ਗੁਰਦਾਸਪੁਰ-ਸਾਲ 2020 ਵਿੱਚ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਕਾਮਲਪੁਰ ਦਾ ਨੌਜਵਾਨ ਪਾਕਿਸਤਾਨ ਚਲਾ ਗਿਆ ਸੀ। ਉਸ ਦੇ ਕਹਿਣ ਮੁਤਾਬਕ ਉਹ ਨਸ਼ੇ ਵਿੱਚ ਸੀ ਅਤੇ ਮੱਛੀਆਂ ਫੜ੍ਹਦੇ ਹੋਏ ਕਿਵੇਂ ਸਰਹੱਦ ਪਾਰ ਕਰਕੇ ਪਾਕਿਸਤਾਨ ਚਲਾ ਗਿਆ, ਉਸ ਨੂੰ ਅੰਦਾਜਾ ਹੀ ਨਹੀਂ ਸੀ। ਹੁਣ ਉਹ ਤਿੰਨ ਸਾਲ ਦੀ ਸਜ਼ਾ ਕੱਟ ਕੇ ਵਾਪਸ ਅਪਣੇ ਵਤਨ ਪਰਤਿਆ ਹੈ। ਉਸ ਨੇ ਕਿਹਾ ਕਿ ਭਾਵੇਂ ਉਸ ਨੂੰ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾ ਹੋ ਕੇ ਦੂਜਾ ਜਨਮ ਮਿਲ ਗਿਆ ਹੈ, ਪਰ ਅਜੇ ਵੀ ਪਾਕਿਸਤਾਨ ਦੀ ਲਾਹੌਰ ਜੇਲ੍ਹ ਵਿੱਚ ਉਸ ਨਾਲ ਰਹਿੰਦੇ 15 ਭਾਰਤੀਆਂ ਵਿੱਚੋਂ 5 ਨੌਜਵਾਨ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕੇ ਹਨ ਤੇ ਆਪਣੇ ਵਤਨ ਨੂੰ ਆਉਣ ਲਈ ਤੜਪ ਰਹੇ ਹਨ।
ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਹਰਜਿੰਦਰ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਤੇ ਮਾਤਾ ਕੁਲਵਿੰਦਰ ਕੌਰ ਪਰਿਵਾਰ ਸਮੇਤ ਪੁੱਤਰ ਨੂੰ ਵੇਖ ਕੇ ਖੁਸ਼ ਹਨ। ਪਾਕਿਸਤਾਨ ਦੀ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਏ ਨੌਜਵਾਨ ਹਰਜਿੰਦਰ ਸਿੰਘ ਦਾ ਮੁਰਝਾਇਆ ਚਿਹਰਾ, ਖਾਮੋਸ਼ ਸੁਭਾਅ, ਵਾਰ ਵਾਰ ਤੱਬਕਣਾ, ਅੱਖਾਂ ਵਿੱਚੋਂ ਹੰਝੂ ਆਉਂਣੇ ਦਿਲ ਵਿੱਚ ਭਰੇ ਖ਼ੌਫ਼ ਨੂੰ ਬਿਆਨ ਕਰ ਰਿਹਾ ਹੈ। ਇਸ ਮੌਕੇ ਹਰਜਿੰਦਰ ਸਿੰਘ ਨੇ ਦੁੱਖ ਭਰੀ ਦਾਸਤਾਨ ਦੱਸਦਿਆਂ ਹੋਇਆ ਕਿਹਾ ਕਿ ਉਹ 2020 ਦੇ ਮਈ ਮਹੀਨੇ ਨਸ਼ੇ ਦੀ ਹਾਲਤ ਵਿੱਚ ਕੌਮਾਂਤਰੀ ਸਰਹੱਦ ਰਾਹੀਂ ਗ਼ਲਤੀ ਨਾਲ ਪਾਕਿਸਤਾਨ ਦੀ ਸਰਹੱਦ ਵਿਚ ਪ੍ਰਵੇਸ਼ ਕਰ ਗਿਆ ਸੀ ਅਤੇ ਇਸ ਦੌਰਾਨ ਉਸ ਨੂੰ ਪਾਕਿਸਤਾਨ ਦੇ ਰੇਂਜਰਾਂ ਵੱਲੋਂ ਫ਼ੜ ਲਿਆ ਗਿਆ। ਉਨ੍ਹਾਂ ਵੱਲੋਂ ਕਈ ਦਿਨ ਪੁਛ-ਪੜਤਾਲ ਤੇ ਕੁੱਟਮਾਰ ਕਰਨ ਤੋਂ ਬਾਅਦ ਪਾਕਿਸਤਾਨ ਦੇ ਸਿਆਲਕੋਟ ਦੀ ਗੋਰਾ ਜੇਲ੍ਹ ਜਿਸ ਨੂੰ ਅੰਗਰੇਜ਼ ਫੌਜ ਵੱਲੋਂ ਬਣਾਇਆ ਗਿਆ ਸੀ, ਦੇ ਤਹਿਖ਼ਾਨੇ ਵਿੱਚ ਸੁੱਟ ਦਿੱਤਾ ਗਿਆ, ਜਿੱਥੇ ਦੋ ਮਹੀਨੇ ਜਿਸਮਾਨੀ ਤੇ ਮਾਨਸਿਕ ਤੌਰ ਉੱਤੇ ਤਸੀਹੇ ਦਿੱਤੇ ਗਏ।
ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਲਗਾਤਾਰ ਦਿਨ ਰਾਤ 10-12 ਘੰਟੇ ਖੜਾ ਰੱਖਿਆ ਜਾਂਦਾ ਰਿਹਾ, ਕੁਝ ਪਲ ਬਿਠਾਉਣ ਤੋਂ ਬਾਅਦ ਦੋ ਮਹੀਨੇ ਹਨ੍ਹੇਰ ਕੋਠੜੀ ਵਿੱਚ ਬੰਦ ਕਰਨ ਤੋਂ ਬਾਅਦ ਉਸ ਨੂੰ ਸੂਰਜ ਵੇਖਣਾ ਨਸੀਬ ਹੋਇਆ ਸੀ। ਇਸ ਉਪਰੰਤ ਉਸ ਨੂੰ ਸਿਆਲਕੋਟ ਦੇ ਗੁਜਰਾਂਵਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋ-ਦੋ ਹਫ਼ਤਿਆਂ ਬਾਅਦ ਅਦਾਲਤ ਦੀਆਂ ਤਰੀਕਾਂ ਪੈਂਦੀਆਂ ਰਹੀਆਂ ਹਨ। ਉਪਰੰਤ ਅਦਾਲਤ ਨੇ ਇੱਕ ਮਹੀਨਾ, 25 ਦਿਨ ਤੇ 10 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਅਤੇ ਇਸ ਤੋਂ ਬਾਅਦ ਉਸ ਨੂੰ ਲਾਹੌਰ ਜੇਲ੍ਹ ਵਿੱਚ 4 ਨੰਬਰ ਬਲਾਕ ਵਿੱਚ ਸੁੱਟ ਦਿੱਤਾ।ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਜਗ੍ਹਾ ਵਿੱਚ ਕੇਵਲ 15 ਭਾਰਤੀ ਹੀ ਬੰਦ ਸਨ, ਜਿੱਥੇ ਉਸ ਨੂੰ ਸਵੇਰੇ ਚਾਹ ਦਾ ਕੱਪ ਇਕ ਰੋਟੀ, ਦੁਪਹਿਰ ਨੂੰ ਦੋ ਜਾਂ ਤਿੰਨ ਆਟੇ ਦੇ ਸੂੜੇ ਦੀਆਂ ਰੋਟੀਆਂ, ਰਾਤ ਵੇਲੇ ਇੱਕ ਰੋਟੀ ਦਾਲ ਤੇ ਆਲੂਆਂ ਦੀ ਸਬਜ਼ੀ ਨਾਲ ਮਿਲਦੀ ਸੀ। ਉਸ ਨੇ ਦੱਸਿਆ ਕਿ ਜਿਸ ਬਲਾਕ (ਚੱਕੀਆਂ) ਵਿੱਚ ਉਹ ਰਹਿੰਦਾ ਸੀ ਉਸ ਵਿੱਚ ਹੀ 15 ਭਾਰਤੀ ਨੌਜਵਾਨ, ਜਿਨ੍ਹਾਂ ਵਿੱਚ 5 ਕੈਦੀ ਸਨ।
Comment here