ਸਿਆਸਤਖਬਰਾਂਦੁਨੀਆ

ਪਾਕਿ ‘ਚ ਅਸੈਂਬਲੀਆਂ ਦੀਆਂ 11 ਸੀਟਾਂ ‘ਤੇ ਹੋ ਰਹੀ ਉਪ ਚੋਣ

ਇਸਲਾਮਾਬਾਦ-ਚੋਣ ਸਿਆਸੀ ਪਾਰਟੀਆਂ ਲਈ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਆਪਣੀ ਲੋਕਪ੍ਰਿਅਤਾ ਨੂੰ ਪਰਖਣ ਦਾ ਮੌਕਾ ਹੈ। ਪਾਕਿਸਤਾਨ ਵਿੱਚ ਰਾਸ਼ਟਰੀ ਅਤੇ ਸੂਬਾਈ ਅਸੈਂਬਲੀਆਂ ਦੀਆਂ 11 ਸੀਟਾਂ ਲਈ ਐਤਵਾਰ ਨੂੰ ਉਪ ਚੋਣਾਂ ਹੋ ਰਹੀਆਂ ਹਨ। ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਅਨੁਸਾਰ ਨੈਸ਼ਨਲ ਅਸੈਂਬਲੀ ਦੀਆਂ ਅੱਠ ਸੀਟਾਂ ਅਤੇ ਸੂਬਾਈ ਅਸੈਂਬਲੀ ਦੀਆਂ ਤਿੰਨ ਸੀਟਾਂ ‘ਤੇ ਸਵੇਰੇ 8 ਵਜੇ ਤੋਂ ਪੋਲਿੰਗ ਸ਼ੁਰੂ ਹੋਈ ਜੋ ਸ਼ਾਮ 5 ਵਜੇ ਤੱਕ ਜਾਰੀ ਰਹੇਗੀ।
ਪੰਜਾਬ ਸੂਬੇ ‘ਚ ਨੈਸ਼ਨਲ ਅਤੇ ਸੂਬਾਈ ਅਸੈਂਬਲੀ ਦੀਆਂ ਤਿੰਨ-ਤਿੰਨ ਸੀਟਾਂ ‘ਤੇ ਉਪ-ਚੋਣਾਂ ਹੋ ਰਹੀਆਂ ਹਨ, ਜਦਕਿ ਖੈਬਰ ਪਖਤੂਨਖਵਾ (ਕੇਪੀ) ‘ਚ ਨੈਸ਼ਨਲ ਅਸੈਂਬਲੀ ਦੀਆਂ ਤਿੰਨ ਅਤੇ ਸਿੰਧ ਸੂਬੇ ‘ਚ ਦੋ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੈਸ਼ਨਲ ਅਸੈਂਬਲੀ ਦੀਆਂ ਸਾਰੀਆਂ ਅੱਠ ਸੀਟਾਂ ‘ਤੇ ਉਪ ਚੋਣਾਂ ਲੜ ਰਹੀ ਹੈ। ਇਹ ਸੀਟਾਂ ਅਪ੍ਰੈਲ ‘ਚ ਸਰਕਾਰ ਡਿੱਗਣ ਤੋਂ ਬਾਅਦ ਉਨ੍ਹਾਂ ਦੇ ਸੰਸਦ ਮੈਂਬਰਾਂ ਦੇ ਅਸਤੀਫੇ ਕਾਰਨ ਖਾਲੀ ਹੋ ਗਈਆਂ ਸਨ।
ਈਸੀਪੀ ਦੇ ਅੰਕੜਿਆਂ ਅਨੁਸਾਰ ਕੁੱਲ 101 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 52 ਪੰਜਾਬ, 33 ਸਿੰਧ ਅਤੇ 16 ਕੇਪੀ ਵਿੱਚ ਹਨ। ਇਨ੍ਹਾਂ ਹਲਕਿਆਂ ਵਿੱਚ ਕੁੱਲ 44.72 ਲੱਖ ਵੋਟਰ ਰਜਿਸਟਰਡ ਹਨ। ਵੋਟਿੰਗ ਪ੍ਰਕਿਰਿਆ ਨਿਰਵਿਘਨ ਪਰ ਹੌਲੀ ਹੈ। ਅਧਿਕਾਰੀਆਂ ਨੇ ਸ਼ਾਂਤੀ ਬਣਾਈ ਰੱਖਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ ਅਤੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ‘ਤੇ ਪੁਲਸ ਅਤੇ ਅਰਧ ਸੈਨਿਕ ਰੇਂਜਰਾਂ ਤੋਂ ਇਲਾਵਾ ਨਿਯਮਿਤ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਉਪ ਚੋਣ ਵਿੱਚ ਮੁੱਖ ਮੁਕਾਬਲਾ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਅਤੇ ਪੀਟੀਆਈ ਵਿਚਾਲੇ ਹੈ। ਈਸੀਪੀ ਨੇ ਦੇਸ਼ ਭਰ ਵਿੱਚ ਵੋਟਿੰਗ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਇਸਲਾਮਾਬਾਦ ਵਿੱਚ ਇੱਕ ਕੇਂਦਰੀ ਕੰਟਰੋਲ ਰੂਮ ਵੀ ਸਥਾਪਤ ਕੀਤਾ ਹੈ।

Comment here