ਕਰਾਚੀ-ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਖਵਾ ਦੇ ਸਵਾਤ ਜ਼ਿਲ੍ਹੇ ਵਿੱਚ ਇੱਕ ਖੁਫੀਆ ਕਾਰਵਾਈ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਇੱਕ ਸਾਬਕਾ ਗਰੁੱਪ ਕਮਾਂਡਰ ਨੂੰ ਮਾਰ ਦਿੱਤਾ। ਪਾਕਿ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਆਪਰੇਸ਼ਨ ਵਿੱਚ ਮਾਰਿਆ ਗਿਆ ਸਾਬਕਾ ਟੀਟੀਪੀ ਕਮਾਂਡਰ ਦੀ ਪਛਾਣ ਨਾਇਕ ਮੁਹੰਮਦ ਉਰਫ਼ ਉਮਰ ਵਜੋਂ ਹੋਈ ਹੈ, ਜੋ ਸਵਾਤ ਘਾਟੀ ਵਿੱਚ ਔਰਤਾਂ ਨੂੰ ਕੋਰੜੇ ਮਾਰਨ ਲਈ ਬਦਨਾਮ ਸੀ।
ਅੱਤਵਾਦੀਆਂ ਦਾ ਕਰ ਰਹੀ ਖਾਤਮਾ ਪਾਕਿ ਫ਼ੌਜ
ਮੀਡੀਆ ਰਿਪੋਰਟਾਂ ਮੁਤਾਬਕ ਅੱਤਵਾਦੀ ਉਮਰ ਨੇ ਟੀ.ਟੀ.ਪੀ ਲਈ ਪੈਸੇ ਵੀ ਉਗਰਾਹੁਣੇ ਸ਼ੁਰੂ ਕਰ ਦਿੱਤੇ ਸਨ। ਜੂਨ ਵਿੱਚ ਉਸ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਦੋ ਪੁਲਸ ਮੁਲਾਜ਼ਮਾਂ ’ਤੇ ਹਮਲਾ ਕੀਤਾ ਸੀ। ਅੱਤਵਾਦੀ ਕਮਾਂਡਰ ਨੇ ਸਵਾਤ ‘ਚ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਲਈ ਆਤਮਘਾਤੀ ਹਮਲੇ ਵੀ ਕੀਤੇ ਸਨ। ਉਸ ਨੇ ਆਈ.ਈ.ਡੀ ਰਾਹੀਂ ਡੀ.ਪੀ.ਓ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਵੀ ਬਣਾਈ ਸੀ। ਪਾਕਿਸਤਾਨੀ ਫੌਜ ਸਵਾਤ ਘਾਟੀ ‘ਚ ਅੱਤਵਾਦੀਆਂ ਨੂੰ ਖ਼ਤਮ ਕਰਨ ‘ਚ ਲੱਗੀ ਹੋਈ ਹੈ।
ਦਰਜਨਾਂ ਅੱਤਵਾਦੀ ਮਾਮਲੇ ਦਰਜ
ਪਾਕਿਸਤਾਨੀ ਫੌਜ ਅਤੇ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਨੇ ਸਵਾਤ ਦੇ ਫਿਜ਼ਾਗਟ ਇਲਾਕੇ ‘ਚ ਇਸ ਸਫਲ ਆਪਰੇਸ਼ਨ ਨੂੰ ਅੰਜਾਮ ਦਿੱਤਾ। ਰਿਪੋਰਟ ਮੁਤਾਬਕ ਅੱਤਵਾਦੀ ਨਾਇਕ ਮੁਹੰਮਦ ਸਵਾਤ ‘ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਾਬਕਾ ਮੁਖੀ ਮੁੱਲਾ ਫਜ਼ਲੁੱਲਾ ਦਾ ਕਰੀਬੀ ਸਾਥੀ ਸੀ ਅਤੇ ਸਵਾਤ ‘ਚ ਲੋਕਾਂ ਨੂੰ ਤਾਲਿਬਾਨ ਦੀ ਸਜ਼ਾ ਦੇਣ ਲਈ ਬਦਨਾਮ ਸੀ। ਰਿਪੋਰਟ ‘ਚ ਕਿਹਾ ਗਿਆ ਕਿ ਉਮਰ ਸਵਾਤ ‘ਚ ਸੁਰੱਖਿਆ ਬਲਾਂ ਖ਼ਿਲਾਫ਼ ਦਰਜਨਾਂ ਅੱਤਵਾਦੀ ਹਮਲਿਆਂ ‘ਚ ਵੀ ਸ਼ਾਮਲ ਸੀ। ਸਵਾਤ ਵਿੱਚ ਅਪਰੇਸ਼ਨ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਅਫ਼ਗਾਨਿਸਤਾਨ ਭੱਜ ਗਿਆ ਸੀ। ਇਸ ਸਾਲ ਦੇ ਸ਼ੁਰੂ ਵਿੱਚ ਉਹ ਟੀਟੀਪੀ ਦੇ ਮੁੜ ਗਠਨ ਦੇ ਨਾਲ ਸਵਾਤ ਵਾਪਸ ਆਇਆ ਅਤੇ ਪੁਲਸ ਅਧਿਕਾਰੀਆਂ ‘ਤੇ ਹਮਲੇ ਸ਼ੁਰੂ ਕਰ ਦਿੱਤੇ।
Comment here