* ਖਾਨ ਦੇ ਲੱਤ ‘ਚ ਲੱਗੀ ਗੋਲੀ, ਇਕ ਦੀ ਮੌਤ
* ਸ਼ਾਹਬਾਜ਼ ਸ਼ਰੀਫ ਨੇ ਜਾਂਚ ਦੇ ਦਿੱਤੇ ਹੁਕਮ
ਲਾਹੌਰ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇਕ ਰੋਸ ਮਾਰਚ ਦੌਰਾਨ ਬੀਤੇ ਵੀਰਵਾਰ ਨੂੰ ਪੰਜਾਬ ਸੂਬੇ ‘ਚ ਉਨ੍ਹਾਂ ਦੇ ਕੰਟੇਨਰ-ਟਰੱਕ ‘ਤੇ ਹਮਲਾ ਕੀਤਾ ਗਿਆ, ਜਿਸ ਵਿਚ ਉਨ੍ਹਾਂ ਦੀ ਲੱਤ ‘ਚ ਗੋਲੀ ਲੱਗੀ ਪਰ ਗੋਲੀ ਦਾ ਇੱਕ ਟੁੱਕੜਾ ਅਜੇ ਵੀ ਉਨ੍ਹਾਂ ਦੀ ਲੱਤ ਵਿੱਚ ਫਸਿਆ ਹੋਇਆ ਹੈ। ਡਾਕਟਰ ਉਸ ਦੀ ਹਾਲਤ ‘ਤੇ ਨਜ਼ਰ ਰੱਖ ਰਹੇ ਹਨ। ਉਹ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਖਾਨ ਦੀ ਪਾਰਟੀ ਨੇ ਦਾਅਵਾ ਕੀਤਾ ਕਿ ਇਹ ‘ਕਤਲ ਦੀ ਕੋਸ਼ਿਸ਼’ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਗੋਲ਼ੀਬਾਰੀ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਇਮਰਾਨ ਖਾਨ ਇਸ ਸਮੇਂ ਪਾਕਿਸਤਾਨ ’ਚ ਆਜ਼ਾਦੀ ਮਾਰਚ ਕੱਢ ਰਹੇ ਹਨ। ਉਹ ਮੌਜੂਦਾ ਸਰਕਾਰ ਖਿਲਾਫ ਲਗਾਤਾਰ ਸੜਕ ’ਤੇ ਧਰਨੇ ਦੇ ਰਹੇ ਹਨ। ਜਦੋਂ ਤੋਂ ਤੋਸ਼ਖਾਨਾ ਮਾਮਲੇ ’ਚ ਇਮਰਾਨ ਨੂੰ ਦੋਸ਼ੀ ਪਾਇਆ ਗਿਆ ਹੈ, ਉਦੋਂ ਤੋਂ ਉਸ ਵੱਲੋਂ ਆਜ਼ਾਦੀ ਮਾਰਚ ਸ਼ੁਰੂ ਹੋ ਗਿਆ ਹੈ। ਇਸੇ ਕੜੀ ’ਚ ਵੀਰਵਾਰ ਨੂੰ ਵੀ ਉਨ੍ਹਾਂ ਵੱਲੋਂ ਆਜ਼ਾਦੀ ਮਾਰਚ ਕੱਢਿਆ ਜਾ ਰਿਹਾ ਸੀ ਪਰ ਇਸ ਦੌਰਾਨ ਗੋਲ਼ੀਬਾਰੀ ਹੋ ਗਈ, ਜਿਸ ’ਚ ਇਮਰਾਨ ਖਾਨ ਜ਼ਖ਼ਮੀ ਦੱਸੇ ਜਾ ਰਹੇ ਹਨ।
ਉਨ੍ਹਾਂ ਤੋਂ ਇਲਾਵਾ ਸਾਬਕਾ ਗਵਰਨਰ ਇਮਰਾਨ ਇਸਮਾਇਲ ਵੀ ਇਸ ਗੋਲ਼ੀਬਾਰੀ ’ਚ ਜ਼ਖ਼ਮੀ ਹੋ ਗਏ ਹਨ।
ਕਦੋਂ ਵਾਪਰੀ ਘਟਨਾ
ਇਹ ਘਟਨਾ ਪੰਜਾਬ ਦੇ ਵਜ਼ੀਰਾਬਾਦ ਕਸਬੇ ਦੇ ‘ਅੱਲ੍ਹਾ ਹੂ ਚੌਕ’ ਨੇੜੇ ਵਾਪਰੀ, ਜਦੋਂ ਖਾਨ ਜਲਦੀ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਵੱਲ ਮਾਰਚ ਦੀ ਅਗਵਾਈ ਕਰ ਰਹੇ ਸਨ। ਖਾਨ ਦੀ ਪਾਰਟੀ ਦੇ ਸੀਨੀਅਰ ਨੇਤਾ ਅਸਦ ਉਮਰ ਨੇ ਮੀਡੀਆ ਨੂੰ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਲੱਤ ‘ਚ ਗੋਲੀ ਲੱਗੀ ਹੈ। ਉਮਰ ਨੇ ਕਿਹਾ, “ਖਾਨ ਦੀ ਹਾਲਤ ਨਾਜ਼ੁਕ ਨਹੀਂ ਹੈ ਪਰ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ।” ਉਨ੍ਹਾਂ ਕਿਹਾ ਕਿ ਖਾਨ ਦੇ ਵਿਰੋਧੀ ਪਾਕਿਸਤਾਨ ਨੂੰ ਬਦਲਦਾ ਨਹੀਂ ਦੇਖ ਸਕਦੇ।
ਕਿਸੇ ਵੀ ਸਮੂਹ ਨੇ ਹਮਲੇ ਦੀ ਨਹੀਂ ਲਈ ਜ਼ਿੰਮੇਵਾਰੀ
ਸੈਨੇਟਰ ਫੈਜ਼ਲ ਜਾਵੇਦ, ਜਿਸ ਦੇ ਚਿਹਰੇ ‘ਤੇ ਗੋਲੀ ਲੱਗੀ ਸੀ, ਨੇ ਕਿਹਾ ਕਿ ਹਮਲੇ ਦੌਰਾਨ ਪਾਰਟੀ ਦੇ ਇਕ ਵਰਕਰ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਕ੍ਰਿਕਟ ਦੀ ਦੁਨੀਆ ਤੋਂ ਰਾਜਨੀਤੀ ‘ਚ ਆਏ ਖਾਨ (70) ‘ਤੇ ਹੋਏ ਹਮਲੇ ਦੀ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ। ਚਸ਼ਮਦੀਦਾਂ ਮੁਤਾਬਕ ਇਕ ਬੰਦੂਕਧਾਰੀ ਨੇ ਖਾਨ ਦੀ ਗੱਡੀ ‘ਤੇ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਉਸ ਨੂੰ ਕਿਸੇ ਅਣਪਛਾਤੀ ਥਾਂ ’ਤੇ ਲੈ ਗਈ ਹੈ।
ਗੋਲੀ ਜਾਨ ਲੈਣ ਲਈ ਮਾਰੀ ਸੀ
ਪੀਟੀਆਈ ਨੇਤਾ ਇਮਰਾਨ ਇਸਮਾਈਲ ਨੇ ਕਿਹਾ ਕਿ ਜਦੋਂ ਸਾਬਕਾ ਪ੍ਰਧਾਨ ਮੰਤਰੀ ‘ਤੇ ਹਮਲਾ ਹੋਇਆ ਤਾਂ ਉਹ ਖਾਨ ਦੇ ਨਾਲ ਖੜ੍ਹੇ ਸਨ। ਉਨ੍ਹਾਂ ਨੇ ਦਾਅਵਾ ਕੀਤਾ, “ਇਹ ਸਿੱਧਾ ਹਮਲਾ ਸੀ… ਗੋਲੀ ਜਾਨ ਲੈਣ ਲਈ ਮਾਰੀ ਸੀ, ਡਰਾਉਣ ਲਈ ਨਹੀਂ।” ਜੀਓ ਟੀਵੀ ਦੇ ਅਨੁਸਾਰ ਹਮਲਾਵਰ ਦੀ ਪਛਾਣ ਨਾਵੇਦ ਵਜੋਂ ਹੋਈ ਹੈ। ਚੈਨਲ ਨੇ ਦੱਸਿਆ ਕਿ ਹਮਲਾਵਰ, ਜਿਸ ਦੀ ਉਮਰ 20 ਸਾਲ ਦੇ ਕਰੀਬ ਸੀ, ਸਲਵਾਰ-ਕਮੀਜ਼ ਪਹਿਨ ਕੇ ਖਾਨ ਦੀ ਗੱਡੀ ਦੇ ਨਾਲ ਚੱਲ ਰਿਹਾ ਸੀ ਅਤੇ ਉਸ ਨੇ ਖੱਬੇ ਪਾਸੇ ਤੋਂ ਗੋਲੀ ਚਲਾ ਦਿੱਤੀ।ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ’ਚ ਇਕ ਹਮਲਾਵਰ ਹੱਥ ’ਚ ਏ.ਕੇ. 47 ਫੜੀ ਨਜ਼ਰ ਆ ਰਿਹਾ ਹੈ। ਪੁਲਸ ਨੇ ਫਾਇਰਿੰਗ ਤੋਂ ਤੁਰੰਤ ਬਾਅਦ ਉਸ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।ਏਆਰਵਾਈ ਨਿਊਜ਼ ਕੋਲ ਉਪਲਬਧ ਇੱਕ ਵੀਡੀਓ ਬਿਆਨ ਵਿੱਚ ਹਮਲਾਵਰ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਹੈ ਕਿ ਉਹ ਇਸ ਦੀ ਯੋਜਨਾ ਬਣਾ ਰਿਹਾ ਸੀ। ਇਮਰਾਨ ਦੇ ਲਾਹੌਰ ਛੱਡਣ ਤੋਂ ਬਾਅਦ ਹੀ ਕਤਲ ਦੀ ਯੋਜਨਾ ਬਣਾ ਰਿਹਾ ਸੀ। ਉਸ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਸਿਰਫ ਇਮਰਾਨ ਖਾਨ ਨੂੰ ਮਾਰਨਾ ਚਾਹੁੰਦਾ ਸੀ ਅਤੇ ਕਿਸੇ ਹੋਰ ਨੂੰ ਨਹੀਂ। ਇਹ ਘਟਨਾ ਪੰਜਾਬ ਦੇ ਵਜ਼ੀਰਾਬਾਦ ਕਸਬੇ ਦੇ ਅੱਲ੍ਹਾਵਾਲਾ ਚੌਕ ਨੇੜੇ ਵਾਪਰੀ ਜਦੋਂ ਖਾਨ ਛੇਤੀ ਚੋਣਾਂ ਦੀ ਮੰਗ ਲਈ ਇਸਲਾਮਾਬਾਦ ਵੱਲ ਮਾਰਚ ਦੀ ਅਗਵਾਈ ਕਰ ਰਹੇ ਸਨ।
ਹਮਲੇ ਦੀ ਜਾਂਚ ਲਈ ਬਣਾਏ ਜਾਵੇ ਟੀਮ
ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹੱਤਿਆ ਦੀ ਕੋਸ਼ਿਸ਼ ਸਬੰਧੀ ਤੱਥਾਂ ਦਾ ਖੁਲਾਸਾ ਕਰਨ ਲਈ ਪੰਜਾਬ ਸੂਬੇ ਦੀ ਸਰਕਾਰ ਨੂੰ ਉੱਚ ਪੱਧਰੀ ਸਾਂਝੀ ਜਾਂਚ ਟੀਮ (ਜੇ.ਆਈ.ਟੀ.) ਕਾਇਮ ਕਰਨ ਲਈ ਕਿਹਾ ਹੈ। ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪੰਜਾਬ ਸੂਬੇ ਵਿੱਚ ਸੱਤਾਧਾਰੀ ਪਾਰਟੀ ਹੈ ਜਦੋਂ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੀ ਅਗਵਾਈ ਵਾਲੀ ਗਠਜੋੜ ਸੰਘੀ ਸਰਕਾਰ ਚਲਾ ਰਿਹਾ ਹੈ।
ਵੀਰਵਾਰ ਦੇਰ ਰਾਤ ਜਾਰੀ ਬਿਆਨ ਮੁਤਾਬਕ ਗ੍ਰਹਿ ਮੰਤਰਾਲੇ ਨੇ ਇਸ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਸੂਬਾਈ ਸਰਕਾਰ ਨੂੰ ਜੇਆਈਟੀ ਵਿੱਚ ਸੀਨੀਅਰ ਪੁਲਸ ਅਧਿਕਾਰੀਆਂ ਅਤੇ ਖੁਫ਼ੀਆ ਏਜੰਸੀ ਦੇ ਮੁਲਾਜ਼ਮਾਂ ਨੂੰ ਸ਼ਾਮਲ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਘਟਨਾ ਦੀ “ਭਰੋਸੇਯੋਗ ਅਤੇ ਪਾਰਦਰਸ਼ੀ ਜਾਂਚ” ਲਈ ਸੀਨੀਅਰ ਅਧਿਕਾਰੀਆਂ ਨੂੰ ਜੇਆਈਟੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਸਨੇ ਸੂਬਾਈ ਸਰਕਾਰ ਨੂੰ ਜਾਂਚ ਵਿੱਚ ਕੇਂਦਰ ਦੀ “ਪੂਰੀ ਸਹਾਇਤਾ” ਦਾ ਭਰੋਸਾ ਵੀ ਦਿੱਤਾ। ਮੰਤਰੀ ਨੇ ਸੁਰੱਖਿਆ ਵਿੱਚ ਲਾਪਰਵਾਹੀ ਲਈ ਪੰਜਾਬ ਸਰਕਾਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ।
ਉਸ ਨੇ ਹਮਲਾਵਰ ਦੀ ਇਕਬਾਲੀਆ ਵੀਡੀਓ ਨੂੰ ਜਨਤਕ ਕਰਨ ਲਈ ਸੂਬਾਈ ਸਰਕਾਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਸਨਾਉੱਲਾ ਨੇ ਬਿਨਾਂ ਕਿਸੇ ਸਬੂਤ ਦੇ ਘਟਨਾ ਲਈ ਸਰਕਾਰ ਅਤੇ ਫ਼ੌਜ ਦੇ ਉੱਚ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਪੀਟੀਆਈ ਨੇਤਾ ਅਸਦ ਉਮਰ ਅਤੇ ਸ਼ੀਰੀਨ ਮਜ਼ਾਰੀ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਪੀਟੀਆਈ ਨੇਤਾ ਫਵਾਦ ਚੌਧਰੀ ਦੀ ਨਿੰਦਾ ਕੀਤੀ ਕਿ ਉਹ ਲੋਕਾਂ ਨੂੰ ਕਥਿਤ ਤੌਰ ‘ਤੇ ਵਿਰੋਧੀ ਨੇਤਾਵਾਂ ਦੇ ਘਰਾਂ ‘ਤੇ ਹਮਲਾ ਕਰਨ ਲਈ ਉਕਸਾਉਣ। ਮੰਤਰੀ ਨੇ ਕਿਹਾ ਕਿ ਤੁਸੀਂ ਵੀ ਅਸਮਾਨ ਵਿੱਚ ਨਹੀਂ ਰਹਿੰਦੇ। ਜੇ ਤੁਸੀਂ ਹਿੰਸਾ ਕਰਦੇ ਹੋ, ਤਾਂ ਤੁਹਾਡੇ ਦੁਆਰਾ ਲਗਾਈ ਗਈ ਅੱਗ ਤੁਹਾਨੂੰ ਵੀ ਆਪਣੀ ਲਪੇਟ ਵਿਚ ਲੈ ਲਵੇਗੀ।
