ਸਿਆਸਤਖਬਰਾਂਦੁਨੀਆ

ਪਾਕਿ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 300 ਰੁਪਏ ਤੋਂ ਪਾਰ

ਇਸਲਾਮਾਬਾਦ-ਮਹਿੰਗਾਈ ਦੀ ਮਾਰ ਝੱਲ ਰਹੀ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਇੱਕ ਵਾਰ ਵੱਡਾ ਝਟਕਾ ਲੱਗਾ ਹੈ। ਸਥਾਨਕ ਅਖ਼ਬਾਰ ਡਾਨ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦੀ ਕਾਰਜਕਾਰੀ ਸਰਕਾਰ ਨੇ ਪੈਟਰੋਲ ਦੀ ਕੀਮਤ ਵਿੱਚ 14.91 ਰੁਪਏ ਪ੍ਰਤੀ ਲੀਟਰ ਅਤੇ ਹਾਈ-ਸਪੀਡ ਡੀਜ਼ਲ (ਐੱਚ.ਐੱਸ.ਡੀ) ਦੀ ਕੀਮਤ ਵਿੱਚ 18.44 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਅੱਧੀ ਰਾਤ ਦੇ ਬਾਅਦ ਸੋਸ਼ਲ ਮੀਡੀਆ ਐਕਸ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਪੈਟਰੋਲ ਦੀ ਕੀਮਤ ਹੁਣ 305.36 ਰੁਪਏ ਪ੍ਰਤੀ ਲੀਟਰ ਅਤੇ ਐੱਚ.ਐੱਸ.ਡੀ. 311.84 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਕੈਰੋਸੀਨ ਜਾਂ ਹਲਕੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਤੇਜ਼ੀ ਨਾਲ ਵਧ ਰਹੀ ਮਹਿੰਗਾਈ
ਇਸ ਦੇ ਨਾਲ ਹੀ ਕੇਅਰਟੇਕਰ ਸਿਸਟਮ ਲਾਗੂ ਹੋਣ ਤੋਂ ਬਾਅਦ ਰੁਪਏ ‘ਚ 4.6 ਫੀਸਦੀ ਦੀ ਗਿਰਾਵਟ ਆਈ ਹੈ। ਅਗਸਤ ਤੱਕ ਰੁਪਏ ‘ਚ 6.2 ਫੀਸਦੀ ਦੀ ਗਿਰਾਵਟ ਆਈ। ਇਸ ਦੌਰਾਨ ਸਥਾਨਕ ਅਖ਼ਬਾਰ ਡਾਨ ਨੇ ਹਾਲ ਹੀ ਵਿੱਚ ਰਿਪੋਰਟ ਦਿੱਤੀ ਹੈ ਕਿ 17 ਅਗਸਤ ਤੱਕ ਪਾਕਿਸਤਾਨ ਦੀ ਮਹਿੰਗਾਈ ਸਾਲ ਦਰ ਸਾਲ ਆਧਾਰ ‘ਤੇ 27.57 ਫੀਸਦੀ ਵਧੀ ਹੈ, ਜਿਸਦਾ ਮੁੱਖ ਕਾਰਨ ਪੈਟਰੋਲੀਅਮ ਦੀਆਂ ਕੀਮਤਾਂ ਵਿੱਚ ਵਾਧਾ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ
ਸਥਾਨਕ ਰਿਪੋਰਟਾਂ ਮੁਤਾਬਕ ਪਾਕਿਸਤਾਨ ‘ਚ ਪੈਟਰੋਲ ਦੀ ਕੀਮਤ 290.45 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 305.36 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਤੋਂ ਇਲਾਵਾ ਡੀਜ਼ਲ ਜੋ ਕਿ 293.40 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਸੀ, ਦੀ ਕੀਮਤ 18.44 ਰੁਪਏ ਵਧ ਕੇ 311.84 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ‘ਚ ਪਹਿਲੀ ਵਾਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ 300 ਰੁਪਏ ਨੂੰ ਪਾਰ ਕਰ ਗਈ ਹੈ।
ਪਾਕਿਸਤਾਨੀ ਰੁਪਏ ‘ਚ ਲਗਾਤਾਰ ਗਿਰਾਵਟ
ਇਸ ਤੋਂ ਪਹਿਲਾਂ 15 ਅਗਸਤ ਨੂੰ ਵੀ ਇਨ੍ਹਾਂ ਦੀਆਂ ਕੀਮਤਾਂ ਵਿਚ 20 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਇਕ ਵਾਰ ਫਿਰ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਇੰਟਰਬੈਂਕ ਬਾਜ਼ਾਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ‘ਚ 1.09 ਰੁਪਏ ਦੀ ਗਿਰਾਵਟ ਜਾਰੀ ਰਹੀ। ਵਰਤਮਾਨ ਵਿੱਚ ਇੱਕ ਡਾਲਰ 306 ਪਾਕਿਸਤਾਨੀ ਰੁਪਏ ਦੇ ਬਰਾਬਰ ਹੈ।

Comment here