਕਿ ਸਾਈਬਰ ਹਮਲਿਆਂ ਦਾ ਭਲੀ ਭਾਂਤ ਸਾਹਮਣਾ ਕਰ ਸਕਦਾ ਹੈ, ਪਰ ਫਿਰ ਵੀ ਪਾਕਿਸਤਾਨੀ ਖਤਰੇ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ। ਲਗਾਤਾਰ ਵਧਦੇ ਜਾ ਰਹੇ ਸਾਈਬਰ ਖਤਰੇ ਤੋਂ ਬਚਾੳ ਖਾਤਰ ਪਿਛਲੇ ਸਾਲਾਂ ਵਿੱਚ ਭਾਰਤ ਨੇ ਵੀ ਆਪਣੀ ਸਾਈਬਰ ਸਕਿਉਰਟੀ ਬਹੁਤ ਜਿਆਦਾ ਮਜ਼ਬੂਤ ਕਰ ਲਈ ਹੈ। ਭਾਰਤ ਕੋਲ ਸਾਈਬਰ ਹਮਲਿਆਂ ਤੋਂ ਬਚਾਉ ਲਈ ਪ੍ਰਤਿਭਸ਼ਾਲੀ ਵਿਗਿਆਨੀਆਂ ਅਤੇ ਤਕਨੀਸ਼ੀਅਨਾਂ ਦੀ ਕੋਈ ਕਮੀ ਨਹੀਂ ਹੈ। ਪਿਛਲੇ ਸਮੇਂ ਵਿੱਚ ਉਸ ਨੇ ਇਸ ਖਤਰੇ ਦਾ ਸਾਹਮਣਾ ਕਰਨ ਲਈ ਡਿਫੈਂਸ ਸਕਿਉਰਟੀ ਏਜੰਸੀ ਵਰਗੀਆਂ ਕਈ ਸੰਸਥਾਵਾਂ ਦੀ ਸਥਾਪਨਾ ਕੀਤੀ ਹੈ। ਇਹ ਏਜੰਸੀ ਦੇਸੀ ਅਤੇ ਵਿਦੇਸ਼ੀ ਸਾਈਬਰ ਹਮਲਿਆਂ ‘ਤੇ ਕਰੜੀ ਨਜ਼ਰ ਰੱਖਦੀ ਹੈ ਤੇ ਉਨ੍ਹਾਂ ਨੂੰ ਨਸ਼ਟ ਕਰਦੀ ਹੈ। ਨੈਸ਼ਨਲ ਫੋਰੈਂਸਿਕ ਸਾਇੰਸ ਯੁਨੀਵਰਸਟੀ ਗੁਜਰਾਤ ਵਰਗੇ ਕਈ ਅਦਾਰੇ ਅਨੇਕ ਪ੍ਰਕਾਰ ਦੇ ਸਾਈਬਰ ਫੋਰੈਂਸਿਕ ਕੋਰਸ ਚਲਾ ਰਹੇ ਹਨ। ਇਥੇ ਦੇਸ਼ ਦੇ ਬੇਹਤਰੀਨ ਸਾਫਟਵੇਅਰ ਵਿਗਿਆਨੀ ਤਿਆਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਨੈਸ਼ਨਲ ਕਰਿਟੀਕਲ ਇੰਨਫਰਮੇਸ਼ਨ ਇੰਨਫਰਾਸਟਰੱਕਚਰ ਪ੍ਰੋਟੈਕਸ਼ਨ ਸੈਂਟਰ, ਸਰਕਾਰੀ ਅਤੇ ਨਿੱਜੀ ਸੈਕਟਰਾਂ ਨਾਲ ਮਿਲ ਕੇ ਸਾਈਬਰ ਹਮਲਿਆਂ ਤੋਂ ਸੁਰੱਖਿਆ ਦੇ ਖੇਤਰ ਵਿੱਚ ਨਿਰੰਤਰ ਕੰਮ ਕਰ ਰਿਹਾ ਹੈ। ਭਾਰਤ ਨੂੰ ਪਾਕਿਸਤਾਨ ਅਤੇ ਚੀਨੀ ਹੈਕਰਾਂ ਤੋਂ ਬਚਣ ਲਈ ਦਿਨ ਰਾਤ ਚੌਕੰਨੇ ਰਹਿਣਾ ਪੈਣਾ ਹੈ।
-ਬਲਰਾਜ ਸਿੰਘ ਸਿੱਧੂ ਕਮਾਂਡੈਂਟ

Comment here