ਪੇਸ਼ਾਵਰ-ਪਾਕਿਸਤਾਨ ਵਿਚ ਘੱਟ ਗਿਣਤੀਆਂ ਨੂੰ ਲੈਕੇ ਅਤਿਆਚਾਰ ਜਾਰੀ ਹੈ। ਤਾਜ਼ਾ ਘਟਨਾ ਅਨੁਸਾਰ ਪਾਕਿਸਤਾਨ ਦੇ ਪਹਿਲੇ ਸਿੱਖ ਪੱਤਰਕਾਰ ਅਤੇ ਐਂਕਰ ਹਰਮੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਦੇਸ਼ ਵਿਚ ਜ਼ਿੰਦਾ ਰਹਿਣ ਲਈ ਬਹੁਤ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਮੀਤ ਸਿੰਘ ਦੇ ਅਨੁਸਾਰ ਪਿਛਲੇ ਹਫਤੇ ਉਸ ਨੇ ਆਪਣੇ ‘ਐਕਸ’ ਹੈਂਡਲ ’ਤੇ ਇਕ ਖਬਰ ਸਾਂਝੀ ਕੀਤੀ ਸੀ ਕਿ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੀ ਨੇਤਾ ਅਤੇ ਸਾਬਕਾ ਮੰਤਰੀ ਸ਼ਾਜ਼ੀਆ ਅੱਟਾ ਮਰੀਅਮ ਦੀ ਰਿਹਾਇਸ਼ ’ਤੇ ਛਾਪੇਮਾਰੀ ਕਰਦਿਆਂ ਉਥੋਂ 97 ਅਰਬ ਰੁਪਏ ਬਰਾਮਦ ਕੀਤੇ ਹਨ।
ਹਰਮੀਤ ਸਿੰਘ ਦਾ ਕਹਿਣਾ ਹੈ ਕਿ ਸਾਬਕਾ ਮੰਤਰੀ ਸ਼ਾਜ਼ੀਆ ਮਰੀਅਮ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਹਾਲ ਹੀ ’ਚ ‘ਪਬਲਿਕ ਟੀ. ਵੀ.’ ਨੇ ਨੌਕਰੀ ਤੋਂ ਕੱਢ ਦਿੱਤਾ। ਹਰਮੀਤ ਸਿੰਘ, ਜੋ ਯੂ-ਟਿਊਬ ’ਤੇ ‘ਹਰਮੀਤ ਸਿੰਘ ਚੈਨਲ’ ਵੀ ਚਲਾਉਂਦਾ ਹੈ, ਨੇ ਕਿਹਾ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਇਹ ਖਬਰ ਫਰਜ਼ੀ ਹੈ, ਤਾਂ ਉਸ ਨੇ ਟਵੀਟ ਨੂੰ ਡਿਲੀਟ ਕਰ ਦਿੱਤਾ ਅਤੇ ਆਪਣੀ ਗਲਤੀ ਮੰਨਦੇ ਹੋਏ ਸ਼ਾਜ਼ੀਆ ਮਰੀਅਮ ਕੋਲੋਂ ਲਿਖਤੀ ਤੌਰ ’ਤੇ ਮੁਆਫੀ ਮੰਗ ਲਈ ਪਰ ਸ਼ਾਜ਼ੀਆ ਨੇ ਮੁਆਫੀ ਸਵੀਕਾਰ ਕਰਨ ਦੀ ਬਜਾਏ ਉਸ ਨੂੰ 10 ਅਰਬ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨ ਲਈ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪੀ. ਪੀ. ਪੀ. ਆਗੂਆਂ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਹੁਣ ਹਰ ਮੀਡੀਆ ਹਾਊਸ ਦੇ ਦਰਵਾਜ਼ੇ ਮੇਰੇ ਲਈ ਬੰਦ ਹੋ ਗਏ ਹਨ ਅਤੇ ਮੇਰਾ ਪੱਤਰਕਾਰੀ ਕਰੀਅਰ ਖ਼ਤਮ ਹੋ ਗਿਆ ਹੈ। ਹਰਮੀਤ ਨੇ ਲਿਖਿਆ, “ਮੇਰੇ ਲਈ ਜ਼ਿੰਦਾ ਰਹਿਣਾ ਬਹੁਤ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮੈਨੂੰ ਵਿਦੇਸ਼ੀ ਚੈਨਲਾਂ ਤੋਂ ਨੌਕਰੀ ਦੇ ਬਹੁਤ ਸਾਰੇ ਆਫਰ ਮਿਲੇ ਪਰ ਮੈਂ ਆਪਣੇ ਦੇਸ਼ ਲਈ ਕੰਮ ਕਰਨਾ ਚਾਹੁੰਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਦੇਸ਼ ਇਕ ਕੁਲੀਨ ਕਲੱਬ ਹੈ।’’ ਹਰਮੀਤ ਸਿੰਘ ਨੇ ਕਿਹਾ ਕਿ ਉਸ ਨੇ ਇਹ ਖਬਰ ਕਈ ਸਥਾਨਕ ਨਿਊਜ਼ ਚੈਨਲਾਂ ਅਤੇ ਸਿੰਧ ਦੇ ਕਈ ਸੁਤੰਤਰ ਪੱਤਰਕਾਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਫੈਲਾਉਣ ਤੋਂ ਬਾਅਦ ਸਾਂਝੀ ਕੀਤੀ ਸੀ।
Comment here