ਸਿਆਸਤਖਬਰਾਂਦੁਨੀਆ

ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਲੋੰ ਅਸਤੀਫਾ, ਅਮੀਰ ਸਿੰਘ ਨਵੇਂ ਪ੍ਰਧਾਨ

ਲਾਹੌਰ-ਬੀਤੇ ਦਿਨੀਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ (ਮੁੱਖ) ਸਰਦਾਰ ਸਤਵੰਤ ਸਿੰਘ ਨੇ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਇਕ ਸਾਲ ਪਹਿਲਾਂ ‘ਨਿੱਜੀ ਰੁਝੇਵਿਆਂ’ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਿੱਖ ਧਾਰਮਿਕ ਸੰਗਠਨ ਨੇ ਜਲਦਬਾਜ਼ੀ ਵਿਚ ਬੁਲਾਈ ਮੀਟਿੰਗ ਵਿੱਚ ਸਰਦਾਰ ਅਮੀਰ ਸਿੰਘ ਨੂੰ 2022 ਦੇ ਅੱਧ ਤੱਕ ਦੇ ਬਾਕੀ ਦੇ ਕਾਰਜਕਾਲ ਲਈ ਆਪਣਾ ਨਵਾਂ ਪ੍ਰਧਾਨ (ਮੁਖੀ) ਚੁਣਿਆ। ਇਵੈਕੁਈ ਟਰਸੱਟ ਪ੍ਰਾਪਰਟੀ ਬੋਰਡ ਦੇ ਬੁਲਾਰੇ ਅਮੀਰ ਹਾਸ਼ਮੀ ਨੇ ਦੱਸਿਆ, ‘‘ਪ੍ਰਧਾਨ ਸਰਦਾਰ ਸਤਵੰਤ ਸਿੰਘ ਨੇ ਆਪਣੇ ਨਿੱਜੀ ਰੁਝੇਵਿਆਂ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਹੌਰ ਵਿੱਚ ਇੱਕ ਮੀਟਿੰਗ ਕੀਤੀ, ਜਿਸ ਵਿੱਚ ਸਰਦਾਰ ਅਮੀਰ ਸਿੰਘ ਨੂੰ ਬਾਕੀ ਦੇ ਇੱਕ ਸਾਲ ਦੇ ਕਾਰਜਕਾਲ ਲਈ ਸਰਬਸੰਮਤੀ ਨਾਲ ਆਪਣਾ ਨਵਾਂ ਪ੍ਰਧਾਨ ਚੁਣਿਆ ਗਿਆ।’’
ਸੂਤਰਾਂ ਅਨੁਸਾਰ ਈ.ਟੀ.ਪੀ.ਬੀ. ਸਰਦਾਰ ਸਤਵੰਤ ਸਿੰਘ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਸੀ। ਉਨ੍ਹਾਂ ਨੇ ਕਿਹਾ,“ਇਸ ਤੋਂ ਇਲਾਵਾ ਸਤਵੰਤ ਨੇ ਕਮੇਟੀ ਦੇ ਮੈਂਬਰਾਂ ਨਾਲ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮਤਭੇਦ ਵੀ ਪੈਦਾ ਕੀਤੇ ਸਨ।” ਉਨ੍ਹਾਂ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਦਾਰ ਵਿਕਾਸ ਸਿੰਘ ਨੂੰ ਇੱਕ ਸਾਲ ਦੇ ਕਾਰਜਕਾਲ ਲਈ ਆਪਣਾ ਸਕੱਤਰ ਜਨਰਲ ਚੁਣਿਆ ਹੈ। ਹਾਸ਼ਮੀ ਨੇ ਦੱਸਿਆ ਕਿ ਨਵਾਂ ਪ੍ਰਧਾਨ ਪੰਜਾਬ ਦੇ ਨਨਕਾਣਾ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਜਨਰਲ ਸਕੱਤਰ ਸਿੰਧ ਸੂਬੇ ਦਾ ਹੈ। ਪੀ.ਐਸ.ਜੀ.ਪੀ.ਸੀ. ਨੇ ਕਿਹਾ, ‘‘15 ਸਤੰਬਰ, 2021 ਨੂੰ ਪੀ.ਐਸ.ਜੀ.ਪੀ.ਸੀ. ਨੇ ਸਰਦਾਰ ਅਮੀਰ ਸਿੰਘ ਨੂੰ ਆਪਣਾ ਨਵਾਂ ਪ੍ਰਧਾਨ ਅਤੇ ਵਿਕਾਸ ਸਿੰਘ ਨੂੰ ਅਗਲੇ ਕਾਰਜਕਾਲ ਲਈ ਸਕੱਤਰ ਜਨਰਲ ਚੁਣਿਆ।’’ ਜ਼ਿਕਰਯੋਗ ਹੈ ਕਿ ਅਮੀਰ ਸਿੰਘ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਤੇ ਦਿੱਲੀ ਦੇ ਸਰਨਾ ਭਰਾਵਾਂ ਦੇ ਬਹੁਤ ਕਰੀਬ ਮੰਨੇ ਜਾਂਦੇ ਹਨ। ਅਮੀਰ ਸਿੰਘ ਹਿੰਦੁਸਤਾਨ ਪੱਖੀ ਲੋਕਾਂ ’ਚ ਗਿਣੇ ਜਾਂਦੇ ਹਨ। ਨਵ-ਨਿਯੁਕਤ ਕਮੇਟੀ ’ਚ ਇਸ ਵਾਰ ਪਾਕਿ ਸਰਕਾਰ ਵੱਲੋਂ ਖਾਲਿਸਤਾਨ ਪੱਖੀ ਲੋਕਾਂ ਨੂੰ ਬਹੁਤ ਜ਼ਿਆਦਾ ਦੂਰ ਰੱਖਿਆ ਗਿਆ।

Comment here