ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਨੇ ਪਾਬੰਦੀਸ਼ੁਦਾ ਇਸਲਾਮੀ ਸਮੂਹ ਨੂੰ ਚੋਣ ਲੜਨ ਦੀ ਦਿੱਤੀ ਮਨਜ਼ੂਰੀ

ਇਸਲਾਮਾਬਾਦ-ਇਥੋਂ ਦੀ ਮੀਡੀਆ ਰਿਪੋਰਟ ਅਨੁਸਾਰ ਪਾਬੰਦੀਸ਼ੁਦਾ ਇਸਲਾਮੀ ਸਮੂਹ ਟੀ. ਐੱਲ. ਪੀ. ਨੂੰ ਅਗਲੀ ਆਮ ਚੋਣ ਲੜਨ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਉਸ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਪਾਕਿਸਤਾਨ ਸਰਕਾਰ ਸਮੂਹ ਉੱਪਰੋਂ ਪਾਬੰਦੀ ਹਟਾ ਲਵੇਗੀ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਕ ਸੰਚਾਲਨ ਕਮੇਟੀ ਸਮਝੌਤੇ ਨੂੰ ਪੂਰਾ ਕਰੇਗੀ। ਪਾਬੰਦੀਸ਼ੁਦਾ ਇਸਲਾਮੀ ਸਮੂਹ ਨਾਲ ਕਈ ਹਫਤਿਆਂ ਦੇ ਸੰਘਰਸ਼ ਪਿੱਛੋਂ ਪਾਕਿਸਤਾਨ ਸਰਕਾਰ ਗੈਰ-ਕਾਨੂੰਨੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ. ਐੱਲ. ਪੀ.) ਨੂੰ ਚੋਣ ਲੜਨ ਦੀ ਮਨਜ਼ੂਰੀ ਦੇ ਸਕਦੀ ਹੈ। ਇਹ ਫੈਸਲਾ ਪਾਬੰਦੀਸ਼ੁਦਾ ਟੀ. ਐੱਲ. ਪੀ. ਨੂੰ ਇਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਰੂਪ ’ਚ ਸ਼੍ਰੇਣੀਬੱਧ ਕੀਤੇ ਜਾਣ ਦੇ ਇਕ ਹਫਤੇ ਤੋਂ ਵੀ ਘੱਟ ਸਮੇਂ ਬਾਅਦ ਆਇਆ ਹੈ।
ਓਧਰ ਪਾਕਿਸਤਾਨੀ ਪੰਜਾਬ ਦੇ ਅਧਿਕਾਰੀਆਂ ਨੇ ਲਗਭਗ 2 ਹਫਤਿਆਂ ਦੇ ਵਿਰੋਧ ਤੇ ਸੰਘਰਸ਼ ਨੂੰ ਖਤਮ ਕਰਨ ਲਈ ਲਬੈਕ ਪਾਕਿਸਤਾਨ ਨਾਲ ਸਮਝੌਤੇ ’ਤੇ ਪਹੁੰਚਣ ਦੇ ਕੁਝ ਦਿਨਾਂ ਬਾਅਦ ਉਸ ਦੇ 800 ਤੋਂ ਵੱਧ ਵਰਕਰਾਂ ਨੂੰ ਰਿਹਾਅ ਕਰ ਦਿੱਤਾ। ਪੰਜਾਬ ਦੇ ਕਾਨੂੰਨ ਤੇ ਸੰਸਦੀ ਮਾਮਲਿਆਂ ਦੇ ਮੰਤਰੀ ਰਾਜਾ ਬਸ਼ਾਰਤ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਰਿਹਾਅ ਕੀਤਾ ਗਿਆ ਹੈ, ਉਹ 12ਵੀਂ ਰਬੀਉਲ ਅੱਵਲ ਨੂੰ ਸ਼ੁਰੂ ਹੋਏ ਵਿਖਾਵਿਆਂ ਤੇ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤੇ ਗਏ ਸਨ।
ਗਰੀਬ ਪਰਿਵਾਰਾਂ ਲਈ 120 ਅਰਬ ਰੁਪਏ ਦਾ ਸਬਸਿਡੀ ਪੈਕੇਜ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗਰੀਬ ਪਰਿਵਾਰਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਨੂੰ ਸਸਤੀਆਂ ਦਰਾਂ ’ਤੇ ਉਪਲਬਧ ਕਰਾਉਣ ਲਈ 120 ਅਰਬ ਰੁਪਏ ਦਾ ਸਬਸਿਡੀ ਪੈਕੇਜ ਦਿੱਤਾ। ਉਨ੍ਹਾਂ ਨੇ ਇਸ ਨੂੰ ਪਾਕਿਸਤਾਨ ਦੇ ਇਤਿਹਾਸ ਦੀ ਸਭ ਤੋਂ ਵੱਡੀ ਕਲਿਆਣਕਾਰੀ ਯੋਜਨਾ ਦੱਸਿਆ। ਇਸ ਪੈਕੇਜ ਨਾਲ ਦੇਸ਼ ਭਰ ਵਿਚ 13 ਕਰੋੜ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਦੇਸ਼ ਦੇ ਨਾਂ ਇਕ ਸੰਦੇਸ਼ ਵਿਚ ਕਿਹਾ ਕਿ ਸਬਸਿਡੀ ਪ੍ਰੋਗਰਾਮ ਦੇ ਤਹਿਤ ਲਾਭਪਾਤਰੀ ਪਰਿਵਾਰ ਅਗਲੇ 6 ਮਹੀਨਿਆਂ ਲਈ 30 ਫ਼ੀਸਦੀ ਘੱਟ ਕੀਮਤਾਂ ’ਤੇ ਕਣਕ ਦਾ ਆਟਾ, ਘਿਓ ਅਤੇ ਦਾਲ ਖਰੀਦ ਸਕਣਗੇ। ਉਨ੍ਹਾਂ ਨੇ ਇਹ ਐਲਾਨ ਕੀਤਾ ਕਿ ‘ਕਾਮਯਾਬ ਪਾਕਿਸਤਾਨ’ ਪ੍ਰੋਗਰਾਮ ਦੇ ਤਹਿਤ 40 ਲੱਖ ਗਰੀਬ ਪਰਿਵਾਰਾਂ ਨੂੰ ਘਰ ਬਣਾਉਣ ਲਈ ਵਿਆਜ ਮੁਕਤ ਕਰਜਾ ਦਿੱਤਾ ਜਾਵੇਗਾ, ਜਦਕਿ ਇਸ ਪ੍ਰੋਗਰਾਮ ਦੇ ਤਹਿਤ ਕਿਸਾਨ ਖੇਤੀਬਾੜੀ ਲਈ 5,00,000 ਰੁਪਏ ਤਕ ਦਾ ਵਿਆਜ ਮੁਕਤ ਕਰਜਾ ਪ੍ਰਾਪਤ ਕਰ ਸਕਣਗੇ।

Comment here