ਖਬਰਾਂਚਲੰਤ ਮਾਮਲੇਦੁਨੀਆ

ਪਾਕਿ ’ਚ ਹਿੰਦੂ ਵਪਾਰੀ ਅਗਵਾ; ਪਰਿਵਾਰ ਕੋਲੋਂ ਮੰਗੇ 5 ਕਰੋੜ ਰੁਪਏ

ਕਾਸ਼ਮੋਰ-ਪਾਕਿਸਤਾਨ ਵਿਚ ਇਕ ਹਿੰਦੂ ਵਪਾਰੀ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ ਸੀ, ਹੁਣ ਉਸ ਦੇ ਪਰਿਵਾਰਕ ਮੈਂਬਰਾਂ ਕੋਲੋਂ ਉਸ ਨੂੰ ਛੱਡਣ ਲਈ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਅਗਵਾਕਾਰਾਂ ਨੇ ਬੰਧਕ ਬਣਾਏ ਗਏ ਵਪਾਰੀ ਦੀ ਇਕ ਵੀਡੀਓ ਉਸ ਦੇ ਬੇਟੇ ਨੂੰ ਭੇਜੀ ਹੈ, ਜਿਸ ਵਿਚ ਉਹ ਗੰਨ ਪੁਆਇੰਟ ’ਤੇ ਦਿਖਾਈ ਦੇ ਰਿਹਾ ਹੈ ਅਤੇ ਉਸ ਨੂੰ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ 20 ਜੂਨ ਨੂੰ ਸਿੰਧ ਦੇ ਕਾਸ਼ਮੋਰ ਜ਼ਿਲੇ ਦੇ ਬਕਸ਼ਪੁਰ ਇਲਾਕੇ ਤੋਂ ਹਿੰਦੂ ਵਪਾਰੀ ਜਗਦੀਸ਼ ਕੁਮਾਰ ਮੁੱਕੀ ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ ਜਦੋਂ ਉਹ ਦੁਕਾਨ ਬੰਦ ਕਰ ਕੇ ਘਰ ਵਾਪਸ ਪਰਤ ਰਿਹਾ ਸੀ। ਉਨ੍ਹਾਂ ਦੇ ਪਰਿਵਾਰ ਵਲੋਂ 21 ਜੂਨ ਕਾਸ਼ਮੋਰ ਪੁਲਸ ਸਟੇਸ਼ਨ ਵਿਚ ਅਤੇ 23 ਜੂਨ ਨੂੰ ਕਰਾਚੀ ਪੁਲਸ ਹੈੱਡਕੁਆਰਟਰ ਵਿਚ ਪਾਕਿਸਤਾਨ ਦਾਰਾਵਰ ਇੱਤੇਹਾਦ ਦੇ ਮੁਖੀ ਫਕੀਰ ਸ਼ਿਵ ਕਾਛੀ ਦੀ ਮਦਦ ਨਾਲ ਇਕ ਰਿਪੋਰਟ ਦਰਜ ਕੀਤੀ ਗਈ ਸੀ।
ਹੁਣ ਬੀਤੀ 31 ਜੁਲਾਈ ਨੂੰ ਜਗਦੀਸ਼ ਕੁਮਾਰ ਦੇ ਬੇਟੇ ਨਰੇਸ਼ ਕੁਮਾਰ ਨੂੰ ਇਕ ਵੀਡੀਓ ਭੇਜੀ ਗਈ ਹੈ, ਜਿਸ ਵਿਚ ਜਗਦੀਸ਼ ਕੁਮਾਰ ਨੂੰ ਗਰਦਨ, ਹੱਥ ਅਤੇ ਪੈਰਾਂ ਵਿਚ ਜੰਜ਼ੀਰਾਂ ਬੰਨ੍ਹ ਕੇ ਜਕੜਿਆ ਹੋਇਆ ਦਿਖਾਇਆ ਗਿਆ ਹੈ। ਉਸ ਦੇ ਸਿਰ ’ਤੇ ਲਾਠੀਆਂ ਨਾਲ ਵਾਰ ਕੀਤੇ ਜਾ ਰਹੇ ਹਨ ਅਤੇ ਕੋਈ ਅਣਪਛਾਤਾ ਸਿਰ ’ਤੇ ਬੰਦੂਕ ਤਾਣੀ ਹੋਏ ਹੈ।

Comment here