ਅਪਰਾਧਸਿਆਸਤਖਬਰਾਂਦੁਨੀਆ

ਪਾਕਿ ’ਚ ਚੋਰਾਂ ਨੇ ਜਿਨਾਹ ਦੇ ਬੁੱਤ ਤੋਂ ‘ਐਨਕ’ ਚੁਰਾਈ

ਇਸਲਾਮਾਬਾਦ-ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿਸਤਾਨ ’ਚ ਚੋਰਾਂ ਨੇ ਬੁੱਤ ’ਚ ਫਿੱਟ ਕੀਤੀ ਇਕ ਲੈਂਸ ਵਾਲੀ ਐਨਕ ਨੂੰ ਚੋਰੀ ਕਰ ਲਿਆ ਹੈ। ਪਾਕਿਸਤਾਨ ਦੇ ਸੰਸਥਾਪਕ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਹੁਣ ਚੋਰਾਂ ਦਾ ਸ਼ਿਕਾਰ ਹੋ ਗਏ ਹਨ। ਇਹ ਬੁੱਤ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵੇਹਾਰੀ ਇਲਾਕੇ ’ਚ ਲਗਾਇਆ ਗਿਆ ਹੈ। ਜਿਨਾਹ ਇਕ ਲੈਂਸ ਵਾਲੀ ਐਨਕ ਦੀ ਮਦਦ ਨਾਲ ਜ਼ਿੰਦਗੀ ਭਰ ਪੜ੍ਹਨ ਦਾ ਕੰਮ ਕਰਦੇ ਰਹੇ ਸਨ। ਡਾਨ ਨੇ ਡਿਪਟੀ ਕਮਿਸ਼ਨਰ ਖਿਜ਼ਰ ਅਫਜ਼ਲ ਚੌਧਰੀ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੇ ਚੋਰੀ ਦੀ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਘਟਨਾ ਸ਼ਨੀਵਾਰ ਰਾਤ ਦੀ ਹੈ। ਘਟਨਾ ਦੀ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਮੁਲਤਾਨ ਦੇ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੀ ਐਨਕ ਚੋਰੀ ਹੋਈ ਹੈ, ਉਹ ਉਹਨਾਂ ਦੇ ਅਸਲੀ ਐਨਕਾਂ ਦੀ ਨਕਲ ਸੀ। ਜਿਹੜੇ ਖੇਤਰ ਵਿਚ ਇਹ ਬੁੱਤ ਸਥਾਪਿਤ ਕੀਤਾ ਗਿਆ ਹੈ, ਉੱਥੇ ਵੱਡੇ-ਵੱਡੇ ਅਫਸਰਾਂ ਦੇ ਘਰ ਹਨ ਅਤੇ ਸੁਰੱਖਿਆ ਵਿਵਸਥਾ ਮਜ਼ਬੂਤ ਬਣੀ ਰਹਿੰਦੀ ਹੈ। ਜਿਨਾਹ ਦੀਆਂ ਅਜਿਹੀਆਂ ਕਈ ਤਸਵੀਰਾਂ ਹਨ, ਜਿਨ੍ਹਾਂ ’ਚ ਉਹ ਸਿੰਗਲ ਲੈਂਸ ਵਾਲੀ ਐਨਕ ਪਾਈ ਨਜ਼ਰ ਆਏ ਹਨ। ਜਿਨਾਹ ਦਾ ਇਹ ਬੁੱਤ ਪਾਕਿਸਤਾਨ ਦੀ ਸੰਵਿਧਾਨ ਸਭਾ ਵਿੱਚ ਦਿੱਤੇ ਭਾਸ਼ਣ ਦੀ ਤਸਵੀਰ ’ਤੇ ਆਧਾਰਿਤ ਹੈ। ਇਸ ਭਾਸ਼ਣ ਵਿੱਚ ਜਿਨਾਹ ਨੇ ਘੱਟ ਗਿਣਤੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਦੀ ਗੱਲ ਕੀਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ-ਐਤਵਾਰ ਦੀ ਰਾਤ ਚੋਰਾਂ ਨੇ ਬੁੱਤ ਤੋਂ ਜਿਨਾਹ ਦੀ ਪਛਾਣ ਬਣ ਚੁੱਕੀ ਇਹ ਐਨਕ ਚੋਰੀ ਕਰ ਲਈ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਚੋਰਾਂ ਨੇ ਬੁੱਤ ਨਹੀਂ ਤੋੜ ਦਿੱਤਾ ਜਿਵੇਂ ਕਿ ਦੇਸ਼ ਦੇ ਹੋਰ ਹਿੱਸਿਆਂ ਵਿਚ ਹੋ ਚੁੱਕਾ ਹੈ। ਦੱਸ ਦੇਈਏ ਕਿ ਜਿਨਾਹ ਅਤੇ ਉਨ੍ਹਾਂ ਦੀ ਭੈਣ ਫਾਤਿਮਾ ਜਿਨਾਹ ਦੀ ਜਾਇਦਾਦ ਵੀ ਗਾਇਬ ਹੋ ਗਈ ਹੈ। ਇਸ ਦੇ ਮੱਦੇਨਜ਼ਰ ਪਾਕਿਸਤਾਨ ਦੀ ਇਕ ਅਦਾਲਤ ਨੇ ਹਾਲ ਹੀ ਵਿਚ ਦੇਸ਼ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਅਤੇ ਉਨ੍ਹਾਂ ਦੀ ਭੈਣ ਫਾਤਿਮਾ ਦੀ ਜਾਇਦਾਦ ਅਤੇ ਹੋਰ ਸਮਾਨ ਦਾ ਪਤਾ ਲਗਾਉਣ ਲਈ ਇਕ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਸੀ।

Comment here