ਖਬਰਾਂਚਲੰਤ ਮਾਮਲੇਦੁਨੀਆ

ਪਾਕਿ ‘ਚ ਪੈਟਰੋਲ 290 ਤੇ ਡੀਜ਼ਲ ਹੋਇਆ 293 ਰੁਪਏ ਤੋਂ ਪਾਰ

ਇਸਲਾਮਾਬਾਦ-ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅਚਾਨਕ ਭਾਰੀ ਵਾਧਾ ਹੋਇਆ ਹੈ। ਦੇਸ਼ ਦੀ ਨਿਗਰਾਨ ਸਰਕਾਰ ਨੇ ਅਚਾਨਕ ਪੈਟਰੋਲ ਦੀ ਕੀਮਤ ਵਿੱਚ ਕਰੀਬ 18 ਰੁਪਏ ਅਤੇ ਹਾਈ ਸਪੀਡ ਡੀਜ਼ਲ ਦੀ ਕੀਮਤ ਵਿੱਚ 20 ਰੁਪਏ ਦਾ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਪੈਟਰੋਲ ਦੀ ਕੀਮਤ 290.45 ਰੁਪਏ ਅਤੇ ਡੀਜ਼ਲ ਦੀ ਕੀਮਤ 293.40 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਹ ਐਲਾਨ ਮੰਗਲਵਾਰ ਦੀ ਅੱਧੀ ਰਾਤ ਨੂੰ ਹੋਇਆ। ਨਵੀਆਂ ਕੀਮਤਾਂ ਪਾਕਿਸਤਾਨ ਦੇ ਵਿੱਤ ਵਿਭਾਗ ਵੱਲੋਂ ਸੂਚਿਤ ਕੀਤੀਆਂ ਗਈਆਂ ਹਨ। ਵਿੱਤ ਵਿਭਾਗ ਦੇ ਨੋਟੀਫਿਕੇਸ਼ਨ ਅਨੁਸਾਰ, ਨਵੀਆਂ ਕੀਮਤਾਂ 16 ਅਗਸਤ (ਬੁੱਧਵਾਰ) ਯਾਨੀ ਅੱਜ ਤੋਂ ਲਾਗੂ ਹੋਣਗੀਆਂ।
ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਪੰਦਰਵਾੜੇ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪੈਟਰੋਲੀਅਮ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਕਾਰਨ ਪਾਕਿਸਤਾਨ ਵਿੱਚ ਖਪਤਕਾਰਾਂ ਦੀਆਂ ਕੀਮਤਾਂ ਵਿੱਚ ਵੀ ਸੋਧ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪਾਕਿਸਤਾਨ ਬੇਲਆਊਟ ਪੈਕੇਜ ਲਈ ਅੰਤਰਰਾਸ਼ਟਰੀ ਮੁਦਰਾ ਫੰਡ ਨਾਲ ਹੋਏ ਸਮਝੌਤੇ ਦੇ ਤਹਿਤ 50 ਰੁਪਏ ਪ੍ਰਤੀ ਲੀਟਰ ਤੱਕ ਪੈਟਰੋਲੀਅਮ ਡਿਊਟੀ ਲਗਾਉਣ ਲਈ ਵਚਨਬੱਧ ਹੈ। ਅਨਵਰ ਉਲ ਹੱਕ ਕੱਕੜ ਵੱਲੋਂ ਇੱਕ ਦਿਨ ਪਹਿਲਾਂ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਸਰਕਾਰ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਇਹ ਪਹਿਲੀ ਸੋਧ ਹੈ।

Comment here