ਖਬਰਾਂਚਲੰਤ ਮਾਮਲੇਦੁਨੀਆ

ਪਾਕਿ ‘ਚ ਝੂਠੀ ਸ਼ਾਨ ਲਈ ਪਿਓ ਨੇ ਡਾਕਟਰ ਧੀ ਦਾ ਕੀਤਾ ਕਤਲ

ਲਾਹੌਰ-ਇਥੋਂ ਦੀ ਪੁਲਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਝੂਠੀ ਸ਼ਾਨ ਲਈ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਪਿਤਾ ਨੇ ਆਪਣੀ 25 ਸਾਲਾ ਡਾਕਟਰ ਧੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਕਰੀਬ 300 ਕਿਲੋਮੀਟਰ ਦੂਰ ਮੀਆਂਵਾਲੀ ਵਿੱਚ ਵਾਪਰੀ। ਪੁਲਸ ਨੇ ਦੱਸਿਆ ਕਿ ਸਿਦਰਾ ਖਾਨ ਆਪਣੇ ਸਹਿਯੋਗੀ ਡਾਕਟਰ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ, ਪਰ ਉਸ ਦੇ ਪਿਤਾ ਨੂੰ ਇਹ ਮਨਜ਼ੂਰ ਨਹੀਂ ਸੀ।
ਪੁਲਸ ਨੇ ਕਿਹਾ, ”ਲਗਭਗ ਇਕ ਹਫ਼ਤਾ ਪਹਿਲਾਂ ਸਿਦਰਾ ਦੇ ਪਿਤਾ ਮੀਆਂਵਾਲੀ ਸ਼ਹਿਰ ‘ਚ ਉਸ ਦੇ ਕਲੀਨਿਕ ‘ਤੇ ਆਏ ਅਤੇ ਇਸ ਮਾਮਲੇ ‘ਤੇ ਬਹਿਸ ਕੀਤੀ। ਬਹਿਸ ਦੌਰਾਨ ਉਸ ਨੇ ਪਿਸਤੌਲ ਕੱਢ ਕੇ ਉਸ ‘ਤੇ ਗੋਲੀ ਚਲਾ ਦਿੱਤੀ ਅਤੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਛੱਡ ਕੇ ਉਥੋਂ ਚਲੇ ਗਏ।” ਸਿਦਰਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ। ਉਸ ਦਾ ਪਿਤਾ ਅਜੇ ਫਰਾਰ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਇੱਕ ਨਵੇਂ ਵਿਆਹੇ ਜੋੜੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਾਕਿਸਤਾਨ ਵਿੱਚ ਝੂਠੀ ਸ਼ਾਨ ਦੇ ਨਾਂ ‘ਤੇ ਕਈ ਜੋੜਿਆਂ ਖਾਸ ਕਰਕੇ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਹੈ। ਮਨੁੱਖੀ ਅਧਿਕਾਰ ਕਾਰਕੁੰਨਾਂ ਮੁਤਾਬਕ ਪਾਕਿਸਤਾਨ ਵਿੱਚ ਹਰ ਸਾਲ ਕਰੀਬ 1000 ਔਰਤਾਂ ਝੂਠੀ ਸ਼ਾਨ ਲਈ ਕਤਲ ਕਰ ਦਿੱਤੀਆਂ ਜਾਂਦੀਆਂ ਹਨ। ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।

Comment here