ਸਿਆਸਤਖਬਰਾਂਚਲੰਤ ਮਾਮਲੇ

ਪਾਕਿ ’ਚ ਮਹਿੰਗਾਈ ਨੇ ਲੋਕਾਂ ਦੇ ਤ੍ਰਾਹ ਕੱਢੇ

ਨਵੀਂ ਦਿੱਲੀ-ਭੁੱਖਮਰੀ ਦੇ ਕੰਢੇ ’ਤੇ ਪੁੱਜੇ ਪਾਕਿਸਤਾਨ ਨੇ ਰੂਸ ਤੋਂ 75 ਲੱਖ ਟਨ ਕਣਕ ਮੰਗਣ ਦੀ ਯੋਜਨਾ ਬਣਾਈ ਹੈ। ਦੇਸ਼ ਡੂੰਘੇ ਆਰਥਿਕ ਸੰਕਟ ’ਚੋਂ ਲੰਘ ਰਿਹਾ ਹੈ ਅਤੇ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ 21 ਦਿਨਾਂ ’ਚ ਖਤਮ ਹੋ ਜਾਏਗਾ। ਮਹਿੰਗਾਈ ਸਿਖਰ ’ਤੇ ਪਹੁੰਚ ਗਈ ਹੈ ਅਤੇ ਜਲਵਾਯੂ ਬਦਲਾਅ, ਹੜ੍ਹ ਅਤੇ ਊਰਜਾ ਸੰਕਟ ਨੇ ਦਬਾਅ ਨੂੰ ਦੁੱਗਣ ਕਰ ਦਿੱਤਾ ਹੈ। ਪਾਕਿਸਤਾਨ ’ਚ ਚੱਲ ਰਹੇ ਕਣਕ ਦੇ ਸੰਕਟ ਕਾਰਣ ਲੋਕ ਆਟੇ ਦੀਆਂ ਥੈਲੀਆਂ ਲਈ ਆਪਸ ’ਚ ਲੜ ਰਹੇ ਹਨ। ਮੂੰਹ ਮੰਗੀ ਕੀਮਤ ਦੇਣ ਤੋਂ ਬਾਅਦ ਵੀ ਲੋਕਾਂ ਨੂੰ ਆਟਾ ਨਹੀਂ ਮਿਲ ਰਿਹਾ ਹੈ। ਖੈਬਰ ਪਖਤੂਨਖਵਾ, ਸਿੰਧ ਅਤੇ ਬਲੂਚਿਸਤਾਨ ’ਚ ਸਥਿਤੀ ਜ਼ਿਆਦਾ ਖਰਾਬ ਹੈ। ਸਰਕਾਰ ਵਲੋਂ ਵੰਡੇ ਜਾ ਰਹੇ ਸਸਤੇ ਆਟੇ ਨੂੰ ਲੈਣ ਲਈ ਮਚੀ ਭਾਜੜ ’ਚ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਸੋਸ਼ਲ ਮੀਡੀਆ ’ਚ ਵਾਇਰਲ ਹੋ ਰਹੇ ਕੁੱਝ ਵੀਡੀਓ ’ਚ ਆਟੇ ਲਈ ਲੋਕਾਂ ਨੂੰ ਆਪਸ ’ਚ ਝਗੜਦੇ ਅਤੇ ਪੈਸੇ ਲੈ ਕੇ ਆਟਾ ਵੰਡਣ ਵਾਲੇ ਵਾਹਨਾਂ ਦੇ ਪਿੱਛੇ ਦੌੜਦੇ ਦੇਖਿਆ ਜਾ ਸਕਦਾ ਹੈ। ਕਣਕ ਅਤੇ ਆਟਾ ਹੀ ਨਹੀਂ, ਖਾਣ-ਪੀਣ ਦੀਆਂ ਹੋਰ ਚੀਜ਼ਾਂ ਦੇ ਰੇਟ ਵੀ ਅਸਮਾਨ ’ਤੇ ਪਹੁੰਚ ਚੁੱਕੇ ਹਨ। ਪਾਕਿਸਤਾਨ ’ਚ ਦੁੱਧ ਦਾ ਭਾਅ 149 ਰੁਪਏ ਪ੍ਰਤੀ ਲਿਟਰ ਹੋ ਚੁੱਕਾ ਹੈ ਤਾਂ ਸਰ੍ਹੋਂ ਦੇ ਤੇਲ ਦਾ ਰੇਟ 532 ਰੁਪਏ ਪ੍ਰਤੀ ਲਿਟਰ ਹੈ।
ਇਸ ਤਰ੍ਹਾਂ ਗੰਢੇ 220 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ। ਪਾਕਿਸਤਾਨ ’ਚ ਆਟੇ ਦੀ 15 ਕਿਲੋ ਦੀ ਥੈਲੀ 2,050 ਰੁਪਏ ਦੀ ਹੋ ਚੁੱਕੀ ਹੈ। ਦੋ ਹਫਤਿਆਂ ’ਚ ਹੀ ਇਸ ’ਚ 300 ਰੁਪਏ ਦਾ ਵਾਧਾ ਹੋ ਚੁੱਕਾ ਹੈ। ਬਲੂਚਿਸਤਾਨ ਦੇ ਖੁਰਾਕ ਮੰਤਰੀ ਜਮਰਕ ਅਚਕਜਈ ਨੇ ਕਿਹਾ ਕਿ ਸੰਕਟ ਹੋਰ ਡੂੰਘਾ ਹੋ ਸਕਦਾ ਹੈ ਕਿਉਂਕਿ ਕਈ ਖੇਤਰਾਂ ’ਚ ਕਣਕ ਦਾ ਸਟਾਕ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਪਾਕਿਸਤਾਨ ਵਿਚ ਦਾਲ, ਨਮਕ, ਚੌਲ, ਕੇਲਾ, ਬ੍ਰੈੱਡ, ਦੁੱਧ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਹਨ। ਪਾਕਿਸਤਾਨ ’ਚ 1 ਕਿਲੋ ਅਰਹਰ ਦਾਲ 228 ਰੁਪਏ ਪ੍ਰਤੀ ਕਿਲੋ, ਸਾਧਾਰਣ ਨਮਕ ਦੇ 800 ਗ੍ਰਾਮ ਦਾ ਪੈਕੇਟ 48 ਰੁਪਏ, ਬਾਸਮਤੀ ਚੌਲ 146 ਰੁਪਏ, ਕੇਲਾ 119 ਰੁਪਏ ਪ੍ਰਤੀ ਦਰਜਨ, ਬ੍ਰੈੱਡ ਦਾ ਇਕ ਪੈਕ 89 ਰੁਪਏ ਅਤੇ 1 ਲਿਟਰ ਦੁੱਧ 149 ਰੁਪਏ ਦਾ ਮਿਲ ਰਿਹਾ ਹੈ। ਅਜਿਹੇ ’ਚ ਪਾਕਿਸਤਾਨ ’ਚ ਇਨ੍ਹਾਂ ਚੀਜ਼ਾਂ ਨੂੰ ਖਰੀਦਣਾ ਆਮ ਲੋਕਾਂ ਦੇ ਵੱਸ ਤੋਂ ਬਾਹਰ ਹੋ ਚੁੱਕਾ ਹੈ।

Comment here