ਅਪਰਾਧਖਬਰਾਂਚਲੰਤ ਮਾਮਲੇ

ਪਾਕਿ ‘ਚ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਸਿੰਧ-ਇਥੋਂ ਦੇ ਸੰਘਰ ਡਿਵੀਜ਼ਨ ਵਿੱਚ ਪਾਕਿਸਤਾਨੀ ਹਿੰਦੂ ਮੁੰਡੇ ਦੀ ਲਾਸ਼ ਬਰਾਮਦ ਹੋਈ ਹੈ। ਪੀੜਤ ਦਾ ਇਸੇ ਮਹੀਨੇ 8 ਫਰਵਰੀ ਨੂੰ ਵਿਆਹ ਹੋਇਆ ਸੀ ਅਤੇ ਉਹ 11 ਫਰਵਰੀ ਨੂੰ ਸ਼ਾਮ 4 ਵਜੇ ਦੇ ਕਰੀਬ ਆਪਣੀ ਪਤਨੀ ਅਤੇ ਮਾਂ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਆਪਣੇ ਦੋਸਤਾਂ (ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ) ਨਾਲ ਕੁਝ ਘੰਟੇ ਬਿਤਾਉਣ ਲਈ ਬਾਹਰ ਜਾ ਰਿਹਾ ਹੈ। ਉਸ ਤੋਂ ਬਾਅਦ ਉਹ ਵਾਪਸ ਨਹੀਂ ਪਰਤਿਆ ਅਤੇ 13 ਫਰਵਰੀ ਨੂੰ ਉਸ ਦੀ ਲਾਸ਼ ਖੀਪਰੋ ਪਿੰਡ ਵਿੱਚ ਆਪਣੇ ਘਰ ਦੇ ਨੇੜੇ ਇੱਕ ਖੇਤ ਵਿੱਚ ਪਈ ਮਿਲੀ। ਪੁਲਸ ਅਨੁਸਾਰ ਦੌਲਤ ਕੋਹਲੀ ਦੀ ਲਾਸ਼ ਮਿਲਣ ਤੋਂ ਘੱਟੋ-ਘੱਟ 12 ਘੰਟੇ ਪਹਿਲਾਂ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ ਸਨ। ਉਥੇ ਹੀ ਪਰਿਵਾਰ ਨੇ ਦੋਸ਼ ਲਾਇਆ ਕਿ ਉਸ ਨੂੰ ਉਸ ਦੇ 2 ਸਥਾਨਕ ਮੁਸਲਿਮ ਦੋਸਤਾਂ ਨੇ ਮਾਰ ਦਿੱਤਾ ਹੈ, ਜਿਨ੍ਹਾਂ ਨੂੰ 10 ਫਰਵਰੀ ਨੂੰ ਦੌਲਤ ਨਾਲ ਬਹਿਸ ਕਰਦੇ ਹੋਏ ਦੇਖਿਆ ਗਿਆ ਸੀ, ਜਦੋਂ ਉਸ ਨੇ ਉਨ੍ਹਾਂ ਨੂੰ 2000 ਪਾਕਿਸਤਾਨੀ ਰੁਪਏ ਉਧਾਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਪੀੜਤ ਦੇ ਦੋਸਤ ਨੂੰ ਪੁੱਛਗਿੱਛ ਲਈ ਬੁਲਾਉਣ ‘ਚ ਅਸਫਲ ਰਹੀ ਹੈ। ਪਾਕਿਸਤਾਨੀ ਸਰਕਾਰ ਵੱਲੋਂ ਦੇਸ਼ ਵਿੱਚ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਵਾਰ-ਵਾਰ ਦਾਅਵਿਆਂ ਦੇ ਬਾਵਜੂਦ, ਘੱਟ ਗਿਣਤੀ ਹਿੰਦੂ ਭਾਈਚਾਰੇ ਉੱਤੇ ਮੁਸਲਿਮ ਕੱਟੜਪੰਥੀਆਂ ਅਤੇ ਜਾਗੀਰਦਾਰਾਂ ਵੱਲੋਂ ਬੇਰੋਕ ਵਹਿਸ਼ੀਆਨਾ ਹਮਲੇ ਚਿੰਤਾਜਨਕ ਰਫ਼ਤਾਰ ਨਾਲ ਲਗਾਤਾਰ ਜਾਰੀ ਹਨ। ਪਾਕਿਸਤਾਨ ‘ਚ ਹਿੰਦੂਆਂ ਵਿਰੁੱਧ ਹਾਲੀਆ ਅਪਰਾਧਾਂ ਵਿਚ ਹੋਏ ਵਾਧੇ ਨੇ ਸਰਕਾਰ ਦੇ ਉਨ੍ਹਾਂ ਦਾਅਵਿਆਂ ਦੀ ਪੋਲ ਕੇ ਰੱਖ ਦਿੱਤੀ ਹੈ, ਕਿ ਉਸ ਨੇ ਦੇਸ਼ ‘ਚ ਘੱਟ ਗਿਣਤੀਆਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ।

Comment here