ਖਬਰਾਂਚਲੰਤ ਮਾਮਲੇਦੁਨੀਆ

ਪਾਕਿ, ਅਫਗਾਨ ਚ ਘੱਟਗਿਣਤੀਆਂ ਤੇ ਹਮਲੇ ਦੇ ਮੱਦੇਨਜ਼ਰ ਮੋਦੀ ਸਰਕਾਰ ਨੂੰ ਸੀ ਏ ਏ ਲਾਗੂ ਕਰਨ ਦੀ ਅਪੀਲ

-ਪਰਮਪ੍ਰਤੀਕ ਸਿੰਘ

ਹਾਲ ਹੀ ਵਿਚ ਪਾਕਿਸਤਾਨ ਤੇ ਅਫ਼ਗਾਨਿਸਤਾਨ ’ਚ ਘੱਟ ਗਿਣਤੀਆਂ ’ਤੇ ਹੋਏ ਹਮਲਿਆਂ ਦੀ ਜਿਥੇ ਨਿਖੇਧੀ ਕੀਤੀ ਜਾ ਰਹੀ ਹੈ, ਓਥੇ ਭਾਰਤ ਵਿੱਚ  ਸੀਏਏ ਲਾਗੂ ਕਰਨ  ਦੀ ਮੰਗ ਹੋਰ ਜ਼ੋਰ ਫੜ ਗਈ ਹੈ। ਨਾਗਰਿਕਤਾ ਸੋਧ ਕਾਨੂੰਨ ਦਸੰਬਰ 2019 ’ਚ ਪਾਰਲੀਮੈਂਟ ’ਚ ਪਾਸ ਹੋ ਗਿਆ ਸੀ ਪਰ ਅਜੇ ਤੱਕ ਇਹ ਲਾਗੂ ਨਹੀਂ ਹੋ ਸਕਿਆ। ਇਸ ਤਹਿਤ ਅਫ਼ਗਾਨਿਸਤਾਨ, ਪਾਕਿਸਤਾਨ ਤੇ ਬੰਗਲਾ ਦੇਸ਼ ਦੇ ਗੈਰ-ਕਾਨੂੰਨੀ ਹਿਜਰਤਕਾਰੀਆਂ (ਹਿੰਦੂ, ਸਿੱਖ, ਬੋਧੀ, ਇਸਾਈ, ਪਾਰਸੀ, ਜੈਨ) ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ ਜਾਣੀ ਹੈ। ਇਨ੍ਹਾਂ ਮੁਲਕਾਂ ’ਚ ਵਸਦੇ ਘੱਟ ਗਿਣਤੀ ਹਿੰਦੂਆਂ, ਸਿੱਖਾਂ ਨੇ ਭਾਰਤ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਸੀਏਏ ਤੁਰੰਤ ਲਾਗੂ ਕਰ ਕੇ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ ਜਾਵੇ ਨਹੀਂ ਤਾਂ ਉਹ ਮਹਿਸੂਸ ਕਰਦੇ ਹਨ ਕਿ ਇਸ ਕਾਨੂੰਨ ਨੂੰ ਲਾਗੂ ਕਰਨ ’ਚ ਹੋ ਰਹੀ ਦੇਰੀ ਇਸ ਕਾਨੂੰਨ ਦੇ ਮੰਤਵ ਦੀ ਹਾਰ ਦੇ ਤੁਲ ਹੈ। ਪਾਕਿਸਤਾਨ ’ਚ ਘੱਟ ਗਿਣਤੀ ਅਹਿਮਦੀਆ ਭਾਈਚਾਰਾ ਵੀ ਤਸ਼ੱਦਦ ਝਲ ਰਿਹਾ ਹੈ। ਉਨ੍ਹਾਂ ਦੀ ਵੀ ਇਹ ਪੁਰਜ਼ੋਰ ਮੰਗ ਹੈ ਕਿ ਉਨ੍ਹਾਂ ਨੂੰ ਸੀਏਏ ਦੇ ਦਾਇਰੇ ’ਚ ਲਿਆ ਕੇ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ ਜਾਵੇ।