ਅਪਰਾਧਸਿਆਸਤਖਬਰਾਂ

ਪਾਕਿ ‘ਚ ਅਨਾਜ ਸੰਕਟ ਲਈ ਜ਼ਿੰਮੇਵਾਰ ਕੌਣ?

ਇਸਲਾਮਾਬਾਦ-ਪਾਕਿਸਤਾਨ ‘ਚ ਕਣਕ ਦੇ ਆਟੇ ਦੀ ਕੀਮਤ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਹੈ। ਰੋਟੀ ਅਤੇ ਨਾਨ ਦੇਸ਼ ਦੇ ਮੁੱਖ ਭੋਜਨ ਪਦਾਰਥਾਂ ‘ਚੋਂ ਇਕ ਹਨ ਅਤੇ ਆਟੇ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧੇ ਨੇ ਲੋਕਾਂ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਦੇਸ਼ ਵਿੱਚ ਸਰਕਾਰੀ ਸਬਸਿਡੀ ਵਾਲੇ ਆਟੇ ਲਈ ਲੰਬੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ। 7 ਜਨਵਰੀ ਨੂੰ ਸਿੰਧ ਦੇ ਮੀਰਪੁਰ ਖਾਸ ਵਿੱਚ ਅਜਿਹੀ ਹੀ ਇਕ ਵੰਡ ਵਾਲੀ ਥਾਂ ‘ਤੇ ਮਚੀ ਭਗਦੜ ‘ਚ ਇਕ 35 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਪਾਕਿਸਤਾਨ ਦੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਅਨਾਜ ਸੰਕਟ ਲਈ ਇਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਰੂਸ-ਯੂਕ੍ਰੇਨ ਯੁੱਧ, 2022 ਦੇ ਵਿਨਾਸ਼ਕਾਰੀ ਹੜ੍ਹ ਅਤੇ ਅਫਗਾਨਿਸਤਾਨ ਵਿੱਚ ਤਸਕਰੀ ਤੇ ਲੰਬੇ ਸਮੇਂ ਤੋਂ ਕਣਕ ਦੀ ਘਾਟ ਕਾਰਨ ਹੋਇਆ ਹੈ।
160 ਰੁਪਏ ਕਿਲੋ ਵਿਕ ਰਿਹਾ ਆਟਾ
ਪਾਕਿਸਤਾਨ ਦੇ 2 ਕਣਕ ਉਤਪਾਦਕ ਰਾਜਾਂ ਪੰਜਾਬ ਅਤੇ ਸਿੰਧ ਵਿੱਚ ਆਟਾ 145 ਤੋਂ 160 ਪਾਕਿਸਤਾਨੀ ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜਦੋਂ ਕਿ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਵਿੱਚ ਕੀਮਤਾਂ ਇਸ ਤੋਂ ਵੀ ਵੱਧ ਹਨ। ਰਿਪੋਰਟਾਂ ਮੁਤਾਬਕ ਪਾਕਿਸਤਾਨ ‘ਚ 5 ਅਤੇ 10 ਕਿਲੋ ਆਟੇ ਦੇ ਬੈਗ ਦੀ ਕੀਮਤ ਇਕ ਸਾਲ ਪਹਿਲਾਂ ਦੇ ਮੁਕਾਬਲੇ ਲਗਭਗ ਦੁੱਗਣੀ ਹੋ ਗਈ ਹੈ। ਇਸਲਾਮਾਬਾਦ ਅਤੇ ਰਾਵਲਪਿੰਡੀ ਵਿੱਚ ਇਕ ਨਾਨ 30 ਰੁਪਏ ਵਿੱਚ ਵਿਕ ਰਿਹਾ ਹੈ, ਜਦੋਂ ਕਿ ਇਕ ਰੋਟੀ 25 ਰੁਪਏ ‘ਚ ਵਿਕ ਰਹੀ ਹੈ। ਇਕ ਪਾਕਿਸਤਾਨੀ ਰੁਪਿਆ ਭਾਰਤੀ ਮੁਦਰਾ ਵਿੱਚ ਲਗਭਗ 35 ਪੈਸੇ ਦੇ ਬਰਾਬਰ ਹੈ।
ਸੰਕਟ ਦਾ ਕਾਰਨ ਕੀ ਹੈ?
ਪਾਕਿਸਤਾਨ ਆਪਣੀਆਂ ਖਪਤ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਣਕ ਦੀ ਦਰਾਮਦ ਕਰਦਾ ਹੈ, ਜਿਸ ਦਾ ਵੱਡਾ ਹਿੱਸਾ ਰੂਸ ਅਤੇ ਯੂਕ੍ਰੇਨ ਤੋਂ ਆਉਂਦਾ ਹੈ। ਆਬਜ਼ਰਵੇਟਰੀ ਆਫ਼ ਇਕਨਾਮਿਕ ਕੰਪਲੈਕਸਿਟੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2020 ਵਿੱਚ ਪਾਕਿਸਤਾਨ ਨੇ 1.01 ਬਿਲੀਅਨ ਡਾਲਰ ਦੀ ਕਣਕ ਦੀ ਦਰਾਮਦ ਕੀਤੀ, ਜਿਸ ਵਿੱਚੋਂ ਜ਼ਿਆਦਾਤਰ ਯੂਕ੍ਰੇਨ (496 ਮਿਲੀਅਨ ਡਾਲਰ ਦੀ ਕੀਮਤ) ਤੋਂ ਆਈ ਸੀ, ਉਸ ਤੋਂ ਬਾਅਦ ਰੂਸ (394 ਮਿਲੀਅਨ ਡਾਲਰ) ਦਾ ਨੰਬਰ ਆਉਂਦਾ ਸੀ। ਇਸ ਸਾਲ ਯੁੱਧ ਨੇ ਉਸ ਸਪਲਾਈ ਵਿੱਚ ਵਿਘਨ ਪਾਇਆ, ਜਦੋਂ ਕਿ ਪਿਛਲੇ ਸਾਲ ਦੇ ਹੜ੍ਹਾਂ ਨੇ ਘਰੇਲੂ ਉਤਪਾਦ ਨੂੰ ਤਬਾਹ ਕਰ ਦਿੱਤਾ।

Comment here