ਖਬਰਾਂਚਲੰਤ ਮਾਮਲੇਦੁਨੀਆ

ਪਾਕਿ ਨੇਵੀ ਦਾ ਹੈਲੀਕਾਪਟਰ ਕ੍ਰੈਸ਼, ਪਾਇਲਟ ਸਮੇਤ 3 ਦੀ ਮੌਤ

ਬਲੋਚਿਸਤਾਨ-ਪਾਕਿਸਤਾਨੀ ਫ਼ੌਜ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਨੇਵੀ ਦਾ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਸ ਹਾਦਸੇ ‘ਚ ਪਾਇਲਟ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਹੈਲੀਕਾਪਟਰ ‘ਚ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ। ਫ਼ੌਜ ਵੱਲੋਂ ਕਿਹਾ ਗਿਆ ਹੈ, ”ਤਕਨੀਕੀ ਖਰਾਬੀ ਕਾਰਨ ਸੋਮਵਾਰ ਨੂੰ ਦੱਖਣੀ-ਪੱਛਮੀ ਸ਼ਹਿਰ ‘ਚ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਪਾਇਲਟ ਸਮੇਤ 3 ਲੋਕਾਂ ਦੀ ਮੌਤ ਹੋ ਗਈ।
ਜਲ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਹੈਲੀਕਾਪਟਰ ਬਲੋਚਿਸਤਾਨ ਸੂਬੇ ਦੇ ਬੰਦਰਗਾਹ ਸ਼ਹਿਰ ਗਵਾਦਰ ‘ਤੇ ਸਿਖਲਾਈ ਉਡਾਣ ‘ਤੇ ਸੀ, ਇਹ ਉਹ ਖੇਤਰ ਹੈ, ਜਿੱਥੇ ਇਸਲਾਮਾਬਾਦ ਦਹਾਕਿਆਂ ਤੋਂ ਵੱਖਵਾਦੀ ਵਿਦਰੋਹ ਨਾਲ ਜੂਝ ਰਿਹਾ ਹੈ। ਇਕ ਫ਼ੌਜੀ ਸਰੋਤ ਦੁਆਰਾ ਏਐੱਫਪੀ ਨਾਲ ਸਾਂਝੀ ਕੀਤੀ ਗਈ ਇਕ ਸ਼ੁਰੂਆਤੀ ਰਿਪੋਰਟ ਦੇ ਅਨੁਸਾਰ ਸੀ ਕਿੰਗ ਜਹਾਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਟੇਕਆਫ ਦੌਰਾਨ ਕ੍ਰੈਸ਼ ਹੋ ਗਿਆ, ਇਸ ਦੇ ਇੰਜਣ ਵਿੱਚ ਅੱਗ ਲੱਗ ਗਈ ਅਤੇ ਇਸ ਦਾ ਪਿਛਲਾ ਹਿੱਸਾ ਟੁੱਟ ਗਿਆ। ਜਲ ਸੈਨਾ ਦੇ ਬੁਲਾਰੇ ਨੇ ਕਿਹਾ, ”ਸੰਭਾਵਿਤ ਤੌਰ ‘ਤੇ ਤਕਨੀਕੀ ਖਰਾਬੀ ਕਾਰਨ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 2 ਅਧਿਕਾਰੀ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ।”
ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ। ਵੱਡੇ ਪੱਧਰ ‘ਤੇ ਚੀਨੀ ਨਿਵੇਸ਼ ਕਾਰਨ ਇਸ ਖੇਤਰ ‘ਚ ਫ਼ੌਜ ਤਾਇਨਾਤ ਕੀਤੀ ਗਈ ਹੈ। ਇਸ ਖੇਤਰ ਵਿੱਚ ਵੱਖਵਾਦੀਆਂ ਵੱਲੋਂ ਚੀਨੀ ਲੋਕਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਸਾਲ ਵੀ ਇਕ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ 6 ਫ਼ੌਜੀਆਂ ਦੀ ਮੌਤ ਹੋ ਗਈ ਸੀ।

Comment here