ਸਿਆਸਤਖਬਰਾਂਦੁਨੀਆ

ਪਾਕਿ ਚੋਣ ਕਮਿਸ਼ਨ ਨੇ ਕਿਹਾ-ਤਿੰਨ ਮਹੀਨਿਆਂ ”ਚ ਆਮ ਚੋਣਾਂ ਸੰਭਵ ਨਹੀਂ

ਇਸਲਾਮਾਬਾਦ : ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਕਾਨੂੰਨੀ, ਸੰਵਿਧਾਨਕ ਅਤੇ ਹੋਰ ਕਿਸਮ ਦੀਆਂ ਚੁਣੌਤੀਆਂ ਕਾਰਨ ਉਨ੍ਹਾਂ ਦੀ ਇੰਨ੍ਹੀ ਸਮਰਥਾ ਨਹੀਂ ਹੈ ਕਿ ਉਹ ਤਿੰਨ ਮਹੀਨਿਆਂ ਵਿਚ ਆਮ ਚੋਣਾਂ ਕਰਵਾ ਸਕਣ। ਬੀਤੇ ਦਿਨ ਮੀਡੀਆ ‘ਚ  ਇਕ ਰਿਪੋਰਟ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਐਤਵਾਰ ਨੂੰ ਸੰਸਦ ਵਿੱਚ ਖਾਰਜ ਕੀਤੇ ਗਏ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਤੋਂ ਕੁਝ ਮਿੰਟ ਬਾਅਦ, ਖਾਨ ਨੇ ਤਿੰਨ ਮਹੀਨਿਆਂ ਦੇ ਅੰਦਰ ਚੋਣਾਂ ਕਰਵਾਉਣ ਦਾ ਸੁਝਾਅ ਦੇ ਦਿੱਤਾ। ਇਸ ਤੋਂ ਬਾਅਦ ਖਾਨ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੂੰ 342 ਮੈਂਬਰੀ ਨੈਸ਼ਨਲ ਅਸੈਂਬਲੀ ਭੰਗ ਕਰਨ ਦੀ ਸਿਫਾਰਿਸ਼ ਕੀਤੀ। ‘ਡਾਨ’ ਅਖ਼ਬਾਰ ਮੁਤਾਬਕ ਚੋਣ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਹਲਕਿਆਂ ਦੀ ਮੁੜ-ਰੇਖਾਬੰਦੀ ਅਤੇ ਜ਼ਿਲੇ ਅਤੇ ਹਲਕੇ ਦੇ ਆਧਾਰ ‘ਤੇ ਵੋਟਰ ਸੂਚੀਆਂ ਤਿਆਰ ਕਰਨਾ ਪ੍ਰਮੁੱਖ ਚੁਣੌਤੀਆਂ ਹਨ, ਜਿਸ ਕਾਰਨ ਆਮ ਚੋਣਾਂ ਕਰਵਾਉਣ ‘ਚ ਲਗਭਗ ਛੇ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਖੈਬਰ ਪਖਤੂਨਖਵਾ ‘ਚ 26ਵੀਂ ਸੋਧ ਕਾਰਨ ਸੀਟਾਂ ਦੀ ਗਿਣਤੀ ਵਧੀ ਹੈ, ਜਿਸ ਕਾਰਨ ਸੀਮਾਬੰਦੀ ਵਿੱਚ ਵਧੇਰੇ ਸਮਾਂ ਲੱਗਦਾ ਹੈ। ਅਧਿਕਾਰੀ ਨੇ ਕਿਹਾ ਕਿ ਚੋਣ ਪ੍ਰਕਿਰਿਆ ਨਾਲ ਸਬੰਧਤ ਸਮੱਗਰੀ ਖਰੀਦਣਾ, ਬੈਲਟ ਪੇਪਰਾਂ ਦਾ ਪ੍ਰਬੰਧ ਕਰਨਾ ਅਤੇ ਚੋਣ ਅਮਲੇ ਦੀ ਭਰਤੀ ਅਤੇ ਸਿਖਲਾਈ ਵੀ ਇੱਕ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਚੋਣਾਂ ਵਿੱਚ ਬੈਲਟ ਪੇਪਰ ਅਤੇ ਵਾਟਰਮਾਰਕ ਦੀ ਵਰਤੋਂ ਕੀਤੀ ਜਾਵੇਗੀ, ਜੋ ਦੇਸ਼ ਵਿੱਚ ਉਪਲਬਧ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਆਯਾਤ ਕਰਨਾ ਪਵੇਗਾ।

Comment here