ਇਸਲਾਮਾਬਾਦ-ਪਾਕਿਸਤਾਨ ’ਚ ਇਮਰਾਨ ਖਾਨ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸੜਕਾਂ ’ਤੇ ਉਤਰ ਆਏ ਹਨ। ਵਿਰੋਧੀ ਦਲ ਮਹਿੰਗਾਈ ਨੂੰ ਲਗਾਮ ਲਾਉਣ ’ਚ ਫੇਲ੍ਹ ਪ੍ਰਧਾਨ ਮੰਤਰੀ ਦੇ ਵਿਰੋਧ ’ਚ ਰੈਲੀਆਂ ਅਤੇ ਪ੍ਰਦਰਸ਼ਨ ਕਰ ਰਹੇ ਹਨ। ਇਸੇ ਕ੍ਰਮ ਵਿਚ ਵਿਰੋਧੀ ਧਿਰ ਪੀ. ਐੱਮ. ਐੱਲ-ਐਨ ਦੇ ਵਿਧਾਇਕ ਤਾਰਿਕ ਮਸੀਹ ਨੇ ਮਹਿੰਗਾਈ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ਕੀਤਾ ਅਤੇ ਸਬਜ਼ੀਆਂ ਦੀ ਮਾਲਾ ਪਹਿਨ ਕੇ ਸਾਈਕਲ ’ਤੇ ਸਵਾਰ ਹੋ ਕੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ’ਚ ਹਿੱਸਾ ਲੈਣ ਪਹੁੰਚੇ।
ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਮਸੀਹ ਨੇ ਕਿਹਾ ਕਿ ਉਹ ਵੱਧਦੀ ਮਹਿੰਗਾਈ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਸਾਈਕਲ ’ਤੇ ਸਵਾਰ ਹੋ ਕੇ ਵਿਧਾਨ ਸਭਾ ਸੈਸ਼ਨ ’ਚ ਹਿੱਸਾ ਲੈਣ ਪਹੁੰਚਣਗੇ। ਮਸੀਹ ਨੇ ਸਬਜ਼ੀਆਂ ਦੀ ਮਾਲਾ ਵਿਚ ਆਲੂ, ਟਮਾਟਰ ਅਤੇ ਸ਼ਿਮਲਾ ਮਿਰਚਾ ਪਾਈਆਂ ਹੋਈਆਂ ਸਨ। ਜਿਓ ਨਿਊਜ਼ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਵਿਰੋਧ ਪ੍ਰਦਰਸ਼ਨ ਵੇਖਿਆ ਗਿਆ। ਇਹ ਪ੍ਰਦਰਸ਼ਨ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਪਾਕਿਸਤਾਨ ਵਿਚ ਮਹਿੰਗਾਈ 70 ਸਾਲ ਵਿਚ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ।
ਇਕ ਰਿਪੋਰਟ ਮੁਤਾਬਕ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਚੁੱਕੀਆਂ ਹਨ। ਘਿਓ, ਤੇਲ, ਖੰਡ, ਆਟਾ ਅਤੇ ਮੁਰਗੀਆਂ ਦੀਆਂ ਕੀਮਤਾਂ ਵੱਧ ਗਈਆਂ ਹਨ। ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਕਿ ਸਿਰਫ਼ ਗਰੀਬ ਹੀ ਨਹੀਂ ਸਗੋਂ ਵ੍ਹਾਈਟ ਕਾਲਰ ਨੌਕਰੀ ਵਾਲੇ ਵੀ ਇਸ ਨੇ ਕੁਚਲ ਦਿੱਤੇ ਹਨ। ਇਸ ਵੱਧਦੀ ਮਹਿੰਗਾਈ ਦਰਮਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਅੱਗੇ ਝੋਲੀ ਅੱਡਣਾ ਕੰਮ ਕਰ ਗਿਆ ਹੈ।
Comment here