ਅਪਰਾਧਸਿਆਸਤਖਬਰਾਂ

ਪਾਕਿ ’ਚ ਮਸਜਿਦ ਢਾਹੇ ਜਾਣ ਦੇ ਵਿਰੋਧ ’ਚ ਪ੍ਰਦਰਸ਼ਨ

ਇਸਲਾਮਾਬਾਦ-ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਪਾਕਿਸਤਾਨ ਦੇ ਪੇਸ਼ਾਵਰ ’ਚ ਖਸਤਾਹਾਲ ਜਮਾਤ ਮਸਜਿਦ ਨੂੰ ਢਾਹੇ ਜਾਣ ਦੇ ਵਿਰੋਧ ’ਚ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਸ਼ਹਿਰ ਦੇ ਮੇਅਰ ਅਤੇ ਕਈ ਤਹਿਸੀਲਾਂ ਦੇ ਮੁਖੀ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਯੋਜਨਾ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਮਸਜਿਦ ਸੁਰੱਖਿਆ ਕਮੇਟੀ ਦੀ ਹਮਾਇਤ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਮਸਜਿਦ ਦੀ ਜ਼ਮੀਨ ’ਤੇ ਮਾਰਕੀਟ ਜਾਂ ਵਪਾਰਕ ਇਮਾਰਤ ਬਣਾਉਣਾ ਚਾਹੁੰਦਾ ਹੈ।
ਮਸਜਿਦ ਨੂੰ ਢਾਹੁਣ ਦੀ ਯੋਜਨਾ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪੇਸ਼ਾਵਰ ਦੇ ਮੇਅਰ ਹਾਜੀ ਜ਼ੁਬੈਰ ਅਲੀ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਸਜਿਦ ਵਿਵਾਦ ਵਿੱਚ ਨਹੀਂ ਫਸਣਾ ਚਾਹੀਦਾ। ਉਹ ਜਨਤਾ ਅਤੇ ਪ੍ਰਸ਼ਾਸਨ ਦਰਮਿਆਨ ਟਕਰਾਅ ਦੇ ਹੱਕ ਵਿੱਚ ਨਹੀਂ ਹਨ।ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਪੇਸ਼ਾਵਰ ਜ਼ਿਲਾ ਪ੍ਰਸ਼ਾਸਨ ਇਸ ਦੀ ਖਸਤਾ ਹਾਲਤ ਕਾਰਨ ਜਮਾਤ ਮਸਜਿਦ ਨੂੰ ਢਾਹੁਣ ਦੀ ਯੋਜਨਾ ਬਣਾ ਰਿਹਾ ਹੈ। ਹਾਜੀ ਜ਼ੁਬੈਰ ਅਲੀ ਦਾ ਹਵਾਲਾ ਦਿੰਦੇ ਹੋਏ ਡਾਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਮਾਤ ਮਸਜਿਦ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਡੇਗਣ ਤੋਂ ਰੋਕਣ ਲਈ ਹਰ ਸੰਭਵ ਉਪਾਅ ਕੀਤੇ ਜਾਣਗੇ। ਪੇਸ਼ਾਵਰ ਮੈਟਰੋਪੋਲੀਟਨ ਸਰਕਾਰੀ ਜ਼ਮੀਨ ਨੂੰ ਕਿਸੇ ਹੋਰ ਮਕਸਦ ਲਈ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਮਸਜਿਦ ਦੀ ਵਰਤੋਂ ਬਾਜ਼ਾਰ ਬਣਾਉਣ ਲਈ ਨਹੀਂ ਹੋਣ ਦੇਵਾਂਗੇ : ਹੱਕਾਨੀ
ਦੂਜੇ ਪਾਸੇ ਜੇਯੂਆਈ-ਐੱਫ ਦੇ ਨੇਤਾ ਅਮਾਨਉੱਲ੍ਹਾ ਹੱਕਾਨੀ ਨੇ ਕਿਹਾ ਹੈ ਕਿ ਮਸਜਿਦ ਨੂੰ ਢਾਹੁਣ ਤੋਂ ਬਾਅਦ ਜ਼ਮੀਨ ਨੂੰ ਮਾਰਕੀਟ ਬਣਾਉਣ ਜਾਂ ਵਪਾਰਕ ਉਦੇਸ਼ਾਂ ਲਈ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹੱਕਾਨੀ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਮਸਜਿਦ ਵਾਲੀ ਥਾਂ ’ਤੇ ਪਲਾਜ਼ਾ ਨਹੀਂ ਬਣਾਇਆ ਜਾਵੇਗਾ, ਪਰ ਬਾਅਦ ਵਿੱਚ ਕਿਹਾ ਕਿ ਜ਼ਮੀਨ ਦੀ ਵਰਤੋਂ ਵਪਾਰਕ ਉਦੇਸ਼ਾਂ ਲਈ ਕੀਤੀ ਜਾਵੇਗੀ। ਹੱਕਾਨੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮਸਜਿਦ ਨੂੰ ਢਾਹਿਆ ਗਿਆ ਤਾਂ ਨਤੀਜਿਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

Comment here