ਅੰਮਿ੍ਤਸਰ : ਇਮਰਾਨ ਸਰਕਾਰ ਨੇ ਫ਼ੈਸਲਾ ਲੈ ਲਿਆ ਹੈ ਕਿ ਛੇਤੀ ਹੀ ਭਾਰਤੀ ਸਿੱਖ ਸਾਲ ‘ਚ ਚਾਰ ਦੀ ਥਾਂ ਸੱਤ ਵਾਰ ਵੱਖ-ਵੱਖ ਦਿਹਾੜੇ ਮਨਾਉਣ ਲਈ ਪਾਕਿਸਤਾਨ ਜਾ ਸਕਣਗੇ। ਲਹਿੰਦੇ ਪੰਜਾਬ ਤੋਂ ਮੌਜੂਦਾ ਮੰਤਰੀ ਮਹਿੰਦਰਪਾਲ ਸਿੰਘ ਨੇ ਦਿੱਤੀ ਇਹ ਜਾਣਕਾਰੀ ਦਿੱਤੀ। ਉਧਰ ਭਾਵੇਂ ਕਿ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਪੇਸ਼ ਹੋ ਗਿਆ ਹੈ ਤੇ ਇਸ ਸਰਕਾਰ ‘ਤੇ ਸੰਕਟ ਦੇ ਬੱਦਲ ਛਾਏ ਹੋਏ ਹਨ ਪਰ ਪਾਕਿਸਤਾਨ ‘ਚ ਰਹਿੰਦੇ ਸਿੱਖ ਤੇ ਹਿੰਦੂ ਭਾਈਚਾਰੇ ਦੇ ਬਹੁਤੇ ਲੋਕਾਂ ਦਾ ਵਿਚਾਰ ਹੈ ਕਿ ਇਮਰਾਨ ਖ਼ਾਨ ਨੂੰ ਬਤੌਰ ਪ੍ਰਧਾਨ ਮੰਤਰੀ ਕਾਰਜਕਾਲ ਪੂਰਾ ਕਰਨ ਦੇਣਾ ਚਾਹੀਦਾ ਹੈ। ਮੰਤਰੀ ਮਹਿੰਦਰਪਾਲ ਸਿੰਘ ਨੇ ਇਮਰਾਨ ਸਰਕਾਰ ਦੇ ਕੰਮ ਗਿਣਾਏ ਅਤੇ ਕਿਹਾ ਕਿ ਜੋ ਕੰਮ ਇਮਰਾਨ ਖ਼ਾਨ ਨੇ ਘੱਟ ਗਿਣਤੀਆਂ ਖ਼ਾਸ ਕਰ ਸਿੱਖਾਂ ਵਾਸਤੇ ਕੀਤੇ ਹਨ ਉਹ ਆਜ਼ਾਦੀ ਤੋਂ ਬਾਅਦ ਅੱਜ ਤਕ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਅੱਜ ਪਾਕਿ ‘ਚ ਸਿੱਖ, ਹਿੰਦੂ, ਇਸਾਈ ਤੇ ਜੈਨੀ ਆਦਿ ਹਰ ਧਰਮ ਦੇ ਲੋਕਾਂ ਨੂੰ ਮਾਣ ਸਨਮਾਨ ਦਿੰਦਿਆਂ ਉਨ੍ਹਾਂ ਦੇ ਧਾਰਮਿਕ ਅਸਥਾਨਾਂ ‘ਤੇ ਕਰੋੜਾਂ ਨਹੀਂ ਮਿਲੀਅਨ ਡਾਲਰਾਂ ‘ਚ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਤੋਂ ਪਾਕਿਸਤਾਨ ਆਉਣ ਵਾਲੇ ਸਿੱਖ ਯਾਤਰੂਆਂ ਦੇ ਪ੍ਰਰੋਟੋਕਾਲ ਅਨੁਸਾਰ ਪਹਿਲਾਂ ਚਾਰ ਜੱਥੇ ਆਉਂਦੇ ਰਹੇ ਹਨ ਪਰ ਹੁਣ ਪਾਕਿ ਸਰਕਾਰ ਵੱਲੋਂ ਭਾਰਤ ਦੀ ਸਹਿਮਤੀ ਲੈ ਕੇ ਸੱਤ ਵਾਰ ਭਾਰਤ ਤੋਂ ਸਿੱਖਾਂ ਦੇ ਜੱਥੇ ਪਾਕਿ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜੋ ਕਿ ਇਮਰਾਨ ਸਰਕਾਰ ਦੀ ਸਭ ਤੋਂ ਵੱਡੀ ਪ੍ਰਰਾਪਤੀ ਇਹ ਹੈ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਸ਼ਰੀਫ ਦੇ ਐੱਨਪੀਏ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਪਾਕਿਸਤਾਨ ‘ਚ ਭਾਵੇਂ ਇਮਰਾਨ ਦੀ ਕੁਰਸੀ ਜਿੱਥੇ ਖੁਸਣ ਜਾ ਰਹੀ ਹੈ ਪਰ ਪਾਕਿਸਤਾਨ ‘ਚ ਵਸਦੇ ਹਿੰਦੂ- ਸਿੱਖ ਇਹ ਮਹਿਸੂਸ ਕਰ ਰਹੇ ਹਨ ਕਿ ਦੇਸ਼ ਦੀ ਭਲਾਈ ਲਈ ਕੰਮ ਕਰਨ ਵਾਲੇ ਕਿਸੇ ਵੀ ਪਾਰਟੀ ਦੇ ਪ੍ਰਧਾਨ ਮੰਤਰੀ ਨੂੰ ਪੂਰਾ ਮੌਕਾ ਦੇਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਪਹਿਲਾਂ ਵਿਸਾਖੀ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਹੀ ਸਿੱਖ ਸ਼ਰਧਾਲੂਆਂ ਦੇ ਜੱਥੇ ਪਾਕਿ ਜਾਂਦੇ ਸਨ ਪਰ ਹੁਣ ਸ੍ਰੀ ਗੁਰੂ ਰਾਮਦਾਸ ਜੀ ਦੇ ਪੁ੍ਕਾਸ਼ ਪੁਰਬ ਮੌਕੇ 9 ਅਕਤੂਬਰ ਨੂੰ ਚੂਨਾ ਮੰਡੀ ਲਾਹੌਰ ਵਿਖੇ ਗੁਰਪੁਰਬ ਮਨਾਉਣ ਲਈ, ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ (29 ਸਤੰਬਰ) ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮਨਾਉਣ ਲਈ ਤੇ ਸਾਕਾ ਨਨਕਾਣਾ ਸਾਹਿਬ 21 ਫਰਵਰੀ ਨੂੰ ਮਨਾਉਣ ਲਈ ਵੀ ਸਿੱਖ ਸ਼ਰਧਾਲੂਆਂ ਦੇ ਜੱਥੇ ਪਾਕਿਸਤਾਨ ਜਾ ਸਕਣਗੇ।
Comment here