ਯੇਰੂਸ਼ਲਮ-ਦਿ ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਅਨੁਸਾਰ ਇਜ਼ਰਾਇਲੀ ਖੁਫੀਆ ਏਜੰਸੀ ਮੋਸਾਦ ਅਤੇ ਯੂਨਾਨ ਦੀ ਪੁਲਸ ਨੇ ਗ੍ਰੀਸ ਵਿੱਚ ਇਜ਼ਰਾਇਲੀ ਅਤੇ ਯਹੂਦੀ ਟਿਕਾਣਿਆਂ ‘ਤੇ ਅੱਤਵਾਦੀ ਹਮਲੇ ਕਰਨ ਦੀ ਕਥਿਤ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਗ੍ਰੀਕ ਪੁਲਸ ਨੇ ਮੰਗਲਵਾਰ ਨੂੰ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਹਮਲੇ ਦੀ ਯੋਜਨਾ ਬਣਾਈ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਨੇ ਇਕ ਬਿਆਨ ‘ਚ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਪਾਕਿਸਤਾਨੀ ਨਾਗਰਿਕ ਈਰਾਨੀ ਅੱਤਵਾਦੀ ਨੈੱਟਵਰਕ ਦਾ ਹਿੱਸਾ ਹਨ।
ਈਰਾਨੀ ਨੈੱਟਵਰਕ ਦਾ ਹਿੱਸਾ
ਇਜ਼ਰਾਈਲ ਦੇ ਪੀਐਮਓ ਨੇ ਕਿਹਾ ਕਿ “ਇਹ ਗ੍ਰੀਸ ਵਿੱਚ ਸਾਹਮਣੇ ਆ ਰਿਹਾ ਇੱਕ ਗੰਭੀਰ ਮਾਮਲਾ ਹੈ ਜਿਸ ਨੂੰ ਯੂਨਾਨ ਦੇ ਸੁਰੱਖਿਆ ਬਲਾਂ ਨੇ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਹੈ। ਇਹ ਈਰਾਨ ਵੱਲੋਂ ਵਿਦੇਸ਼ਾਂ ਵਿੱਚ ਇਜ਼ਰਾਈਲੀ ਅਤੇ ਯਹੂਦੀ ਟਿਕਾਣਿਆਂ ‘ਤੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਇੱਕ ਹੋਰ ਕੋਸ਼ਿਸ਼ ਸੀ।” ਬਿਆਨ ਮੁਤਾਬਕ ”ਯੂਨਾਨ ਵਿੱਚ ਸ਼ੱਕੀ ਵਿਅਕਤੀਆਂ ਦੇ ਜਾਂਚ ਦੇ ਘੇਰੇ ਵਿੱਚ ਆਉਣ ਤੋਂ ਬਾਅਦ ਮੋਸਾਦ ਨੇ ਉਨ੍ਹਾਂ ਦੇ ਢਾਂਚੇ, ਉਨ੍ਹਾਂ ਦੇ ਢੰਗ-ਤਰੀਕਿਆਂ ਦੀ ਜਾਂਚ ਕੀਤੀ ਅਤੇ ਈਰਾਨ ਨੂੰ ਖੁਫੀਆ ਸਹਾਇਤਾ ਪ੍ਰਦਾਨ ਕੀਤੀ। ਬਿਆਨ ਵਿਚ ਕਿਹਾ ਗਿਆ ਹੈ ਕਿ “ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰੀਸ ਵਿੱਚ ਕੰਮ ਕਰ ਰਿਹਾ ਇਹ ਢਾਂਚਾ ਈਰਾਨ ਤੋਂ ਸੰਚਾਲਿਤ ਇੱਕ ਵਿਆਪਕ ਈਰਾਨੀ ਨੈਟਵਰਕ ਦਾ ਹਿੱਸਾ ਹੈ ਜੋ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ।”
ਪੁਲਸ ਨੇ ਕੀਤੇ ਇਹ ਖੁਲਾਸੇ
