ਸਿਆਸਤਖਬਰਾਂਚਲੰਤ ਮਾਮਲੇ

ਪਾਕਿ : ਤੋਸ਼ਾਖਾਨਾ ਦੇ ਨਵੇਂ ਨਿਯਮ; ਨਹੀਂ ਲੈ ਸਕਦੇ 300 ਅਮਰੀਕੀ ਡਾਲਰ ਤੋਂ ਮਹਿੰਗਾ ਤੋਹਫ਼ਾ

ਇਸਲਾਮਾਬਾਦ-ਪਾਕਿਸਤਾਨ ਸਰਕਾਰ ਨੇ ਤੋਸ਼ਾਖਾਨਾ ਬਾਰੇ ਇਕ ਨਵੀਂ ਨੀਤੀ ਤਿਆਰ ਕੀਤੀ ਹੈ। ਤੋਸ਼ਾਖਾਨਾ ਮਾਮਲੇ ’ਚ ਪਾਕਿਸਤਾਨ ਸਰਕਾਰ ਪ੍ਰਧਾਨ ਮੰਤਰੀ, ਮੰਤਰੀਆਂ ਅਤੇ ਅਧਿਕਾਰੀਆਂ ’ਤੇ ਕਿਸੇ ਵਿਦੇਸ਼ੀ ਸਰਕਾਰ ਵੱਲੋਂ ਦਿੱਤੇ ਗਏ ਕਿਸੇ ਵੀ ਤੋਹਫ਼ੇ ਨੂੰ ਆਪਣੇ ਕੋਲ ਰੱਖਣ ਤੋਂ ਰੋਕਣ ਲਈ ਨਵਾਂ ਨਿਯਮ ਲਿਆਈ ਹੈ, ਜਿਸ ਦੇ ਮੁਤਾਬਕ ਜਿਸ ਤੋਹਫ਼ੇ ਦਾ ਮੁੱਲ 300 ਅਮਰੀਕੀ ਡਾਲਰ ਤੋਂ ਜ਼ਿਆਦਾ ਹੋਵੇਗਾ, ਉਸ ਨੂੰ ਖਰੀਦਿਆ ਨਹੀਂ ਜਾ ਸਕੇਗਾ। ਇਹ ਮਾਮਲਾ ਉਦੋਂ ਸੁਰਖੀਆਂ ‘ਚ ਆਇਆ ਸੀ, ਜਦੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਊਦੀ ਰਾਜਕੁਮਾਰ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਕੀਮਤੀ ਘੜੀ ਵੇਚ ਦਿੱਤੀ ਸੀ ਅਤੇ ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਸਾਹਮਣੇ ਉਸ ਦੀ ਵਿਕਰੀ ਦਾ ਖ਼ੁਲਾਸਾ ਨਹੀਂ ਕੀਤਾ ਸੀ, ਜਿਸ ਦੇ ਲਈ ਉਨ੍ਹਾਂ ਨੂੰ ਪਿਛਲੇ ਸਾਲ ਅਯੋਗ ਐਲਾਨ ਕਰ ਕੇ ਅਪਰਾਧਿਕ ਮਾਮਲਾ ਸ਼ੁਰੂ ਕੀਤਾ ਗਿਆ ਸੀ, ਜੋ ਹੁਣ ਗ੍ਰਿਫ਼ਤਾਰੀ ਤੱਕ ਪਹੁੰਚ ਗਿਆ ਹੈ।
ਕੈਬਨਿਟ ਨੇ ਤੋਸ਼ਾਖਾਨਾ ਬਾਰੇ ਇਕ ਨਵੀਂ ਨੀਤੀ ਤਿਆਰ ਕੀਤੀ ਹੈ। ਇਕ ਅਧਿਕਾਰਤ ਦਸਤਾਵੇਜ਼ ਤੋਂ ਪਤਾ ਲੱਗਾ ਹੈ ਕਿ 2002 ਅਤੇ 2022 ਵਿਚਾਲੇ ਸੈਂਕੜੇ ਮਹਿੰਗੇ ਤੋਹਫ਼ੇ ਲਗਾਤਾਰ ਚੋਟੀ ਦੇ ਸੂਬਿਆਂ ਦੇ ਅਹੁਦੇਦਾਰਾਂ ਵੱਲੋਂ ਮਾਮੂਲੀ ਭੁਗਤਾਨ ਤੋਂ ਬਾਅਦ ਆਪਣੇ ਕੋਲ ਰੱਖ ਲਏ ਗਏ। ਉਨ੍ਹਾਂ ਨੂੰ ਉਸ ਨਿਯਮ ਦਾ ਲਾਭ ਮਿਲਿਆ, ਜਿਸ ਦੇ ਤਹਿਤ ਉਨ੍ਹਾਂ ਨੂੰ ਕਿਸੇ ਵੀ ਤੋਹਫ਼ੇ ਦੇ ਮੁੱਲ ਦਾ 20 ਫੀਸਦੀ ਭੁਗਤਾਨ ਕਰਨ ਤੋਂ ਬਾਅਦ ਉਸ ਨੂੰ ਆਪਣੇ ਕੋਲ ਰੱਖਣ ਦੀ ਇਜਾਜ਼ਤ ਸੀ।
ਪਾਕਿ ਸ਼ਾਸਕਾਂ ਨੇ ਤੋਸ਼ਾਖਾਨਾ ਵਿਚ ਸਿਰਫ 9 ਕਿਤਾਬਾਂ ਤੋਂ ਇਲਾਵਾ ਕੁਝ ਨਹੀਂ ਛੱਡਿਆ
ਪ੍ਰਵੇਜ਼ ਮੁਸ਼ੱਰਫ, ਸ਼ੌਕਤ ਅਜ਼ੀਜ਼, ਯੂਸੁਫ ਰਜ਼ਾ ਗਿਲਾਨੀ, ਨਵਾਜ਼ ਸ਼ਰੀਫ, ਆਸਿਫ ਅਲੀ ਅਤੇ ਇਮਰਾਨ ਖਾਨ ਨੇ ਸ਼ਾਸਕ ਦੇ ਰੂਪ ’ਚ ਸੈਂਕੜੇ ਤੋਹਫ਼ੇ ਲੈ ਲਏ। ਸਰਕਾਰ ਵੱਲੋਂ ਤੋਸ਼ਾਖਾਨਾ ਤੋਂ ਲਏ ਗਏ ਤੋਹਫ਼ਿਆਂ ਦਾ ਰਿਕਾਰਡ ਜਨਤਕ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਨਵਾਜ਼ ਸ਼ਰੀਫ਼ ਤੋਂ ਲੈ ਕੇ ਇਮਰਾਨ ਖਾਨ ਤੱਕ ਸਾਰੇ ਸਾਬਕਾ ਸ਼ਾਸਕਾਂ ਨੇ ਤੋਸ਼ਾਖਾਨਾ ’ਚ ਸਿਰਫ ਇਕ ਚੀਜ਼ ਛੱਡੀ ਅਤੇ ਉਹ ਹੈ 9 ਕਿਤਾਬਾਂ। ਕੋਈ ਵੀ ਸ਼ਾਸਕ ਇਨ੍ਹਾਂ ਕਿਤਾਬਾਂ ਨੂੰ ਨਹੀਂ ਲੈ ਗਿਆ ਅਤੇ ਬਾਅਦ ’ਚ ਇਨ੍ਹਾਂ ਕਿਤਾਬਾਂ ਨੂੰ ਲਾਇਬ੍ਰੇਰੀ ’ਚ ਦੇ ਦਿੱਤਾ ਗਿਆ।

Comment here