ਅਪਰਾਧਸਿਆਸਤਖਬਰਾਂ

ਪਾਕਿ ‘ਚ ਨਾਬਾਲਗ ਕੁੜੀ ਨਾਲ ਸਮੂਹਿਕ ਬਲਾਤਕਾਰ, ਇੱਕ ਗ੍ਰਿਫ਼ਤਾਰ

ਇਸਲਾਮਾਬਾਦ-ਡਾਨ ਨਿਊਜ਼ ਮੁਤਾਬਕ ਪਾਕਿਸਤਾਨ ਦੇ ਮੁਜ਼ੱਫਰਗੜ੍ਹ ਜ਼ਿਲ੍ਹੇ ਵਿੱਚ ਇੱਕ 13 ਸਾਲਾ ਕੁੜੀ ਨਾਲ ਕਥਿਤ ਤੌਰ ’ਤੇ 3 ਲੋਕਾਂ ਵੱਲੋਂ 8 ਮਹੀਨਿਆਂ ਤੱਕ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਉਸ ਦੀਆਂ ਨਗਨ ਫੋਟੋਆਂ ਅਤੇ ਵੀਡੀਓਜ਼ ਨੂੰ ਬਲੈਕਮੇਲ ਵਜੋਂ ਵਰਤਿਆ ਗਿਆ। ਇਹ ਘਟਨਾ ਜਟੋਈ ਤਹਿਸੀਲ ਦੇ ਕੋਟਲਾ ਰਹਿਮ ਸ਼ਾਹ ਇਲਾਕੇ ‘ਚ ਵਾਪਰੀ। ਕੁੜੀ ਦੇ ਗਰਭਵਤੀ ਹੋਣ ਦਾ ਪਤਾ ਲੱਗਣ ਤੋਂ ਬਾਅਦ ਹੁਣ ਜਟੋਈ ਪੁਲਸ ਨੇ ਤਿੰਨਾਂ ਸ਼ੱਕੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਨੁਸਾਰ ਗਿਰੋਹ ਦੇ ਇੱਕ ਮੈਂਬਰ 8 ਮਹੀਨੇ ਪਹਿਲਾਂ ਕੁੜੀ ਨੂੰ ਵਰਗਲਾ ਕੇ ਗੰਨੇ ਦੇ ਖੇਤ ਵਿੱਚ ਲੈ ਗਿਆ, ਜਿੱਥੇ ਉਨ੍ਹਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਇਸ ਘਟਨਾ ਦੀ ਵੀਡੀਓ ਬਣਾ ਲਈ।
ਰਿਪੋਰਟ ਮੁਤਾਬਕ ਉਨ੍ਹਾਂ ਨੇ ਇਸ ਵੀਡੀਓ ਦੇ ਆਧਾਰ ‘ਤੇ ਕੁੜੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਨਤੀਜੇ ਵਜੋਂ ਉਸ ਨਾਲ ਸਮੂਹਿਕ ਬਲਾਤਕਾਰ ਕਰਨਾ ਜਾਰੀ ਰੱਖਿਆ। ਕੁੜੀ ਨੇ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੂੰ ਮਦਦ ਅਤੇ ਸ਼ੱਕੀਆਂ ਦੇ ਖ਼ਿਲਾਫ਼ ਕਾਰਵਾਈ ਦੀ ਅਪੀਲ ਕੀਤੀ ਹੈ। ਕਥਿਤ ਬਲਾਤਕਾਰ ਪੀੜਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਜਟੋਈ ਦੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ 3 ਮੁਲਜ਼ਮਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਬਾਕੀ ਫ਼ਰਾਰ ਹੋ ਗਏ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਬਾਕੀ 2 ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Comment here