ਅਫ਼ਗਾਨਿਸਤਾਨ ਦੇ ਪਖਤੀਆ ਸੂਬੇ ਦੇ ਚਮਕਾਨੀ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ’ਚੋਂ ਨਿਸ਼ਾਨ ਸਾਹਿਬ ਉਤਾਰ ਕੇ ਤਾਲਿਬਾਨੀਆਂ ਨੇ ਇਕ ਰੁੱਖ ਨਾਲ ਬੰਨ੍ਹ ਦਿੱਤਾ। ਸਿੱਖ ਖ਼ਾਲਸਾ ਦੀਵਾਨ ਕਾਬੁਲ ਦੇ ਪ੍ਰਧਾਨ ਮਨੋਹਰ ਸਿੰਘ ਤੇ ਜਨਰਲ ਸਕੱਤਰ ਹੀਰਾ ਸਿੰਘ ਨੇ ਦੱਸਿਆ ਕਿ ਤਾਲਿਬਾਨੀਆਂ ਦਾ ਜ਼ੁਲਮ ਦਿਨੋਂ-ਦਿਨ ਵੱਧ ਰਿਹਾ ਹੈ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਨੂੰ ਚਿੱਟਾ ਰੰਗ ਕਰਨ ਦਾ ਹੁਕਮ ਚਾੜਿਆ ਹੋਇਆ ਹੈ। ਇਸੇ ਤਰ੍ਹਾਂ ਪਾਕਿਸਤਾਨ ’ਚ ਵਾਪਰੀ ਤਾਜ਼ਾ ਘਟਨਾ ’ਚ ਕੱਟੜਪੰਥੀਆਂ ਨੇ ਸੂਬਾ ਪੰਜਾਬ ਦੇ ਰਹੀਮ ਯਾਰ ਖਾਨ ਜ਼ਿਲ੍ਹੇ ’ਚ ਭੂੰਗ ਦੇ ਗਣੇਸ਼ ਮੰਦਰ ’ਤੇ ਹਮਲਾ ਕਰ ਦਿੱਤਾ। ਮੂਰਤੀਆਂ ਤੋੜ ਦਿੱਤੀਆਂ ਗਈਆਂ ਤੇ ਘੰਟਿਆਂ ਬੱਧੀ ਭੰਨਤੋੜ ਜਾਰੀ ਰਹੀ ਤੇ ਮੰਦਰ ਕੰਪਲੈਕਸ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਪਾਕਿਸਤਾਨ ਵੱਸਦੇ ਘੱਟ ਗਿਣਤੀ ਹਿੰਦੂਆਂ-ਸਿੱਖਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਭਰੋਸੇ ਉਹ 1947 ਦੀ ਵੰਡ ਵੇਲੇ ਉੱਧਰ ਰਹਿ ਗਏ ਸਨ ਉਹ ਭਰੋਸਾ ਹੁਣ ਟੁੱਟ ਗਿਆ ਹੈ। ਬਹੁਮਤ ਭਾਰਤ ਆਉਣ ਦੀ ਚਾਹਵਾਨ ਹੈ।  ਬੀਤੇ ਸਮੇਂ ਵਿੱਚ ਵੀ ਪਾਕਿਸਤਾਨ ਦੇ ਬਹੁਤ ਸਾਰੇ ਹਿੰਦੂ ਮੰਦਰਾਂ ’ਤੇ ਭੀੜ ਨੇ ਹਮਲੇ ਕੀਤੇ ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨ ਤੋੜ ਕੀਤੀ। ਵਰਨਣਯੋਗ ਹੈ ਕਿ ਆਜ਼ਾਦੀ ਤੋਂ ਪਹਿਲਾਂ ਪਾਕਿਸਤਾਨ ਮੰਦਰ 482 ਦੇ ਕਰੀਬ ਮੰਦਰ ਸਨ, ਜਿਨ੍ਹਾਂ ’ਚੋਂ 400 ਤੋਂ ਵੱਧ ਮੰਦਰਾਂ ਨੂੰ ਢਾਹ ਦਿੱਤਾ ਗਿਆ ਹੈ ਜਾਂ ਕਬਜ਼ੇ ਕਰ ਲਏ ਗਏ ਹਨ। ਸਿੱਖਾਂ ਦੀ ਹਾਲਤ ਵੀ ਹਿੰਦੂਆਂ ਵਰਗੀ ਹੀ ਹੈ। ਪਿਛਲੇ ਵਰ੍ਹੇ ਨਵੰਬਰ ਵਿੱਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ’ਤੇ ਬੇਕਾਬੂ ਭੀੜ ਨੇ ਉਸ ਵੇਲੇ ਹਮਲਾ ਕਰ ਦਿੱਤਾ ਸੀ ਜਦ ਭਾਰਤ ਤੋਂ ਜਥਾ ਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਗਿਆ ਹੋਇਆ ਸੀ। ਹਮਲੇ ਦੀ ਵਜ੍ਹਾ ਇਹ ਸੀ ਕਿ ਇਥੋਂ ਦੇ ਇੱਕ ਗ੍ਰੰਥੀ ਸਿੰਘ ਦੀ ਬੇਟੀ ਨੂੰ ਅਗਵਾ ਕਰ ਕੇ ਉਸ ਨਾਲ ਨਿਕਾਹ ਕਰਨ ਦੇ ਦੋਸ਼ ’ਚ ਅਗਵਾਕਾਰ ਦੇ ਖਿਲਾਫ਼ ਮਾਮਲਾ ਦਰਜ ਹੋਇਆ ਸੀ। ਭੜਕੀ ਭੀੜ ਨੇ ਗੁਰਦੁਆਰਾ ਸਾਹਿਬ ’ਤੇ ਪਥਰਾਅ ਕੀਤਾ। ਇੱਕ ਅੰਦਾਜ਼ੇ ਮੁਤਾਬਕ ਪਾਕਿਸਤਾਨ ’ਚ ਹਰ ਵਰ੍ਹੇ 1000 ਹਿੰਦੂ-ਸਿੱਖਾਂ ਨੂੰ ਜਬਰੀ ਮੁਸਲਮਾਨ ਬਣਾਇਆ ਜਾਂਦਾ ਹੈ। ਜਬਰੀ ਧਰਮ ਤਬਦੀਲੀ ਖਿਲਾਫ਼ ਹਿੰਦੂ ਸਿਆਸਤਦਾਨਾਂ ਨੇ 2019 ’ਚ ਸਿੰਧ ਅਸੈਂਬਲੀ ’ਚ ਇੱਕ ਬਿੱਲ ਦੀ ਤਜਵੀਜ਼ ਪੇਸ਼ ਕੀਤੀ ਸੀ। ਜੋ ਹਾਕਮ ਧਿਰ ਪਾਕਿਸਤਾਨ ਪੀਪਲਜ਼ ਪਾਰਟੀ ਨੇ ਠੁਕਰਾ ਦਿੱਤੀ ਸੀ। ਇੰਝ ਹੀ ਅਹਿਮਦੀਆਂ ਮੁਸਲਮ ਜਮਾਤ ਵੀ ਪਾਕਿਸਤਾਨ ਵਿੱਚ ਤਸ਼ੱਦਦ ਝੱਲ ਰਹੀ ਹੈ। ਇਨ੍ਹਾਂ ਦਾ ਮੁੱਖ ਅਸਥਾਨ ਰੱਬਵਾ ਹੈ (ਜਿਸ ਨੂੰ ਹੁਣ ਚਨਾਬ ਨਗਰ ਸੱਦਿਆ ਜਾਂਦਾ)। ਇਨ੍ਹਾਂ ਨੂੰ ਮੁਸਲਮਾਨ ਹੀ ਨਹੀਂ ਸਮਝਿਆ ਜਾਂਦਾ। ਸ਼ੀਆ, ਸੁੰਨੀ ਮੁਸਲਮਾਨ ਇਨ੍ਹਾਂ ਨੂੰ ਆਪਣੀਆਂ ਮਸਜਿਦਾਂ ਵਿੱਚ ਦਾਖਲ ਨਹੀਂ ਹੋਣ ਦਿੰਦੇ ਤੇ ਇਨ੍ਹਾਂ ਅਹਿਮਦੀਆਂ ਦੀਆਂ ਮਸਜਿਦਾਂ ਨੂੰ ਸ਼ਰਾਰਤੀਆਂ ਵੱਲੋਂ ਅਕਸਰ ਅੱਗ ਹਵਾਲੇ ਕੀਤੇ ਜਾਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਦੇ ਪਾਸਪੋਰਟਾਂ ’ਤੇ ਐੱਨ ਐੱਮ (ਨਾਨ-ਮੁਸਲਿਮ) ਦੀ ਮੋਹਰ ਲੱਗਦੀ ਹੈ। ਭਾਰਤ ਵਿੱਚ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਕਸਬਾ ਕਾਦੀਆਂ ਅਹਿਮਦੀਆਂ ਜਮਾਤ ਦਾ ਗੜ੍ਹ ਹੈ ਜਿੱਥੇ ਪੰਜ-ਛੇ ਹਜ਼ਾਰ ਅਹਿਮਦੀਆ ਵੱਸਦੇ ਹਨ। ਜਿਹੜੀਆਂ ਪਾਕਿਸਤਾਨੀ ਕੁੜੀਆਂ ਇੱਧਰ ਅਹਿਮਦੀਆਂ ਨੌਜਵਾਨਾਂ ਨਾਲ ਵਿਆਹ ਕਰਵਾ ਲੈਂਦੀਆਂ ਹਨ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਬੜੀ ਮੁਸ਼ਕਲ ਨਾਲ ਮਿਲਦੀ ਹੈ ਤੇ ਕਈ ਵਾਰ ਵਰਿ੍ਹਆਂ ਬੱਧੀ ਉਡੀਕ ਕਰਨੀ ਪੈਂਦੀ ਹੈ। ਮਕਵੁਲ ਅਹਿਮਦ ਦਾ ਕਹਿਣਾ ਹੈ ਕਿ ਉਸ ਦਾ ਵਿਆਹ ਤਾਹਿਰਾ ਨਾਲ 2003 ਵਿੱਚ ਹੋਇਆ ਸੀ। ਵੀਜ਼ਾ ਤਾਂ ਤਾਹਿਰਾ ਨੂੰ ਮਿਲ ਗਿਆ ਪਰ ਨਾਗਰਿਕਤਾ ਮਿਲਣ ਨੂੰ ਤੇਰਾਂ ਸਾਲ ਦਾ ਲੰਮਾ ਸਮਾਂ ਲੱਗਾ। ਘੱਟੋ ਘੱਟ 15-20 ਲੜਕੀਆਂ ਜੋ ਕਾਦੀਆਂ ਵਿਆਹੀਆਂ ਹਨ, ਅਜੇ ਵੀ ਭਾਰਤੀ ਨਾਗਰਿਕਤਾ ਦੀ ਉਡੀਕ ’ਚ ਹਨ। ਇਨ੍ਹਾਂ ’ਚੋਂ ਸਿਧਰਾ ਸਿੰਬਲ ਸਈਅਦ ਕਾਮਰਾਨ ਨਾਲ, ਰੁਕਈਆ ਖਾਨ ਬਸ਼ਾਰਤ ਅਹਿਮਦ ਨਾਲ ਵਿਆਹੀਆਂ ਹੋਈਆਂ ਹਨ। ਇਸ ਤਰ੍ਹਾਂ ਹੀ ਕਰਾਚੀ ਦੀ ਕੁੜੀ ਸੁਮਨ ਰਾਨਤੀ ਲਾਲ ਦਾ ਫੇਸਬੁੱਕ ’ਤੇ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਵਾਸੀ ਨੌਜਵਾਨ ਨਾਲ ਪਿਆਰ ਹੋ ਗਿਆ। ਉਹ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਸ ਨੂੰ ਵੀਜ਼ਾ ਬੜੀ ਮੁਸ਼ਕਲ ਨਾਲ ਮਿਲਿਆ। ਮਕਬੁਲ ਅਹਿਮਦ ਦਾ ਕਹਿਣਾ ਹੈ ਕਿ ਪਾਕਿਸਤਾਨ ਦੀਆਂ ਬਹੁਤ ਸਾਰੀਆਂ ਹਿੰਦੂ ਸਿੱਖ ਤੇ ਅਹਿਮਦੀਆਂ ਲੜਕੀਆਂ ਭਾਰਤ ’ਚ ਵਿਆਹ ਕਰਵਾਉਣ ਦੀਆਂ ਚਾਹਵਾਨ ਹਨ। ਭਾਰਤ ’ਚ ਵਿਆਹੀਆਂ ਬਹੁਤ ਸਾਰੀਆਂ ਅਹਿਮਦੀਆਂ ਮੁਸਲਮਾਨ ਲੜਕੀਆਂ ਨੂੰ ਭਾਰਤ ਦੇ ਵੀਜ਼ੇ ਮਿਲ ਵੀ ਗਏ ਹਨ ਪਰ ਕੋਵਿਡ-19 ਦੇ ਮੱਦੇਨਜ਼ਰ ਪਿਛਲੇ ਵਰ੍ਹੇ 20 ਮਾਰਚ ਤੋਂ ਆਵਾਜਾਈ ਆਰਜ਼ੀ ਤੌਰ ’ਤੇ ਬੰਦ ਹੋਈ ਹੋਣ ਕਰਕੇ ਉਨ੍ਹਾਂ ਨੂੰ ਵੀ ਉਡੀਕ ਕਰਨੀ ਪੈ ਰਹੀ ਹੈ। ਪਾਕਿਸਤਾਨ ਦੇ ਵੱਡੀ ਗਿਣਤੀ ਅਹਿਮਦੀਆਂ ਭਾਰਤੀ ਨਾਗਰਿਕਤਾ ਲੈਣਾ ਚਾਹੁੰਦੇ ਹਨ ਪਰ ਬਦਕਿਸਮਤੀ ਇਹ ਹੈ ਕਿ ਉਹ ਸੀ ਏ ਏ (ਨਾਗਰਿਕਤਾ ਸੋਧ ਕਾਨੂੰਨ) ਦੇ ਘੇਰੇ ’ਚ ਨਹੀਂ ਆਉਂਦੇ। ਜਮਾਤ ਦੇ ਇਸਲਾਮੀ ਸਣੇ ਹੋਰ ਇਸਲਾਮਪ੍ਰਸਤਾਂ ਨੇ ਅਹਿਮਦੀਆ ਜਮਾਤ ਖਿਲਾਫ਼ ਵੱਡੇ ਪੱਧਰ ’ਤੇ ਅੱਤਿਆਚਾਰ ਸ਼ੁਰੂ ਕੀਤਾ ਹੋਇਆ ਹੈ। 1983 ਤੋਂ ਉਨ੍ਹਾਂ ਦੇ ਸ਼ਾਂਤਮਈ ਮਜ਼ਹਬੀ ਇਕੱਠਾਂ ’ਤੇ ਪਾਬੰਦੀ ਲਾਈ ਹੋਈ ਹੈ। 1989 ’ਚ ਰੱਬਵਾ ਦੀ ਸਮੁੱਚੀ ਵਸੋਂ ’ਤੇ ਪੰਜਾਬ ਪੁਲਿਸ (ਪਾਕਿਸਤਾਨ) ਨੇ ਕੇਸ ਦਰਜ ਕੀਤਾ ਸੀ ਕਿ ਉਹ ਆਪਣੇ ਘਰਾਂ ਤੇ ਕਬਰਾਂ ਤੇ ਕੁਰਾਨ ਦੀਆਂ ਆਇਤਾਂ ਲਿਖਦੇ ਹਨ।

ਅਫ਼ਗਾਨੀ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ’ਤੇ ਗਿਲਾ

ਅਫ਼ਗਾਨਿਸਤਾਨ ਦੀ ਗੱਲ ਕਰੀਏ ਤਾਂ ਉੱਥੇ ਸਿੱਖ ਉਸ ਵੇਲੇ ਤੋਂ ਵੱਸਦੇ ਹਨ ਜਦ 16ਵੀਂ ਸਦੀ ’ਚ ਗੁਰੂ ਨਾਨਕ ਦੇਵ ਜੀ ਦੀਆਂ ਸੰਦਲੀ ਪੈੜਾਂ ਉਸ ਧਰਤ ’ਤੇ ਪਈਆਂ। ਅੱਜ ਉੱਥੋਂ ਅਮਰੀਕੀ ਤੇ ਨਾਟੋ ਫੌਜਾਂ ਦੇ ਕੂਚ ਕਰ ਜਾਣ ਪਿੱਛੋਂ ਤਾਲਿਬਾਨ ਤੇ ਅਫ਼ਗਾਨ ਫੌਜ ਦਰਮਿਆਨ ਗਹਿਗੱਚ ਜੰਗ ਹੋ ਰਹੀ ਹੈ। ਉੱਥੇ ਵੱਸਦੇ ਸਿੱਖ ਆਪਣੇ ਆਪ ਨੂੰ ਬੇਹੱਦ ਅਸੁਰੱਖਿਅਤ ਸਮਝ ਰਹੇ ਹਨ। ਭਾਰਤ-ਪਾਕਿ ਵੰਡ ਵੇਲੇ ਵੀ ਬਹੁਤ ਸਾਰੇ ਸਿੱਖ ਪਾਕਿਸਤਾਨ ਤੋਂ ਅਫ਼ਗਾਨਿਸਤਾਨ ਚਲੇ ਗਏ ਸਨ। ਕਦੇ ਉੱਥੇ 5 ਲੱਖ ਪਰਿਵਾਰ ਸਿੱਖਾਂ ਦੇ ਵੱਸਦੇ ਸਨ। ਅੱਜ ਹਾਲਤ ਇਹ ਹੈ ਕਿ ਮਸਾਂ 20 ਕੁ ਟੱਬਰ ਰਹਿ ਗਏ ਹਨ। ਸਿਲਕ ਰੂਟ ’ਤੇ ਪੈਂਦੇ ਇਸ ਦੇਸ਼ ਵਿੱਚ ਕਦੀ ਵਪਾਰ ਤੇ ਹਿਕਮਤ ’ਚ ਚੋਖਾ ਸਥਾਨ ਰੱਖਦੇ ਸਿੱਖ ਅੱਜ ਆਪਣੀ ਜਾਨ ਬਚਾ ਕੇ ਉੱਥੋਂ ਹਿਜਰਤ ਕਰ ਰਹੇ ਹਨ ਅਤੇ ਤਕਰੀਬਨ 700 ਸਿੱਖ ਇਥੋਂ ਜਾ ਵੀ ਚੁੱਕੇ ਹਨ। ਗੁਰਦੁਆਰਿਆਂ ’ਤੇ ਹਮਲੇ ਹੋਏ ਹਨ। ਬਹੁਤੀ ਦੇਰ ਨਹੀਂ ਹੋਈ ਕਿ ਕਾਬੁਲ ਦੇ ਗਰੁਦੁਆਰੇ ’ਤੇ ਹੋਏ ਹਮਲੇ ’ਚ ਕਿੰਨੇ ਹੀ ਸਿੱਖ ਮਾਰੇ ਗਏ ਸਨ। ਉਨ੍ਹਾਂ ਨੂੰ ਸਸਕਾਰ ਤਕ ਨਹੀਂ ਕਰਨ ਦਿੱਤੇ ਜਾ ਰਹੇ। ਜਿਹੜੇ ਉੱਥੇ ਰਹਿ ਰਹੇ ਹਨ ਉਹ ਸਿੱਖ ਇਸ ਕਰਕੇ ਨਹੀਂ ਜਾ ਰਹੇ ਕਿ ਉਨ੍ਹਾਂ ਪਿੱਛੋਂ ਗੁਰਧਾਮਾਂ ਦੀ ਸੇਵਾ ਸੰਭਾਲ ਕੌਣ ਕਰੇਗਾ। ਬਹੁਤ ਸਾਰੇ ਗੁਰਧਾਮਾਂ ਤੇ ਮੰਦਰਾਂ ਨੂੰ ਪਹਿਲਾਂ ਹੀ ਤਾਲੇ ਲੱਗ ਗਏ ਹਨ। ਪਾਕਿਸਤਾਨ ਵਾਂਗ ਉਥੇ ਧਾਰਮਕ ਯਾਤਰਾ ਲਈ ਜਥੇ ਵੀ ਨਹੀਂ ਜਾਂਦੇ। ਅਫ਼ਗਾਨੀ ਸਿੱਖਾਂ ਨੂੰ ਗਿਲਾ ਹੈ ਕਿ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਲਈ ਕੁੱਝ ਕੀਤਾ ਹੈ ਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੇ। ਉਹ ਵੀ ਮੋਦੀ ਸਰਕਾਰ ਵਲ ਵੇਖ ਰਹੇ ਹਨ ਕਿ ਸੀ ਏ ਏ ਲਾਗੂ ਹੋਵੇ ਤਾਂ ਉਹ ਵੀ ਭਾਰਤ ਦੀ ਨਾਗਰਿਕਤਾ ਲੈਣ ਲਈ ਚਾਰਾਜੋਈ ਆਰੰਭਣ।

Comment here