ਹਮਲਾਵਰ ਦਾ ਬਿਆਨ ਜਨਤਕ ਕਰਨ ‘ਤੇ ਪੁਲਸ ਅਧਿਕਾਰੀ ਮੁਅੱਤਲ
ਪਾਕਿਸਤਾਨ ਦੇ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਹੋਏ ਹਮਲੇ ਤੋਂ ਬਾਅਦ ਇਕ ਸ਼ੱਕੀ ਹਮਲਾਵਰ ਦਾ ਇਕਬਾਲੀਆ ਬਿਆਨ ਜਨਤਕ ਕਰਨ ‘ਤੇ ਇਕ ਪੁਲਸ ਕਰਮਚਾਰੀ ਸਮੇਤ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਤਰੇ ਤੋਂ ਬਾਹਰ ਹਨ।
ਅਮਰੀਕਾ ਵਲੋਂ ਹਮਲੇ ਦੀ ਨਿੰਦਾ
ਅਮਰੀਕਾ ਨੇ ਵੀ ਇਮਰਾਨ ਖਾਨ ‘ਤੇ ਰੋਸ ਮਾਰਚ ਦੌਰਾਨ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਰਾਜਨੀਤੀ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੈ ਅਤੇ ਅਮਰੀਕਾ ਲੋਕਤੰਤਰੀ ਅਤੇ ਸ਼ਾਂਤੀਪੂਰਨ ਪਾਕਿਸਤਾਨ ਲਈ ਵਚਨਬੱਧ ਹੈ ਅਤੇ ਅਸੀਂ ਪਾਕਿਸਤਾਨੀ ਲੋਕਾਂ ਦੇ ਨਾਲ ਖੜ੍ਹੇ ਹਾਂ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਮਰੀਕਾ ਇਕ ਸਿਆਸੀ ਰੈਲੀ ‘ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਹੋਰਾਂ ‘ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਹੈ। ਅਸੀਂ ਖਾਨ ਅਤੇ ਹੋਰ ਸਾਰੇ ਜ਼ਖਮੀਆਂ ਦੇ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰਦੇ ਹਾਂ, ਅਤੇ ਅਸੀਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ।
ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ ਭਾਰਤ
ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਘਟਨਾ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰੈੱਸ ਕਾਨਫਰੰਸ ‘ਚ ਪਾਕਿਸਤਾਨ ਵੱਲੋਂ ਇਸ ਘਟਨਾਕ੍ਰਮ ਦੇ ਜ਼ਿਕਰ ‘ਤੇ ਉਨ੍ਹਾਂ ਕਿਹਾ ਇਹ ਤਾਜ਼ਾ ਘਟਨਾ ਹੈ, ਰਿਪੋਰਟਾਂ ਆ ਰਹੀਆਂ ਹਨ। ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ।
Comment here