ਅਪਰਾਧਸਿਆਸਤਚਲੰਤ ਮਾਮਲੇ

ਪਾਕਿ ਧਮਾਕਾ : ਆਸਟ੍ਰੇਲੀਆ-ਸਾਊਦੀ ਅਰਬ ਨੇ ਆਪਣੇ ਨਾਗਰਿਕਾਂ ਨੂੰ ਕੀਤਾ ਅਲਰਟ

ਇਸਲਾਮਾਬਾਦ-ਬੀਤੇ ਦਿਨ ਅਮਰੀਕਾ ਅਤੇ ਯੂਕੇ ਨੇ ਆਪਣੇ ਕਰਮਚਾਰੀਆਂ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ‘ਚ ਹੋਏ ਆਤਮਘਾਤੀ ਬੰਬ ਧਮਾਕੇ ਤੋਂ ਬਾਅਦ ਚੌਕਸ ਕਰ ਦਿੱਤਾ। ਹੁਣ ਅਮਰੀਕਾ ਤੋਂ ਬਾਅਦ ਆਸਟ੍ਰੇਲੀਆ, ਯੂਕੇ ਅਤੇ ਸਾਊਦੀ ਅਰਬ ਨੇ ਵੀ ਆਪਣੇ ਨਾਗਰਿਕਾਂ ਲਈ ਗਾਈਡਲਾਈਨ ਜਾਰੀ ਕੀਤੀ ਹੈ।ਪਾਕਿਸਤਾਨ ਸਥਿਤ ਅਮਰੀਕੀ ਦੂਤਘਰ ਨੇ ਐਤਵਾਰ ਨੂੰ ਹਮਲੇ ਦੀ ਧਮਕੀ ਦਾ ਹਵਾਲਾ ਦਿੰਦੇ ਹੋਏ ਆਪਣੇ ਸਰਕਾਰੀ ਕਰਮਚਾਰੀਆਂ ਨੂੰ ਇਸਲਾਮਾਬਾਦ ਦੇ ਮੈਰੀਅਟ ਹੋਟਲ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ। ਆਤਮਘਾਤੀ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਰਾਜਧਾਨੀ ਨੂੰ ਪਹਿਲਾਂ ਹੀ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਹਮਲੇ ‘ਚ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ।
ਆਸਟ੍ਰੇਲੀਆ-ਸਾਊਦੀ ਅਰਬ ਨੇ ਵੀ ਜਾਰੀ ਕੀਤੀ ਐਡਵਾਈਜ਼ਰੀ
ਪਾਕਿਸਤਾਨ ਵਿੱਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਸੋਮਵਾਰ ਨੂੰ ਆਪਣੇ ਨਾਗਰਿਕਾਂ ਲਈ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਸ਼ਹਿਰ ਦੇ ਅੰਦਰ ਰਹਿਣ ਅਤੇ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਜਾਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਇਸਲਾਮਾਬਾਦ ਵਿੱਚ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਚੌਕਸੀ ਵਧਾਉਣ ਅਤੇ ਸ਼ਹਿਰ ਦੇ ਅੰਦਰ ਯਾਤਰਾ ਨੂੰ ਸੀਮਤ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੌਰਾਨ ਸਾਊਦੀ ਅਰਬ ਨੇ ਵੀ ਪਾਕਿਸਤਾਨ ‘ਚ ਚਿਤਾਵਨੀ ਜਾਰੀ ਕਰ ਕੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਬੇਲੋੜਾ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਅਮਰੀਕੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਇਸ ਸੂਚਨਾ ਬਾਰੇ ਚੇਤਾਵਨੀ ਦਿੱਤੀ ਸੀ ਕਿ ਕੁਝ ਸ਼ੱਕੀ ਇਸਲਾਮਾਬਾਦ ਦੇ ਮੈਰੀਅਟ ਹੋਟਲ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਸਲਾਮਾਬਾਦ ਹਾਈ ਅਲਰਟ ‘ਤੇ, ਜਨਤਕ ਇਕੱਠਾਂ ‘ਤੇ ਪਾਬੰਦੀ
ਹਮਲੇ ਤੋਂ ਬਾਅਦ, ਇਸਲਾਮਾਬਾਦ ਦੇ ਪ੍ਰਸ਼ਾਸਨ ਨੇ ਸ਼ਹਿਰ ਨੂੰ ਹਾਈ ਅਲਰਟ ‘ਤੇ ਰੱਖਿਆ ਹੈ, ਜਨਤਕ ਇਕੱਠਾਂ ਅਤੇ ਜਲੂਸਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਗਸ਼ਤ ਵਧਾ ਦਿੱਤੀ ਗਈ ਹੈ ਅਤੇ ਵਾਹਨਾਂ ਦੀ ਚੈਕਿੰਗ ਲਈ ਨਾਕੇ ਲਗਾਏ ਗਏ ਹਨ। ਆਤਮਘਾਤੀ ਹਮਲੇ ਦੇ ਕੁਝ ਘੰਟਿਆਂ ਬਾਅਦ ਇਸਲਾਮਾਬਾਦ ਪ੍ਰਸ਼ਾਸਨ ਨੇ ਸਾਰੇ ਇਕੱਠਾਂ ਖਾਸ ਤੌਰ ‘ਤੇ ਆਉਣ ਵਾਲੀਆਂ ਸਥਾਨਕ ਬਾਡੀ ਚੋਣਾਂ ਨਾਲ ਸਬੰਧਤ ਗਤੀਵਿਧੀਆਂ ‘ਤੇ ਪਾਬੰਦੀ ਲਗਾ ਦਿੱਤੀ ਅਤੇ ਸ਼ਹਿਰ ਵਿੱਚ ਹਾਈ ਅਲਰਟ ਘੋਸ਼ਿਤ ਕੀਤਾ।
ਮੈਰੀਅਟ ਹੋਟਲ ‘ਤੇ ਹਮਲੇ ਦਾ ਡਰ
ਅਮਰੀਕੀ ਸਰਕਾਰ ਨੇ ਸੁਰੱਖਿਆ ਅਲਰਟ ‘ਚ ਕਿਹਾ ਹੈ ਕਿ ਉਸ ਨੂੰ ਸੂਚਨਾ ਮਿਲੀ ਹੈ ਕਿ ਅਣਪਛਾਤੇ ਵਿਅਕਤੀ ਛੁੱਟੀਆਂ ਮਨਾਉਣ ਦੌਰਾਨ ਇਸਲਾਮਾਬਾਦ ਦੇ ਮੈਰੀਅਟ ਹੋਟਲ ‘ਚ ਅਮਰੀਕੀਆਂ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਰਚ ਸਕਦੇ ਹਨ। ਅਮਰੀਕੀ ਦੂਤਘਰ ਨੇ ਵੀ ਆਪਣੇ ਕਰਮਚਾਰੀਆਂ ਨੂੰ ਛੁੱਟੀਆਂ ਦੌਰਾਨ ਇਸਲਾਮਾਬਾਦ ਦੀ ਗੈਰ-ਜ਼ਰੂਰੀ ਅਤੇ ਗੈਰ-ਅਧਿਕਾਰਤ ਯਾਤਰਾ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ। ਹਮਲੇ ਦੀ ਜ਼ਿੰਮੇਵਾਰੀ ਗੈਰਕਾਨੂੰਨੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੁਆਰਾ ਲਈ ਗਈ ਹੈ।ਇੱਥੇ ਦੱਸ ਦਈਏ ਕਿ ਇਸਲਾਮਾਬਾਦ ਵਿੱਚ ਮੈਰੀਅਟ ਹੋਟਲ ਸਤੰਬਰ 2008 ਵਿੱਚ ਇੱਕ ਆਤਮਘਾਤੀ ਬੰਬ ਧਮਾਕੇ ਨਾਲ ਪ੍ਰਭਾਵਿਤ ਹੋਇਆ ਸੀ। ਇਹ ਰਾਜਧਾਨੀ ਦੀਆਂ ਸਭ ਤੋਂ ਘਾਤਕ ਘਟਨਾਵਾਂ ਵਿੱਚੋਂ ਇੱਕ ਸੀ, ਜਿਸ ਵਿੱਚ 63 ਲੋਕ ਮਾਰੇ ਗਏ ਸਨ ਅਤੇ 250 ਤੋਂ ਵੱਧ ਜ਼ਖ਼ਮੀ ਹੋ ਗਏ ਸਨ।

Comment here