ਸਿਆਸਤਖਬਰਾਂਦੁਨੀਆ

ਪਾਕਿ ਤੋੰ ਭਰਤੀ ਗੀਤਾ ਨੂੰ ਆਖਰ ਮਿਲਿਆ ਪਰਿਵਾਰ

ਭੋਪਾਲ- ਗ਼ਲਤੀ ਨਾਲ ਪਾਕਿਸਤਾਨ ਪੁੱਜੀ ਤੇ ਫਿਰ ਸਾਲ 2015 ’ਚ ਵਾਪਸ ਭਾਰਤ ਪਰਤੀ ਗੀਤਾ ਨੂੰ ਉਨ੍ਹਾਂ ਦਾ ਪਰਿਵਾਰ ਮਿਲ ਗਿਆ ਹੈ। ਗੀਤਾ ਮੂਲ ਤੌਰ ’ਤੇ ਮਹਾਰਾਸ਼ਟਰ ਦੇ ਪਰਭਣੀ ਦੀ ਹੈ। ਉਸ ਦਾ ਮੂਲ ਨਾਂ ਰਾਧਾ ਵਾਘਮਾਰੇ ਹੈ। ਪਰਿਵਾਰ ’ਚ ਹੁਣ ਮਾਂ ਮੀਨਾ ਪੰਡਾਰੇ ਤੇ ਵਿਆਹੁਤਾ ਭੈਣ ਪੂਜਾ ਬੰਸੋਡ ਹਨ। ਗੀਤਾ ਨੂੰ ਉਨ੍ਹਾਂ ਦਾ ਪਰਿਵਾਰ ਮਾਰਚ, 2021 ’ਚ ਪਰਭਣੀ ’ਚ ਹੀ ਮਿਲ ਗਿਆ ਸੀ, ਉਦੋਂ ਤੋਂ ਉਹ ਉਨ੍ਹਾਂ ਨਾਲ ਹੀ ਰਹਿ ਰਹੀ ਹੈ। ਉਦੋਂ ਕੋਰੋਨਾ ਕਾਰਨ ਪੂਰਾ ਪਰਿਵਾਰ ਕਿਸੇ ਜਨਤਕ ਪ੍ਰੋਗਰਾਮ ’ਚ ਸਾਹਮਣੇ ਨਹੀਂ ਆ ਸਕਿਆ ਸੀ। ਪਰਿਵਾਰ ਨਾਲ ਮਿਲਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਰੇਲਵੇ ਪੁਲਿਸ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਗੀਤਾ ਉਰਫ ਰਾਧਾ ਪਰਿਵਾਰ ਵਾਲਿਆਂ ਨਾਲ ਮੰਗਲਵਾਰ ਨੂੰ ਭੋਪਾਲ ਦੇ ਰੇਲਵੇ ਪੁਲਿਸ ਹੈੱਡਕੁਆਰਟਰ ਦੇ ਪੁੱਜੀ। ਉਨ੍ਹਾਂ ਪਰਿਵਾਰ ਨੂੰ ਲੱਭਣ ਦੀ ਮੁਹਿੰਮ ’ਚ ਸ਼ਾਮਲ ਸਾਰੇ ਵਿਅਕਤੀਆਂ ਤੇ ਸੰਸਥਾਵਾਂ ਦਾ ਧੰਨਵਾਦ ਕੀਤਾ। ਮੀਨਾ ਪੰਡਾਰੇ ਨੇ ਦੱਸਿਆ ਕਿ ਸਾਲ 1999 ’ਚ ਅੱਠ ਸਾਲ ਦੀ ਰਾਧਾ (ਗੀਤਾ) ਘਰੋਂ ਭਟਕ ਕੇ ਨੇਡ਼ਲੇ ਰੇਲਵੇ ਸਟੇਸ਼ਨ ਜਾ ਪੁੱਜੀ। ਸੱਚਖੰਡ ਐਕਸਪ੍ਰੈੱਸ ’ਚ ਬੈਠ ਕੇ ਅੰਮ੍ਰਿਤਸਰ ਪੁੱਜ ਗਈ। ਸਟੇਸ਼ਨ ’ਤੇ ਹੀ ਭਾਰਤ ਤੇ ਪਾਕਿਸਤਾਨ ਦਰਮਿਆਨ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ’ਚ ਬੈਠ ਗਈ। ਇਸ ਤਰ੍ਹਾਂ ਗ਼ਲਤੀ ਨਾਲ ਉਹ ਪਾਕਿਸਤਾਨ ਪੁੱਜ ਗਈ।

Comment here