ਅਪਰਾਧਸਿਹਤ-ਖਬਰਾਂਖਬਰਾਂ

ਪਾਕਿ ਨੇ ਜਾਸੂਸੀ ਦੇ ਦੋਸ਼ੀ ਜਨਰਲ ਨੂੰ ਕਰਵਾਇਆ ਰਿਹਾਅ

ਇਸਲਾਮਾਬਾਦ-ਇਥੋਂ ਦੀ ਦਿ ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਨਵੀਂ ਫੌਜੀ ਲੀਡਰਸ਼ਿਪ ਨੇ ਵਿਦੇਸ਼ੀ ਜਾਸੂਸਾਂ ਨੂੰ ‘ਗੁਪਤ ਸੂਚਨਾ’ ਦੇਣ ਦੇ ਦੋਸ਼ੀ ਇਕ ਸੇਵਾਮੁਕਤ ਜਨਰਲ ਨੂੰ ਮੁਆਫ਼ ਕਰ ਦਿੱਤਾ ਹੈ ਅਤੇ ਉਸ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਹੈ। ਦਿ ਡਾਨ ਅਖ਼ਬਾਰ ਨੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਜਾਵੇਦ ਇਕਬਾਲ ਦੇ ਵਕੀਲ ਦੇ ਹਵਾਲੇ ਨਾਲ ਕਿਹਾ ਕਿ ਉਹ ਫੌਜੀ ਟ੍ਰਿਬਿਊਨਲ ਦੇ ਉਸ ਨੂੰ ਦੋਸ਼ੀ ਠਹਿਰਾਏ ਜਾਣ ਦੇ ਫ਼ੈਸਲੇ ਨੂੰ ਉਦੋਂ ਤੱਕ ਚੁਣੌਤੀ ਦਿੰਦੇ ਰਹਿਣ ਦੀ ਯੋਜਨਾ ਬਣਾ ਰਿਹਾ ਹੈ, ਜਦੋਂ ਤੱਕ ਉਸ ਨੂੰ ਮਾਣਯੋਗ ਬਰੀ ਨਹੀਂ ਕੀਤਾ ਜਾਂਦਾ।
ਦੇਸ਼ ਦੀ ਨਵੀਂ ਫੌਜੀ ਲੀਡਰਸ਼ਿਪ ਨੇ ਉਸ ਦੇ ਕੇਸ ਦੀ ਸਮੀਖਿਆ ਕੀਤੀ ਅਤੇ ਇਕਬਾਲ ਨੂੰ 29 ਦਸੰਬਰ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਦੇ ਵਕੀਲ ਉਮਰ ਫਾਰੂਕ ਆਦਮ ਨੇ ਕਿਹਾ ਕਿ ਨਵੀਂ ਫੌਜੀ ਲੀਡਰਸ਼ਿਪ ਨੂੰ ਪਿਛਲੀ ਪ੍ਰਣਾਲੀ ਦੁਆਰਾ “ਉਨ੍ਹਾਂ ਨਾਲ ਕੀਤੀ ਗਈ ਬੇਇਨਸਾਫ਼ੀ ਦਾ ਅਹਿਸਾਸ” ਸੀ। ਕੋਰਟ ਮਾਰਸ਼ਲ ਨੇ 30 ਮਈ, 2019 ਨੂੰ ਇਕਬਾਲ ਨੂੰ 14 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਸੀ। ਪਾਕਿਸਤਾਨ ਵਿਚ ਇਸ ਨੂੰ ਉਮਰ ਕੈਦ ਕਿਹਾ ਜਾਂਦਾ ਹੈ ਪਰ ਉਹ ਚਾਰ ਸਾਲ ਬਾਅਦ ਜੇਲ੍ਹ ਤੋਂ ਬਾਹਰ ਆਇਆ।
ਇੱਕ ਅਪੀਲ ਅਥਾਰਟੀ ਨੇ ਮਈ 2021 ਵਿੱਚ ਉਸਦੀ 14 ਸਾਲ ਦੀ ਸਜ਼ਾ ਨੂੰ ਸੱਤ ਸਾਲ ਵਿੱਚ ਬਦਲ ਦਿੱਤਾ। ਬਾਅਦ ਵਿੱਚ ਤਤਕਾਲੀ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਉਨ੍ਹਾਂ ਦੀ ਸਜ਼ਾ ਨੂੰ ਘਟਾ ਕੇ ਢਾਈ ਸਾਲ ਕਰ ਦਿੱਤਾ ਸੀ। ਇਸ ਤਰ੍ਹਾਂ ਜੇਲ ‘ਚ ਬੰਦ ਸਾਬਕਾ ਫੌਜੀ ਅਧਿਕਾਰੀ ਨੂੰ ਇਸ ਸਾਲ 29 ਮਈ ਨੂੰ ਰਿਹਾਅ ਕੀਤਾ ਜਾਣਾ ਸੀ ਪਰ ਨਵੇਂ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਉਨ੍ਹਾਂ ਦੀ ਸਜ਼ਾ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤੀ।

Comment here