ਲਾਹੌਰ-ਭਾਰਤੀ ਸਿੱਖ ਪੱਤਰਕਾਰ ਰਵਿੰਦਰ ਸਿੰਘ ਵੱਲੋਂ ਆਲੋਚਨਾ ਕੀਤੇ ਜਾਣ ਦੇ ਬਾਅਦ ਕਰਤਾਰਪੁਰ ਗੁਰਦੁਆਰਾ ਸਾਹਿਬ ਵਿਚ ਕੱਪੜਿਆਂ ਦੇ ਇਕ ਬਰਾਂਡ ਲਈ ਬਿਨਾਂ ਸਿਰ ਢਕੇ ਫੋਟੋਸ਼ੂਟ ਕਰਾਏ ਜਾਣ ਦੇ ਬਾਅਦ ਪਾਕਿਸਤਾਨੀ ਮਾਡਲ ਅਤੇ ਟੈਕਸਟਾਈਲ ਬਰਾਂਡ ਖ਼ਿਲਾਫ਼ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਾਂਚ ਸ਼ੁਰੂ ਕੀਤੀ ਹੈ। ਆਜ਼ਾਦ ਪੱਤਰਕਾਰ ਰਵਿੰਦਰ ਸਿੰਘ ਨੇ ਟਵੀਟ ਕਰਕੇ ਜ਼ਿਕਰ ਕੀਤਾ ਕਿ ਤਸਵੀਰਾਂ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਭਾਈਚਾਰੇ ਪ੍ਰਤੀ ਨਿਰਾਦਰ ਨੂੰ ਵੀ ਰੇਖਾਂਕਿਤ ਕੀਤਾ। ਸਿੰਘ ਨੇ ਆਪਣੀ ਪੋਸਟ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਟੈਗ ਕੀਤਾ। ਉਨ੍ਹਾਂ ਨੇ ਟਵੀਟ ਕੀਤਾ, ‘ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਵਿਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਵਿਚ ਔਰਤਾਂ ਦੇ ਕੱਪੜਿਆਂ ਲਈ ਬਿਨਾਂ ਸਿਰ ਢਕੇ ਮਾਡਲਿੰਗ ਕਰਕੇ ਲਾਹੌਰ ਦੀ ਇਕ ਮਹਿਲਾ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।’ ਗੁਰਦੁਆਰੇ ਵਿਚ ਆਪਣਾ ਸਿਰ ਢਕਣਾ ਜ਼ਰੂਰੀ ਹੈ ਅਤੇ ਇਸ ਨੂੰ ਇਸ ਪਵਿੱਤਰ ਸਥਾਨ ਪ੍ਰਤੀ ਸਨਮਾਨ ਦਿਖਾਉਣ ਦਾ ਇਕ ਤਰੀਕਾ ਮੰਨਿਆ ਜਾਂਦਾ ਹੈ।
ਉਥੇ ਹੀ ਪੂਰੇ ਵਿਵਾਦ ’ਤੇ ਪ੍ਰਤੀਕਿਰਿਆ ਦਿੰਦੇ ਹੋਏ ‘ਮੰਨਤ ਕਲੋਥਿੰਗ’ ਬਰਾਂਡ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਵਿਚ ਮਾਫ਼ੀ ਮੰਗੀ ਅਤੇ ਇਸ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦੇ ਅਕਾਊਂਟ ’ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਉਨ੍ਹਾਂ ਵੱਲੋਂ ਕੀਤੇ ਗਏ ਕਿਸੇ ਵੀ ਫੋਟੋਸ਼ੂਟ ਦਾ ਹਿੱਸਾ ਸਨ। ਉਸ ਨੇ ਕਿਹਾ, ‘ਇਹ ਤਸਵੀਰਾਂ ਸਾਨੂੰ ਇਕ ਥਰਡ ਪਾਰਟੀ (ਬਲਾਗਰ) ਨੇ ਮੁਹੱਈਆ ਕਰਾਈਆਂ ਸਨ, ਜਿਸ ਵਿਚ ਸਾਡਾ ਪਹਿਰਾਵਾ ਪਹਿਨਾਇਆ ਗਿਆ ਸੀ।’ ਉਸ ਨੇ ਕਿਹਾ, ‘ਹਾਲਾਂਕਿ ਅਸੀਂ ਆਪਣੀ ਗ਼ਲਤੀ ਮੰਨਦੇ ਹਾਂ ਕਿ ਸਾਨੂੰ ਇਸ ਸਮੱਗਰੀ ਨੂੰ ਪੋਸਟ ਨਹੀਂ ਕਰਨਾ ਚਾਹੀਦਾ ਸੀ ਅਤੇ ਅਸੀਂ ਹਰ ਉਸ ਵਿਅਕਤੀ ਤੋਂ ਮਾਫ਼ੀ ਮੰਗਦੇ ਹਾਂ, ਜਿਸ ਨੂੰ ਠੇਸ ਪੁੱਜੀ ਹੈ।’ ਤਸਵੀਰਾਂ ਵਿਚ ਪੋਜ਼ ਦੇਣ ਵਾਲੀ ਮਾਡਲ/ਬਲਾਗਰ ਸੌਲੇਹਾ ਇਮਤਿਆਜ ਨੇ ਵੀ ਮਾਫ਼ੀ ਮੰਗਦੇ ਹੋਏ ਕਿਹਾ, ‘ਮੈਂ ਇਤਿਹਾਸ ਦੇ ਬਾਰੇ ਵਿਚ ਜਾਣਨ ਅਤੇ ਸਿੱਖ ਭਾਈਚਾਰੇ ਦੇ ਬਾਰੇ ਵਿਚ ਜਾਣਨ ਲਈ ਕਰਤਾਪੁਰ ਗਈ ਸੀ। ਇਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਕੀਤਾ ਗਿਆ ਸੀ।’ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਹਾਲਾਂਕਿ ਜੇਕਰ ਮੈਂ ਕਿਸੇ ਨੂੰ ਠੇਸ ਪਹੁੰਚਾਈ ਹੈ ਜਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਦੇ ਸੱਭਿਆਚਾਰ ਦਾ ਸਨਮਾਨ ਨਹੀਂ ਕਰਦੀ ਤਾਂ ਮੈਂ ਮਾਫ਼ੀ ਮੰਗਦੀ ਹਾਂ। ਮੈਂ ਸਿੱਖ ਸੱਭਿਆਚਾਰ ਦਾ ਬਹੁਤ ਸਨਮਾਨ ਕਰਦੀ ਹਾਂ ਅਤੇ ਮੈਂ ਸਮੁੱਚੇ ਸਿੱਖ ਭਾਈਚਾਰੇ ਤੋਂ ਮਾਫ਼ੀ ਮੰਗਦੀ ਹਾਂ।’
Comment here