ਅਪਰਾਧਖਬਰਾਂਦੁਨੀਆ

ਪਾਕਿ ‘ਚ ਨਾਬਾਲਗਾਂ ਨਾਲ ਛੇੜਛਾੜ ਕਰਨ ਵਾਲਾ ਅਧਿਆਪਕ ਗ੍ਰਿਫਤਾਰ

ਪੇਸ਼ਾਵਰ-ਪਾਕਿਸਤਾਨ ਵਿਚ ਲੁੱਟ ਖੋਹ, ਛੇੜਛਾੜ ਤੇ ਕਤਲ ਵਰਗੇ ਸੰਗੀਨ ਜ਼ੁਰਮਾਂ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਪੰਜਾਬ ਸੂਬੇ ‘ਚ ਘੱਟੋ-ਘੱਟ 10 ਨਾਬਾਲਗ ਵਿਦਿਆਰਥੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ ਬੁੱਧਵਾਰ ਨੂੰ ਇਕ ਮਦਰੱਸੇ ਦੇ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਅਧਿਕਾਰੀ ਅਖਤਰ ਫਾਰੂਕ ਨੇ ਬੁੱਧਵਾਰ ਨੂੰ ਦੱਸਿਆ ਕਿ ਦੋਸ਼ੀ ਕਾਰੀ ਬਸ਼ੀਰ ਨੇ ਲਾਹੌਰ ਤੋਂ ਕਰੀਬ 500 ਕਿਲੋਮੀਟਰ ਦੂਰ ਸਾਦਿਕਾਬਾਦ ਰਹੀਮ ਯਾਰ ਖਾਨ ਦੇ ‘ਭੁੱਟਾ ਵਹਾਨ’ ਇਲਾਕੇ ‘ਚ ਪਿਛਲੇ ਦੋ ਮਹੀਨਿਆਂ ‘ਚ ਲੜਕਿਆਂ ਨਾਲ ਛੇੜਛਾੜ ਕਰਨ ਦੀ ਗੱਲ ਕਬੂਲ ਕੀਤੀ ਹੈ। ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮਦਰੱਸੇ ਦੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਐਫਆਈਆਰ ਦਰਜ ਕਰਵਾਉਣ ਤੋਂ ਬਾਅਦ ਪੁਲੀਸ ਨੇ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ। ਐਫਆਈਆਰ ਵਿੱਚ ਦੋਸ਼ ਹੈ ਕਿ ਬਸ਼ੀਰ ਉਨ੍ਹਾਂ ਦੇ ਬੱਚਿਆਂ ਨੂੰ ਜ਼ਬਰਦਸਤੀ ਮਦਰੱਸੇ ਵਿੱਚ ਆਪਣੇ ਕਮਰੇ ਵਿੱਚ ਲੈ ਗਿਆ ਅਤੇ ਉਨ੍ਹਾਂ ਨਾਲ ਛੇੜਛਾੜ ਕੀਤੀ। ਪੁਲਿਸ ਨੇ ਚਾਰਾਂ ਪੀੜਤਾਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਭੇਜ ਦਿੱਤਾ ਹੈ। ਫਾਰੂਕ ਨੇ ਕਿਹਾ, “ਅਸੀਂ ਹੋਰ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਉਨ੍ਹਾਂ ਦਾ ਵੀ ਜਿਨਸੀ ਸ਼ੋਸ਼ਣ ਹੋਇਆ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਕਰਨ।”
ਇੱਕ ਪੁਲਿਸ ਅਧਿਕਾਰੀ ਅਨੁਸਾਰ ਪੀੜਤਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਦੋਸ਼ੀ ਨੇ ਕੁਕਰਮ ਕਰਨ ਤੋਂ ਬਾਅਦ ਕਿਹਾ ਕਿ ਜੇਕਰ ਉਸਨੇ ਇਸ ਬਾਰੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਨ੍ਹਾਂ ਨੂੰ ਮਾਰ ਦੇਵੇਗਾ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਪੀੜਤਾਂ ਦੀ ਗਿਣਤੀ 10 ਤੋਂ ਵੱਧ ਹੋ ਸਕਦੀ ਹੈ। ਬਸ਼ੀਰ ਨੂੰ ਅਗਲੇਰੀ ਜਾਂਚ ਲਈ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

Comment here