ਅਪਰਾਧਸਿਆਸਤਖਬਰਾਂ

ਪਾਕਿ ਯੂਨੀਵਰਸਿਟੀ ‘ਚ ਹੋਲੀ ਦੌਰਾਨ ਝੜਪ; 15 ਹਿੰਦੂ ਵਿਦਿਆਰਥੀ ਜ਼ਖ਼ਮੀ

ਲਾਹੌਰ-ਪਾਕਿਸਤਾਨ ’ਚ ਹਿੰਦੂ ਭਾਈਚਾਰੇ ਦੇ 15 ਵਿਦਿਆਰਥੀ ਉਸ ਸਮੇਂ ਜ਼ਖ਼ਮੀ ਹੋ ਗਏ ਜਦ ਇਥੋਂ ਦੀ ਪੰਜਾਬ ਯੂਨੀਵਰਸਿਟੀ ਦੇ ਕੰਪਲੈਕਸ ਵਿਚ ਇਕ ਕੱਟੜਪੰਥੀ ਇਸਲਾਮਿਕ ਵਿਦਿਆਰਥੀ ਸੰਗਠਨ ਦੇ ਮੈਂਬਰਾਂ ਵਲੋਂ ਉਨ੍ਹਾਂ ਨੂੰ ਹੋਲੀ ਖੇਡੇ ਜਾਣ ਤੋਂ ਜਬਰੀ ਰੋਕ ਦਿੱਤਾ। ਯੂਨੀਵਰਸਿਟੀ ਦੇ ਇਕ ਵਿਦਿਆਰਥੀ ਤੇ ਪ੍ਰਤੱਖਦਰਸ਼ੀ ਕਾਸ਼ਿਫ਼ ਬਰੋਹੀ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਲਾਅ ਕਾਲਜ ਵਿਚ ਇਹ ਘਟਨਾ ਬੀਤੇ ਦਿਨੀਂ ਉਸ ਸਮੇਂ ਵਾਪਰੀ ਜਦ ਲਗਪਗ 30 ਹਿੰਦੂ ਵਿਦਿਆਰਥੀ ਹੋਲੀ ਮਨਾਉਣ ਲਈ ਇਕੱਠੇ ਹੋਏ ਸਨ। ਇਸੇ ਦੌਰਾਨ ਉਥੇ ਇਸਲਾਮੀ ਜਮੀਅਤ ਤੁਲਬਾ (ਆਈ.ਜੇ.ਟੀ.) ਦੇ ਕਾਰਕੁਨ ਆ ਗਏ ਅਤੇ ਉਨ੍ਹਾਂ ਨੂੰ ਹੋਲੀ ਮਨਾਉਣ ਤੋਂ ਰੋਕ ਦਿੱਤਾ, ਇਸ ਦੌਰਾਨ ਹੋਈ ਝੜਪ ’ਵਿਚ 15 ਹਿੰਦੂ ਵਿਦਿਆਰਥੀਆਂ ਦੇ ਸੱਟਾਂ ਲੱਗੀਆਂ। ਕਾਸ਼ਿਫ਼ ਨੇ ਦੱਸਿਆ ਕਿ ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਅਗਾਊਂ ਇਜਾਜ਼ਤ ਲਈ ਸੀ। ਝੜਪ ’ਵਿਚ ਜ਼ਖ਼ਮੀ ਹੋਏ ਇਕ ਹਿੰਦੂ ਵਿਦਿਆਰਥੀ ਖੇਤ ਕੁਮਾਰ ਨੇ ਕਿਹਾ ਕਿ ਅਸੀਂ ਆਈ.ਜੇ.ਟੀ. ਅਤੇ ਸਾਡੇ ਨਾਲ ਕੁੱਟਮਾਰ ਕਰਨ ਵਾਲੇ ਯੂਨੀਵਰਸਿਟੀ ਦੇ ਸੁਰੱਖਿਆ ਗਾਰਡਾਂ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਪਰ ਅਜੇ ਤੱਕ ਐਫ.ਆਈ.ਆਰ. ਦਰਜ ਨਹੀਂ ਕੀਤੀ ਗਈ। ਉਧਰ ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਖੁਰਮ ਸ਼ਹਿਜ਼ਾਦ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਾਲਜ ਦੇ ਲਾਅਨ ’ਵਿਚ ਹੋਲੀ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਜਸ਼ਨ ਅੰਦਰ ਮਨਾਇਆ ਜਾਂਦਾ ਤਾਂ ਕੋਈ ਸਮੱਸਿਆ ਨਹੀਂ ਹੋਣੀ ਸੀ। ਉਨ੍ਹਾਂ ਦੱਸਿਆ ਕਿ ਉੱਪ-ਕੁਲਪਤੀ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

Comment here