ਇਸਲਾਮਾਬਾਦ-ਪਾਕਿਸਤਾਨ ਵਿੱਚ ਮੀਂਹ ਕਾਰਨ ਹੜ੍ਹਾਂ ਵਰਗਾ ਮਾਹੌਲ ਬਣ ਗਿਆ ਹੈ। ਬਲੋਚਿਸਤਾਨ ਸੂਬੇ ਵਿਚ ਬੁੱਧਵਾਰ ਨੂੰ ਮੌਸਮੀ ਮੌਨਸੂਨ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਇਕ ਹੀ ਪਰਿਵਾਰ ਦੀਆਂ ਛੇ ਔਰਤਾਂ ਸਮੇਤ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਅਧਿਕਾਰੀਆਂ ਨੇ ਕਵੇਟਾ ਜ਼ਿਲ੍ਹੇ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਸੂਬਾਈ ਆਫਤ ਪ੍ਰਬੰਧਨ ਅਥਾਰਟੀ (ਪੀਡੀਐਮਏ) ਦੇ ਹਵਾਲੇ ਨਾਲ ਇੱਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਬਲੋਚਿਸਤਾਨ ਦੇ ਵੱਖ-ਵੱਖ ਜ਼ਿਲਿਆਂ ‘ਚ ਸੋਮਵਾਰ ਨੂੰ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ ਹੋਇਆ, ਜਿਸ ਕਾਰਨ ਕਈ ਹਾਦਸੇ ਹੋਏ।
ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐਮਏ) ਦੇ ਡਾਇਰੈਕਟਰ-ਜਨਰਲ ਨਸੀਰ ਅਹਿਮਦ ਨਾਸਰ ਨੇ ਕਿਹਾ ਕਿ ਸਾਰੀਆਂ ਮੌਤਾਂ ਬਲੋਚਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਕਾਰਨ ਹੋਈਆਂ ਹਨ।ਉਹਨਾਂ ਨੇ ਕਿਹਾ ਕਿ ਸਾਡੇ ਕੋਲ ਭਾਰੀ ਮੀਂਹ ਵਿੱਚ ਲੋਕਾਂ ਦੇ ਜ਼ਖਮੀ ਹੋਣ ਦੀਆਂ ਕਈ ਘਟਨਾਵਾਂ ਦਰਜ ਹੋਈਆਂ ਹਨ। ਪੀਡੀਐਮਏ ਦੇ ਅਨੁਸਾਰ ਬਲੋਚਿਸਤਾਨ ਸੂਬੇ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਅਚਾਨਕ ਹੜ੍ਹਾਂ ਕਾਰਨ ਕਈ ਲੋਕ ਅਜੇ ਵੀ ਲਾਪਤਾ ਹੋਣ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।ਨਾਸਰ ਨੇ ਕਿਹਾ ਕਿ ਕਵੇਟਾ ਜ਼ਿਲੇ ‘ਚ 300 ਤੋਂ ਜ਼ਿਆਦਾ ਕੱਚੀਆਂ ਕੰਧਾਂ ਨਾਲ ਬਣੇ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਲਗਭਗ 2,000 ਜਾਨਵਰ ਮਾਰੇ ਗਏ।ਮਰਨ ਵਾਲਿਆਂ ਵਿੱਚ ਕਵੇਟਾ ਵਿੱਚ ਇੱਕੋ ਪਰਿਵਾਰ ਦੀਆਂ ਛੇ ਔਰਤਾਂ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਉਨ੍ਹਾਂ ਦੇ ਅਸਥਾਈ ਘਰ ਦੀ ਕੰਧ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਡਾਨ ਅਖ਼ਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਦੋ ਔਰਤਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ ਕਿਉਂਕਿ ਉਨ੍ਹਾਂ ਨੂੰ ਹਸਪਤਾਲ ਲਿਜਾਣ ਦਾ ਕੋਈ ਪ੍ਰਬੰਧ ਨਹੀਂ ਸੀ।