ਦੱਸਿਆ ਗਿਆ ਹੈ ਕਿ 27 ਅਤੇ 29 ਸਾਲ ਦੇ ਦੋ ਸ਼ੱਕੀ ਮੱਧ ਏਥਨਜ਼ ਵਿਚ ਪੁਲਸ ਹੈੱਡਕੁਆਰਟਰ ਵਿਚ ਹਨ ਜਦਕਿ ਤੀਸਰਾ ਵਿਅਕਤੀ ਫਰਾਰ ਹੈ ਅਤੇ ਯੂਨਾਨ ਦਾ ਨਾਗਰਿਕ ਨਹੀਂ ਹੈ। ਸਥਾਨਕ ਮੀਡੀਆ ਰਿਪੋਰਟਾਂ ਨੇ ਸੰਕੇਤ ਦਿੱਤਾ ਹੈ ਕਿ ਹਮਲੇ ਵਿੱਚ ਚਾਬਡ ਹਾਊਸ (ਯਹੂਦੀ ਕਮਿਊਨਿਟੀ ਸੈਂਟਰ) ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿੱਚ ਇੱਕ ਕੋਸ਼ਰ ਰੈਸਟੋਰੈਂਟ ਹੈ ਅਤੇ ਇਸ ਵਿੱਚ ਬਹੁਤ ਸਾਰੀਆਂ ਧਾਰਮਿਕ ਸੇਵਾਵਾਂ ਆਯੋਜਿਤ ਹੁੰਦੀਆਂ ਹਨ। ਗੌਰਤਲਬ ਹੈ ਕਿ 26 ਨਵੰਬਰ 2008 ਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਭਾਰਤ ਦੇ ਮੁੰਬਈ ਵਿਚ ਹਮਲੇ ਦੌਰਾਨ ਇੱਕ ਚੱਬਾਡ ਹਾਊਸ ਨੂੰ ਵੀ ਨਿਸ਼ਾਨਾ ਬਣਾਇਆ ਸੀ। ਯੂਨਾਨ ਦੀ ਪੁਲਸ ਨੇ ਕਿਹਾ ਕਿ ਸ਼ੱਕੀ ਹਮਲੇ ਦੀਆਂ ਅੰਤਿਮ ਤਿਆਰੀਆਂ ਕਰ ਰਹੇ ਸਨ।” ਉਨ੍ਹਾਂ ਦਾ ਉਦੇਸ਼ ਸਿਰਫ਼ ਨਿਰਦੋਸ਼ ਨਾਗਰਿਕਾਂ ਨੂੰ ਮਾਰਨਾ ਹੀ ਨਹੀਂ ਸੀ, ਸਗੋਂ ਦੇਸ਼ ਵਿਚ ਸੁਰੱਖਿਆ ਦੀ ਭਾਵਨਾ ਨੂੰ ਢਾਹ ਲਾਉਣਾ, ਜਨਤਕ ਅਦਾਰਿਆਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਗ੍ਰੀਸ ਦੇ ਅੰਤਰਰਾਸ਼ਟਰੀ ਸਬੰਧਾਂ ਨੂੰ ਖ਼ਤਰੇ ਵਿਚ ਪਾਉਣਾ ਸੀ।
ਡਿਜੀਟਲ ਡਾਟਾ ਦੇ ਵਿਸ਼ਲੇਸ਼ਣ ਤੋਂ ਹੋਇਆ ਅਹਿਮ ਖੁਲਾਸਾ
ਯੂਨਾਨੀ ਨਿਊਜ਼ ਵੈੱਬਸਾਈਟ ਡਾਇਰੈਕਟੋਸ ‘ਤੇ ਪ੍ਰਕਾਸ਼ਿਤ ਇਕ ਪੁਲਸ ਬਿਆਨ ‘ਚ ਕਿਹਾ ਗਿਆ ਕਿ ਦੋਸ਼ੀਆਂ ਤੋਂ ਮਿਲੀ ਜਾਣਕਾਰੀ ਅਤੇ ਉਨ੍ਹਾਂ ਤੋਂ ਜ਼ਬਤ ਕੀਤੇ ਗਏ ਡਿਜੀਟਲ ਡਾਟਾ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਨੈੱਟਵਰਕ ਦੇ ਮੈਂਬਰਾਂ ਨੇ ਹਮਲੇ ਦੇ ਟੀਚਿਆਂ ਨੂੰ ਪਹਿਲਾਂ ਤੋਂ ਹੀ ਚੁਣ ਲਿਆ ਸੀ, ਜੋ ਕਿ ਖਾਸ ਮਹੱਤਵ ਵਾਲੀ ਇਮਾਰਤ ਹੈ। ਬਿਆਨ ਵਿਚ ਕਿਹਾ ਗਿਆ ਕਿ ਇਹ ਨੈੱਟਵਰਕ ਈਰਾਨੀ ਸਾਜ਼ਿਸ਼ ਨਾਲ ਸਬੰਧਤ ਸੀ ਜਿਸ ਨੂੰ ਪਿਛਲੇ ਸਾਲ ਤੁਰਕੀ ਵਿਚ ਨਾਕਾਮ ਕੀਤਾ ਗਿਆ ਸੀ। ਦੋਵੇਂ ਸ਼ੱਕੀ ਗੁਆਂਢੀ ਦੇਸ਼ ਤੁਰਕੀ ਤੋਂ ਗ੍ਰੀਸ ਵਿਚ ਦਾਖਲ ਹੋਏ ਅਤੇ ਘੱਟੋ-ਘੱਟ ਚਾਰ ਮਹੀਨੇ ਤੋਂ ਦੇਸ਼ ਵਿਚ ਰਹਿ ਰਹੇ ਹਨ। ਬਿਆਨ ਵਿਚ ਕਿਹਾ ਗਿਆ ਕਿ ਉਨ੍ਹਾਂ ਨੇ ਹਮਲੇ ਨੂੰ ਅੰਜ਼ਾਮ ਦੇਣ ਲਈ ਅੰਤਮ ਨਿਰਦੇਸ਼ ਪ੍ਰਾਪਤ ਕਰ ਲਏ ਸਨ।
Comment here