ਅਪਰਾਧਸਿਆਸਤਖਬਰਾਂ

ਪਾਕਿ ‘ਚ ਭਾਰਤੀ ਹਿੰਦੂ ਨਾਗਰਿਕ ਜਾਸੂਸੀ ਦੇ ਦੋਸ਼ ’ਚ ਗ੍ਰਿਫ਼ਤਾਰ

ਕਰਾਚੀ-ਪਾਕਿਸਤਾਨ ਪੁਲਸ ਨੇ ਇਕ ਹਿੰਦੂ ਵਿਅਕਤੀ ਨੂੰ ਭਾਰਤ ਲਈ ਜਾਸੂਸੀ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਕਰਾਚੀ ਦੇ ਨਜ਼ਦੀਕੀ ਸ਼ਹਿਰ ਲਿਆਰੀ ’ਚ ਇਕ ਕਥਿਤ ਭਾਰਤੀ ਜਾਸੂਸ ਅਤੇ ਉਸ ਦੇ ਸਾਥੀ ਸਹਿਯੋਗੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸੂਤਰਾਂ ਅਨੁਸਾਰ ਪੁਲਸ ਨੇ ਦਾਅਵਾ ਕੀਤਾ ਹੈ ਕਿ ਪੁਲਸ ਅਤੇ ਖੁਫ਼ੀਆ ਏਜੰਸੀ ਨੇ ਸਾਂਝੇ ਤੌਰ ’ਤੇ ਕਾਲਾਕੋਟ ਇਲਾਕੇ ’ਚ ਛਾਪੇਮਾਰੀ ਕੀਤੀ ਅਤੇ ਅਖਿਲ ਦੇਵ ਹਿੰਦੂ ਨਾਗਰਿਕ ਅਤੇ ਜ਼ਹੂਰ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ। ਪਾਕਿਸਤਾਨ ਪੁਲਸ ਨੇ ਦਾਅਵਾ ਕੀਤਾ ਕਿ ਅਖਿਲ ਦੇਵ ਕੋਲੋਂ ਦੋ ਭਾਰਤੀ ਪਾਸਪੋਰਟ, ਇਕ ਪਿਸਤੌਲ, ਭਾਰਤੀ ਕਰੰਸੀ, 6 ਮੋਬਾਇਲ ਫੋਨ, ਇਕ ਕਾਰਤੂਸ ਅਤੇ ਹੋਰ ਸਾਮਾਨ ਬਰਾਮਦ ਕੀਤਾ। ਐੱਸ. ਐੱਸ. ਪੀ. ਕਰਾਚੀ ਨੇ ਦਾਅਵਾ ਕੀਤਾ ਕਿ ਅਖਿਲ ਦੇਵ ਇਕ ਹਿੰਦੂ ਭਾਰਤੀ ਨਾਗਰਿਕ ਹੈ ਅਤੇ ਉਹ ਭਾਰਤੀ ਜਾਸੂਸ ਹੈ।
ਉਸ ਨੇ ਦੇਸ਼ ਦੇ ਕਈ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਅਦਾਰਿਆਂ ਦੀ ਨਿਗਰਾਨੀ ਕਰਕੇ ਭਾਰਤ ਭੇਜੀ ਪਰ ਉਨ੍ਹਾਂ ਨੇ ਇਸ ਮਾਮਲੇ ਵਿਚ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਉੱਥੇ ਜ਼ਹੂਰ ਅਹਿਮਦ ਵਾਸੀ ਲਿਆਰੀ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਜ਼ਹੂਰ ਲੰਮੇ ਸਮੇਂ ਤੋਂ ਆਈ. ਐੱਸ. ਆਈ. ਲਈ ਕੰਮ ਕਰਦਾ ਆ ਰਿਹਾ ਹੈ ਅਤੇ ਆਈ. ਐੱਸ. ਆਈ. ਨੇ ਉਸ ਨੂੰ ਆਪਣਾ ਕਾਰਡ ਵੀ ਬਣਾ ਕੇ ਦਿੱਤਾ ਹੋਇਆ ਸੀ ਪਰ ਭਾਰਤੀ ਫ਼ੌਜ ਵੱਲੋਂ ਐੱਲ. ਓ. ਸੀ. ਅਤੇ ਭਾਰਤੀ ਪੰਜਾਬ ਦੀ ਸਰਹੱਦ ’ਤੇ ਸਖ਼ਤੀ ਕੀਤੀ ਹੋਈ ਸੀ ਅਤੇ ਪਾਕਿਸਤਾਨ ਤੋਂ ਭਾਰਤ ਵਿਚ ਪ੍ਰਵੇਸ਼ ਕਰਨ ਵਾਲੇ ਘੁਸਪੈਠੀਆਂ ਨੂੰ ਮਾਰ ਡਿਗਾਏ ਜਾਣ ਕਾਰਨ ਜ਼ਹੂਰ ਨੇ ਆਈ. ਐੱਸ. ਆਈ. ਦਾ ਆਦੇਸ਼ ਮੰਨਣ ਤੋਂ ਮਨ੍ਹਾ ਕਰ ਦਿੱਤਾ ਸੀ ਅਤੇ ਆਪਣੇ ਘਰ ਆਰਾਮ ਨਾਲ ਬੈਠਾ ਸੀ ਪਰ ਆਈ. ਐੱਸ. ਆਈ. ਦੇ ਅਧਿਕਾਰੀ ਬੀਤੇ ਦਿਨ ਘਰ ਆਏ ਅਤੇ ਪਹਿਲਾਂ ਤਾਂ ਜ਼ਹੂਰ ਅਹਿਮਦ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਆਪਣਾ ਦਿੱਤਾ ਪਛਾਣ ਪੱਤਰ ਵਾਪਸ ਲੈ ਲਿਆ ਅਤੇ ਬਾਅਦ ਵਿਚ ਉਸ ਨੂੰ ਜ਼ਬਰਦਸਤੀ ਫੜ ਕੇ ਆਪਣੇ ਨਾਲ ਲੈ ਗਏ। ਹੁਣ ਪਤਾ ਲੱਗਾ ਕਿ ਉਸ ਨੂੰ ਭਾਰਤ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

Comment here