ਕਵੇਟਾ ਦੇ ਬਾਹਰਵਾਰ ਮਕਾਨਾਂ ਦੇ ਢਹਿ ਜਾਣ ਕਾਰਨ ਤਿੰਨ ਔਰਤਾਂ ਅਤੇ ਚਾਰ ਬੱਚਿਆਂ ਦੀ ਵੀ ਮੌਤ ਹੋ ਗਈ। ਬਲੋਚਿਸਤਾਨ ਸਰਕਾਰ ਨੇ ਕਵੇਟਾ ਜ਼ਿਲ੍ਹੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਬਲੋਚਿਸਤਾਨ ਸੂਬੇ ਦੇ ਕਈ ਜ਼ਿਲਿ੍ਹਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ ਹੈ।ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਵੱਡੇ ਨਾਲਿਆਂ ਵਿੱਚ ਅਚਾਨਕ ਹੜ੍ਹ ਆ ਗਏ ਅਤੇ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ।ਅਧਿਕਾਰੀਆਂ ਨੇ ਦੱਸਿਆ ਕਿ ਭੋਸਾ ਮੰਡੀ ਖੇਤਰ ਵਿੱਚ ਮੰਗਲਵਾਰ ਰਾਤ ਨੂੰ ਇੱਕ ਡੂੰਘੇ ਤਾਲਾਬ ਵਿੱਚ ਡੁੱਬਣ ਕਾਰਨ ਕਵੇਟਾ ਵਿੱਚ ਦੋ ਕੁੜੀਆਂ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ।ਉਨ੍ਹਾਂ ਨੇ ਦੱਸਿਆ ਕਿ ਮਸਤੁੰਗ ਜ਼ਿਲੇ ਦੇ ਦਸ਼ਤ ਇਲਾਕੇ ‘ਚ ਘਰ ਦੀ ਕੰਧ ਡਿੱਗਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ।ਮੌਸਮੀ ਮੌਨਸੂਨ ਬਾਰਸ਼ਾਂ ਕਾਰਨ ਆਏ ਹੜ੍ਹ ਹਰ ਸਾਲ ਪਾਕਿਸਤਾਨ ਵਿੱਚ ਤਬਾਹੀ ਮਚਾ ਦਿੰਦੇ ਹਨ, ਸੈਂਕੜੇ ਲੋਕਾਂ ਦੀ ਮੌਤ ਹੋ ਜਾਂਦੀ ਹੈ।ਪੀਡੀਐਮਏ ਮੁਤਾਬਕ ਬਲੋਚਿਸਤਾਨ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਵੀਰਵਾਰ ਤੱਕ ਮਾਨਸੂਨ ਦਾ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ।
ਕੇਚ ਜ਼ਿਲਿ੍ਹਆਂ ਵਿੱਚ ਪਾਕਿਸਤਾਨ-ਇਰਾਨ ਸਰਹੱਦ ਦੇ ਨੇੜੇ ਮੰਡ ਖੇਤਰ ਵਿੱਚ ਇੱਕ ਮੌਸਮੀ ਨਦੀ ਵਿੱਚ ਤਿੰਨ ਬੱਚੇ ਡੁੱਬ ਗਏ।ਪੰਜ ਕੋਲਾ ਮਾਈਨਰ ਵੀ ਇੱਕ ਮੌਸਮੀ ਨਾਲੇ ਵਿੱਚ ਵਹਿ ਗਏ।ਹਾਲਾਂਕਿ ਸਥਾਨਕ ਲੋਕਾਂ ਨੇ ਉਨ੍ਹਾਂ ਵਿੱਚੋਂ ਦੋ ਨੂੰ ਬਚਾ ਲਿਆ, ਜਦਕਿ ਤਿੰਨ ਹੋਰ ਪਾਣੀ ਵਿੱਚ ਡੁੱਬ ਗਏ।ਭਾਰੀ ਮੀਂਹ ਨੇ ਨਸੀਰਾਬਾਦ, ਜਾਫਰਾਬਾਦ, ਸਿਬੀ, ਜ਼ੀਰਤ, ਹਰਨਈ, ਬਰਖਾਨ, ਲੋਰਾਲਾਈ, ਲਾਸਬੇਲਾ, ਕੋਹਲੂ, ਡੇਰਾ ਬੁਗਤੀ, ਅਵਾਰਨ, ਨੋਸ਼ਕੀ ਅਤੇ ਚਗਈ ਜ਼ਿਲਿ੍ਹਆਂ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ ਜਿੱਥੇ ਸਥਾਨਕ ਪ੍ਰਸ਼ਾਸਨ ਨੇ ਰਾਹਤ ਉਪਾਅ ਕਰਨ ਲਈ ਕਦਮ ਚੁੱਕੇ ਹਨ।
Comment here