ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਅੱਤਵਾਦੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਤਾਂਘ ’ਚ—ਕੈਪਟਨ

ਚੰਡੀਗੜ੍ਹ-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਤੋਂ ਸ਼ਾਂਤੀ ਨੂੰ ਖਤਰੇ ਦਰਮਿਆਨ ਪੰਜਾਬ ਦੀ ਗੰਭੀਰ ਸੁਰੱਖਿਆ ਸਥਿਤੀ ’ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਕਈ ਅੱਤਵਾਦੀ ਸਮੂਹਾਂ ਦੇ ਸਲੀਪਰ ਸੈੱਲ ਸਰਗਰਮ ਹਨ ਅਤੇ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਆਈਐਸਆਈ ਦੀ ਮਦਦ ਕਰ ਰਹੇ ਹਨ।
ਇਸੇ ਸਿਲਸਿਲੇ ‘ਚ ਸਾਬਕਾ ਮੁੱਖ ਮੰਤਰੀ ਨੇ ਪਾਕਿਸਤਾਨ ਤੋਂ ਸਰਹੱਦ ਪਾਰੋਂ ਵੱਡੀ ਗਿਣਤੀ ਵਿੱਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਘੁਸਪੈਠ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਮਾਮਲਾ ਹੈ ਜੋ ਸਾਡੇ ਸੁਰੱਖਿਆ ਬਲਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕੀ ਕੁਝ ਉਨ੍ਹਾਂ ਦੀਆਂ ਨਜ਼ਰਾਂ ਤੋਂ ਬਚ ਗਿਆ ਹੈ। ਉਹ ਇਸ ਗੱਲ ਤੋਂ ਦੁਖੀ ਹੈ ਕਿ ਪੰਜਾਬ ਸਰਕਾਰ ਸੁਰੱਖਿਆ ਦੇ ਮੁੱਦੇ ’ਤੇ ਨਾਂਹ-ਪੱਖੀ ਰਵੱਈਆ ਕਿਉਂ ਅਪਣਾ ਰਹੀ ਹੈ।
ਹਾਲ ਹੀ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਲੋਕਾਂ ਨੂੰ ਧਾਰਮਿਕ ਲੀਹਾਂ ’ਤੇ ਵੰਡਣ ਦੀ ਕੋਸ਼ਿਸ਼ ਹੈ ਅਤੇ ਸੂਬੇ ਵਿੱਚ ਸ਼ਾਂਤੀ ਦੇ ਮਾਹੌਲ ਨੂੰ ਵਿਗਾੜ ਸਕਦਾ ਹੈ। ਉਨ੍ਹਾਂ ਕਿਹਾ ਕਿ ਆਈਐਸਆਈ ਵਰਗੀਆਂ ਕਈ ਵਿਦੇਸ਼ੀ ਏਜੰਸੀਆਂ ਕਈ ਵੱਖਵਾਦੀ ਅਤੇ ਅਤਿਵਾਦੀ ਸੰਗਠਨਾਂ ਦੇ ਸਲੀਪਰ ਸੈੱਲਾਂ ਨਾਲ ਮਿਲ ਕੇ ਸਰਗਰਮ ਹਨ ਜੋ ਅਜਿਹੀ ਸਥਿਤੀ ਹੋਣ ਦੀ ਉਡੀਕ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ’ਚ ਸੁਰੱਖਿਆ ਨੀਤੀ ’ਚ ਬਦਲਾਅ ਨਾਲ ਚੀਨ ਅਤੇ ਪਾਕਿਸਤਾਨ ਇਕੱਠੇ ਹੋ ਗਏ ਹਨ, ਜੋ ਲਗਭਗ ਇਕ ਦੇਸ਼ ਬਣ ਗਏ ਹਨ। ਅਜਿਹੀ ਸਥਿਤੀ ਵਿੱਚ ਭਾਰਤ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਦੇਖਦੇ ਹੋਏ ਸੂਬੇ ਨੂੰ ਹੁਣ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਚੀਨ ਨੇ ਪਾਕਿਸਤਾਨ ਵਿੱਚ 29 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ, ਜਿੰਨ੍ਹੇ  ਉੱਥੇ ਹਾਈਵੇਅ ਅਤੇ ਸੁਰੰਗਾਂ ਬਣਾ ਕੇ ਵੱਡੇ ਪੱਧਰ ’ਤੇ ਬੁਨਿਆਦੀ ਢਾਂਚਾ ਤਿਆਰ ਕੀਤਾ, ਜੋ ਚੀਨੀ ਮਾਲ ਨੂੰ ਸਿੱਧੇ ਗਵਾਦਰ ਬੰਦਰਗਾਹ ਤੱਕ ਲੈ ਕੇ ਜਾਂਦੇ ਹਨ ਅਤੇ ਇਸ ਨੂੰ ਮੱਧ ਏਸ਼ੀਆ ਤੱਕ ਪਹੁੰਚਾਉਂਦੇ ਹਨ। ਇਸੇ ਤਰ੍ਹਾਂ ਅਫਗਾਨਿਸਤਾਨ ਨੂੰ ਵਿੱਤੀ ਸਹਾਇਤਾ ਦੀ ਬਹੁਤ ਜ਼ਰੂਰਤ ਹੈ ਅਤੇ ਚੀਨ ਅਜਿਹਾ ਕਰਨ ਲਈ ਤਿਆਰ ਹੈ, ਜਿਸ ਨਾਲ ਤਾਲਿਬਾਨ ਤੋਂ ਭਾਰਤ ਲਈ ਇੱਕ ਹੋਰ ਚਿੰਤਾ ਪੈਦਾ ਹੋ ਸਕਦੀ ਹੈ, ਜਿਸ ਦੀ ਵਰਤੋਂ ਚੀਨ ਵੱਲੋਂ ਭਾਰਤ ਵਿੱਚ ਘੁਸਪੈਠ ਲਈ ਕੀਤੀ ਜਾ ਸਕਦੀ ਹੈ।
ਸਾਬਕਾ ਮੁੱਖ ਮੰਤਰੀ ਜੋ ਸੁਰੱਖਿਆ ਅਤੇ ਕੂਟਨੀਤਕ ਮਾਮਲਿਆਂ ਵਿੱਚ ਮਾਹਰ ਹਨ, ਨੇ ਕਿਹਾ ਕਿ ਭਾਰਤ ਨੂੰ ਡਰੋਨਾਂ ਨੂੰ ਡੇਗਣ ਲਈ ਹੋਰ ਮਜ਼ਬੂਤ ਮਿਜ਼ਾਈਲ ਪ੍ਰਣਾਲੀ ਵਿਕਸਿਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡਰੋਨ ਦੀ ਦੂਰੀ ਅਤੇ ਲਿਜਾਣ ਦੀ ਸਮਰੱਥਾ ਵਧਾਈ ਜਾ ਰਹੀ ਹੈ। ਇਹ ਦੇਸ਼ ਦੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਹੈ, ਕਿਉਂਕਿ ਇਸ ਨਾਲ ਪਾਕਿਸਤਾਨ ਨੂੰ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਦਾ ਇੱਕ ਹੋਰ ਰਾਹ ਮਿਲ ਜਾਂਦਾ ਹੈ।

Comment here